ਬਾਦਸ਼ਾਹ ਦਰਵੇਸ਼, ਮਾਨਵਤਾ ਦੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੂਹਾਨੀ ਪ੍ਰਤਿਭਾ ਨੂੰ ਬਿਆਨ ਕਰਨਾ ਅਕੱਥ ਨੂੰ ਕਥਨ ਕਰਨ ਦੇ ਤੁੱਲ ਹੈ। ਦਿਬ-ਦੈਵੀ ਸ਼ਖ਼ਸੀਅਤਾਂ ਦੇ ਦਰਸ਼ਨ ਸੰਸਾਰਕ ਅੱਖਾਂ ਨਾਲ ਨਹੀਂ ਕੀਤੇ ਜਾ ਸਕਦੇ, ਨਾ ਹੀ ਉਨ੍ਹਾਂ ਨੂੰ ਪ੍ਰਚਲਤ ਸੰਸਾਰਕ ਸ਼ਬਦਾਵਲੀ ’ਚ ਬਿਆਨ ਕੀਤਾ ਜਾ ਸਕਦਾ ਹੈ। ਮਹਾਕਵੀ ਸੰਤੋਖ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਬਾਰੇ ਲਿਖਦੇ ਹਨ - ‘‘ਦੁਰਨਰਿੱਖ ਦਰਸ਼ਨ ਸਤਿਗੁਰ ਕੇ॥’’

ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਗੁਰਦਾਸ ਦੂਜਾ ‘‘ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ’’ ਅਤੇ ਸਰਬ ਲੋਹ ਗ੍ਰੰਥ ਵਿਚ ਖ਼ਾਲਸਾ ਪੰਥ ਬਾਰੇ ‘‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’’ ਅਤੇ ਸ਼ਬਦ-ਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤਿ ਨੂੰ ‘‘ਪ੍ਰਗਟ ਗੁਰਾਂ ਕੀ ਦੇਹਿ’’ ਦੇ ਰੂਪ ’ਚ ਬਿਆਨ ਕੀਤਾ ਗਿਆ ਹੈ, ਜਿਸ ਨੂੰ ‘‘ਸਭ ਸਿਖਨ ਕੋ ਹੁਕਮ ਹੈ’’ ਦੇ ਰੂਪ ’ਚ ਮੰਨਿਆ ਜਾਂਦਾ ਹੈ। ਅਸੀਂ ਗੁਰੂ ਸਾਹਿਬਾਨ ਬਾਰੇ ਜੋ ਬਿਆਨ ਕਰਨ ਦਾ ਯਤਨ ਕਰਦੇ ਹਾਂ ਉਹ ਸਥੂਲ-ਸਰੀਰ ਦਾ ਬਿਆਨ ਹੁੰਦਾ ਹੈ, ਅਦਿਖ ਗੁਰੂ-ਜੋਤਿ ਦਾ ਨਹੀਂ। ਇਸ ਤੋਂ ਸਪਸ਼ਟ ਹੈ ਕਿ ਗੁਰੂ-ਜੋਤਿ ਪ੍ਰਕਾਸ਼ਮਾਨ ਤੇ ਜਨਮ-ਮਰਨ ਤੋਂ ਰਹਿਤ ਹੈ। ਗੁਰਬਾਣੀ ਸਪਸ਼ਟ ਕਰਦੀ ਹੈ :

ਗੋਬਿੰਦ ਲੋਕ ਨਹੀ ਜਨਮਿ ਮਰਹਿ॥ (211)

‘ਰਾਇ’ ਸ਼ਬਦ ਦੇ ਅਰਥ - ਸੰਗਯਾ ਦੇ ਰੂਪ ’ਚ ਰਾਜਾ, ਅਮੀਰ, ਮਾਲਕ, ਪ੍ਰਭੂ, ਵਾਹਿਗੁਰੂ, ਕਰਤਾਰ, ਪਾਰਬ੍ਰਹਮ ਹਨ। ਗੁਰਬਾਣੀ ਦਾ ਪਾਵਨ ਉਪਦੇਸ਼ ਹੈ :

- ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿੰਦ ਰਾਇ॥ (255)

- ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿੰਦ ਰਾਇ॥ (256)

‘ਗੋਬਿੰਦ ਰਾਇ’ ਦੇ ਅਗੇਤਰ-ਪਿਛੇਤਰ ਵਿਸ਼ੇਸ਼ਣ ਜਿੰਨੇ ਮਰਜ਼ੀ ਸ਼ਰਧਾ ਭਾਵਨਾ ਵਾਲੇ ਲਗਾ ਦੇਈਏ, ਆਪਣੇ ਮਨ ਦੀ ਤਸੱਲੀ ਹੋ ਜਾਵੇਗੀ ਪਰ ‘ਗੋਬਿੰਦ’ ਦੇ ਗੁਣਾਂ ਦਾ ਗਾਇਨ, ਅਕਥ ਕਥਾ ਕਥੀ ਨ ਜਾਇ ਦੀ ਅਵਸਥਾ ਹੈ। ਗੋਬਿੰਦ ਸ਼ਬਦ ਦਾ ਕੋਈ ਬਦਲ ਨਹੀਂ।

ਦਸਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨੇ ਦੀ ਧਰਤੀ ’ਤੇ ਪ੍ਰਗਟ ਹੋਏ :

- ਤਹੀ ਪ੍ਰਕਾਸ ਹਮਾਰਾ ਭਯੋ॥ਪਟਨਾ ਸਹਰ ਬਿਖੈ ਭਵ ਲਯੋ॥ (ਬਚਿਤ੍ਰ ਨਾਟਕ)

ਗੁਰੂ ਸਰਬਕਾਲੀ, ਸਰਬਪੱਖੀ, ਸਰਬਗੁਣ ਸੰਪੰਨ, ਸਮੇਂ-ਸਥਾਨ ਦੀਆਂ ਸੀਮਾਵਾਂ ਤੋਂ ਸੁਤੰਤਰ ਹੁੰਦਾ ਹੈ। ਗੁਰੂ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਬ੍ਰਹਿਮੰਡੀ ਸੂਰਜ ਹੁੰਦਾ ਹੈ। ਇਨ੍ਹਾਂ ਅਰਥਾਂ ਵਿਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਧਰਮ, ਜਾਤੀ, ਕੌਮ, ਖੇਤਰ ਤਕ ਸੀਮਤ ਨਹੀਂ, ਉਹ ਸਮੁੱਚੀ ਮਾਨਵਤਾ ਦੇ ਗੁਰੂ ਹਨ।

ਸਾਈਂ ਭੀਖਣ ਸ਼ਾਹ ਨੇ ਲੋਕਾਈ ਨੂੰ ਪ੍ਰਤੱਖ ਕਰਨ ਲਈ ਪੂਰਬ ਵੱਲ ਸਿਜਦਾ ਕੀਤਾ, ਪਟਨੇ ਸ਼ਹਿਰ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਕੇ ਸਪਸ਼ਟ ਕੀਤਾ ਕਿ ਗੁਰਦੇਵ-ਪਿਤਾ ਧਰਮ, ਜਾਤੀ ਜਾਂ ਖੇਤਰ ਨਾਲ ਸਬੰਧਤ ਨਹੀਂ ਸਗੋਂ ਮਨੁੱਖਤਾ ਨੂੰ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਸੰਦੇਸ਼ ਦੇਣ ਆਏ ਹਨ। ਫ਼ਤਹਿ ਚੰਦ ਮੈਣੀ, ਸ਼ਿਵ ਦੱਤ ਦੇ ਸ਼ੰਕਿਆਂ ਨੂੰ ਨਿਵਿਰਤ ਕਰ ਸ਼ਸਤਰ ਤੇ ਸ਼ਾਸਤਰ ਦੀ ਮੁੱਢਲੀ ਵਿੱਦਿਆ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਏ।

ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਚਾਰੇ ਸਾਹਿਬਜ਼ਾਦੇ ਅਗੰਮੀ ਕੌਤਕ ਕਰਦੇ ਹਨ। ਮਾਤਾ ਜੀਤੋ ਜੀ ਦਾ ਅਕਾਲ ਚਲਾਣਾ ਇਥੇ ਹੀ ਹੁੰਦਾ ਹੈ। ਪੰਡਿਤ ਕਿਰਪਾ ਰਾਮ ਆਪਣੇ ਧਰਮ ਦੀ ਰਾਖੀ ਲਈ ਬੇਨਤੀ ਕਰਦੇ ਹਨ, ਜਿਸ ਨੂੰ ਦਸਮ ਪਾਤਸ਼ਾਹ ਪ੍ਰਵਾਨ ਚੜ੍ਹਾਉਂਦੇ ਹਨ। ਨੌਂ ਸਾਲ ਦੀ ਉਮਰ ’ਚ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਹੋਂਦ ਬਚਾਉਣ ਲਈ ਸ਼ਹਾਦਤ ਵਾਸਤੇ ਤੋਰਨਾ, ਸਵੈ-ਵਿਸ਼ਵਾਸ, ਸਿਦਕ ਭਰੋਸੇ ਦਾ ਸਿਖ਼ਰ ਸੀ। ਭਾਈ ਜੈਤਾ ਜੀ ਤੋਂ ਸ਼ਹੀਦ ਗੁਰੂ-ਪਿਤਾ ਦਾ ਪਾਵਨ ਸੀਸ ਪ੍ਰਾਪਤ ਕਰ, ਪਿਆਰੇ-ਗੁਰਸਿੱਖ ਨੂੰ ਗਲਵਕੜੀ ’ਚ ਲੈ ਕੇ ਬਖ਼ਸ਼ਿਸ਼ ਕਰਦੇ ਹਨ- ‘ਰੰਘਰੇਟੇ ਗੁਰੂ ਕੇ ਬੇਟੇ।’ ਮਾਖੋਵਾਲ ਚੱਕ ਨਾਨਕੀ ਦੀ ਛੋਟੀ ਜਿਹੀ ਨਗਰੀ ਨੂੰ ਬ੍ਰਹਿਮੰਡੀ ਖ਼ਾਲਸੇ ਦੇ ਪ੍ਰਗਟ ਅਸਥਾਨ ਦੇ ਰੂਪ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਜੋਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਹੋਈ। ਧਰਮ ਯੁੱਧ ਦੀ ਤਿਆਰੀ ਲਈ ਕਿਲ੍ਹੇ ਉਸਾਰੇ ਗਏ।

ਸਾਹ-ਸਤਹੀਨ ਹੋਏ ਭਾਰਤੀਆਂ ਤੇ ਨਿਤਾਣੇ ਲੋਕਾਂ ਅੰਦਰ ਸ਼ਕਤੀ ਪੈਦਾ ਕਰਨ ਲਈ ਗੁਰੂ ਜੀ ਨੇ ਕੇਸਗੜ੍ਹ ਦੀਆਂ ਪਹਾੜੀਆਂ ’ਤੇ ਕੇਸਰੀ ਪਰਚਮ ਝੁਲਾਏ, ਰਣਜੀਤ ਨਗਾਰੇ ’ਤੇ ਚੋਟਾਂ ਲਗਵਾਈਆਂ। ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਲਈ ਮਸਨੂਈ ਜੰਗਾਂ-ਯੁੱਧਾਂ, ਫ਼ਤਹਿ ਦੇ ਜੈਕਾਰਿਆਂ ਨਾਲ ਧਰਮ ਯੁੱਧ ਦਾ ਚਾਉ ਤੇ ਹੁਲਾਸ ਪੈਦਾ ਕੀਤਾ। ਇਹ ਸਭ ਕੁਝ ਸਦੀਆਂ ਤੋਂ ਭਾਰਤੀਆਂ ਲਈ ਵਰਜਿਤ ਸੀ। ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਬੁਜ਼ਦਿਲਾਂ ਅੰਦਰ ਬਹਾਦਰੀ ਪੈਦਾ ਕਰਨ ਲਈ ਬੀਰ-ਰਸੀ ਸਾਹਿਤ ਸਿਰਜਣਾ ਕੀਤੀ ਤੇ ਕਰਵਾਈ। ਗੁਰੂ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸ਼ਸਤਰਾਂ ਦੇ ਪੁਜਾਰੀ, ਸੁਤੰਤਰਤਾ, ਸਵੈਮਾਣ ਦੀ ਸ਼ਕਤੀ ਨਾਲ ਮਾਲਾ-ਮਾਲ ਸਿੰਘਾਂ ਨੇ ਸਰੂਪ ਤੇ ਸ਼ਖ਼ਸੀ ਪੂਜਾ ਨੂੰ ਮੁਕੰਮਲ ਤੌਕ ’ਤੇ ਨਕਾਰ ਦਿੱਤਾ। ਕਥਿਤ ਸ਼ੂਦਰਾਂ ਨੂੰ ਸਮਾਜਿਕ ਬਰਾਬਰੀ ਦਾ ਅਧਿਕਾਰ ਨਹੀਂ ਸੀ, ਉਨ੍ਹਾਂ ਨੂੰ ਸਤਿਗੁਰਾਂ ਨੇ ਸਿੱਖ ਸ਼ਹਿਨਸ਼ਾਹ ਬਣਾਇਆ। ਸ੍ਰੀ ਦਸਮ ਗ੍ਰੰਥ ’ਚ ਦਰਜ ਹੈ :

ਜੁੱਧ ਜਿਤੇ ਇਨਹੀ ਕੇ ਪ੍ਰਸਾਦਿ

ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥

ਇਨਹੀ ਕੀ ਿਪਾ ਕੇ ਸਜੇ ਹਮ ਹੈ

ਨਹੀ ਮੋ ਸੋ ਗਰੀਬ ਕਰੋਰ ਪਰੇ॥

ਅਨੰਦਪੁਰ ਸਾਹਿਬ ਤੋਂ ਗੁਰਦੇਵ ਪਿਤਾ ਸ਼ਹਿਰ ਪਾਂਵਟੇ ਦੀ ਸੁਧ ਲੈਂਦੇ ਹਨ। ਰੁਝੇਵਿਆਂ, ਯੁੱਧਾਂ, ਕਸ਼ਟਾਂ ਦੇ ਸਮੇਂ ਵੀ ਕਾਵਿ-ਰਚਨਾ ਕਰਦੇ ਰਹੇ। ਬਵੰਜਾ ਕਵੀਆਂ ਦੀ ਸ਼ਾਹਦੀ ਬਹੁਤ ਸਾਰੇ ਇਤਿਹਾਸਕ ਹਵਾਲੇ ਭਰਦੇ ਹਨ। ਗੁਰੂ ਦਰਬਾਰ ਵਿਚ ਵੱਡੀ ਗਿਣਤੀ ’ਚ ਵਿਦਵਾਨ, ਕਵੀ, ਲਿਖਾਰੀ, ਮੁਨਸ਼ੀ, ਮੁਸੱਦੀ ਤੇ ਹੋਰ ਸਿੱਖ ਸੇਵਾਦਾਰ ਸਨ। ਦੇਹਰਾ, ਮਸੀਤ ਨੂੰ ਵੱਖ-ਵੱਖ ਧਰਮ ਮੰਦਰ ਮੰਨਣ ਵਾਲੇ, ਪੁਰਾਨ-ਕੁਰਾਨ ਦੇ ਸੰਦੇਸ਼ ’ਤੇ ਅਮਲ ਕਰਨ ਵਾਲੇ ਉਨ੍ਹਾਂ ਦੇ ਸ਼ਰਧਾਲੂ, ਸੇਵਕ, ਮੁਰੀਦ ਤੇ ਸ਼ਹੀਦ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਤੇਗ਼ਾਂ ਨਾਲ ਕਲਮਾਂ ਘੜੀਆਂ, ਜਿਨ੍ਹਾਂ ਐਸਾ ਬੀਰ ਰਸ ਸਾਹਿਤ ਪੈਦਾ ਕੀਤਾ, ਜਿਸ ਨੇ ਬੁਜ਼ਦਿਲਾਂ ਤੇ ਕਾਇਰਾਂ ਅੰਦਰ ਬਹਾਦਰੀ ਦੇ ਬੀਜ ਬੋਏ ਕਿ ਸਵਾ-ਸਵਾ ਲੱਖ ਨਾਲ ਇਕੱਲੇ ਲੜ ਗਏ।

ਪਾਉਂਟਾ ਸਾਹਿਬ ਦੀ ਧਰਤੀ ’ਤੇ ਨਿਵਾਸ ਕਰਦਿਆਂ ਭੰਗਾਣੀ ਦੇ ਯੁੱਧ ’ਚ ਜਿੱਤ ਪ੍ਰਾਪਤ ਕਰ ਕੇ ‘ਭਈ ਜੀਤ ਮੇਰੀ ਿਪਾ ਕਾਲ ਕੇਰੀ’ ਦਾ ਨਾਅਰਾ ਬੁਲੰਦ ਕੀਤਾ। ਇਸਲਾਮਿਕ ਅਸੂਲਾਂ ਦੇ ਧਾਰਨੀ ਪੀਰ ਬੁੱਧੂ ਸ਼ਾਹ ਵੱਲੋਂ ਆਪਣੇ ਸਪੁੱਤਰ, ਮੁਰੀਦ ਗੁਰੂ ਜੀ ਤੋਂ ਕੁਰਬਾਨ ਕਰਨੇ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। ਕਲਗੀਧਰ ਦੇ ਸ਼ਸਤਰ ਦੀਨ-ਦੁਖੀ ਦੀ ਰੱਖਿਆ ਅਤੇ ਜਾਬਰਾਂ ਵਾਸਤੇ ਕਾਲ ਸਨ। ਜੋ ਸਰਨ ਆਉਂਦਾ ਉਸ ਨੂੰ ਗਲੇ ਨਾਲ ਲਗਾਉਂਦੇ ਸਨ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ’ਤੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖੰਡੇ ਦੀ ਧਾਰ ’ਚੇ ਚੱਲਣ ਵਾਲੀ ਖੜਗਧਾਰੀ ਕੌਮ ਸਿਰਜੀ। ਫਿਰ ਆਪ ਉਨ੍ਹਾਂ ਪਾਸੋਂ ਅੰਮਿ੍ਰਤ ਦੀ ਦਾਤ ਪ੍ਰਾਪਤ ਕਰ

ਪੰਥ ਨੂੰ ਗੁਰੂ-ਪੰਥ ਦੀ ਸਰਬਉੱਚ ਪਦਵੀ ਪ੍ਰਦਾਨ ਕੀਤੀ। ਭਰਮ ਭੇਖ ਤੋਂ ਨਿਆਰੇ ਖ਼ਾਲਸੇ ਨੂੰ ਗੁਰਦੇਵ ਆਪਣਾ ਗੁਰੂ ਤਸੱਵਰ ਕਰਦੇ ਹਨ :

- ਖਾਲਸਾ ਖਾਸ ਕਹਾਏ ਸੋਈ, ਜਾ ਕੇ ਹਿਰਦੇ ਭਰਮ ਨ ਹੋਈ।

ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ, ਸਤਿਗੁਰੂ ਹਮਾਰਾ। (ਗੁਰ ਸੋਭਾ)

ਗ਼ੁਲਾਮ ਮਾਨਸਿਕਤਾਂ ਦੀ ਥਾਂ ਸਵੈ-ਵਿਸ਼ਵਾਸ, ਭਰੋਸੇ, ਸੁਤੰਤਰਤ ਸੋਚ, ਵਿਲੱਖਣ ਪਛਾਣ ਤੇ ਜਾਗਦੀ ਜ਼ਮੀਰ ਵਾਲੇ ਬਾਣੀ-ਬਾਣੇ ਦੇ ਧਾਰਨੀ ਸਿੰਘਾਂ (ਸ਼ੇਰਾਂ) ਦਾ ਪੰਥ ਪ੍ਰਗਟ ਕੀਤਾ। ਸ. ਰਤਨ ਸਿੰਘ ਭੰਗੂ ਦੇ ਸ਼ਬਦ ਹਨ :

ਕਿਸ ਹੂੰ ਕੀ ਇਹ ਕਾਣ ਨ ਧਰਹੈਂ।

ਰਾਜ ਕਰੈਂ ਇਕੈ ਲਰ ਮਰਹੈਂ।

ਲੈਨਿਨ ਨੇ ਜੋ ਸਮਾਜਵਾਦ ਰੂਸ ਵਿਚ 1917 ਈਸਵੀ ’ਚ ਸਥਾਪਤ ਕੀਤਾ, ਉਸ ਦੇ ਬੀਜ 218 ਸਾਲ ਪਹਿਲਾਂ ਗੁਰੂ ਸਾਹਿਬ ਨੇ ਅਨੰਦਪੁਰ ਦੀ ਧਰਤੀ ’ਤੇ ਬੀਜੇ ਸਨ। ਇਸ ਦੀ ਗਵਾਹੀ ਸੰਸਾਰ ਪ੍ਰਸਿੱਧ ਇਤਿਹਾਸਕਾਰ ਆਰਨੋਲਡ ਟਾਇਨਬੀ ਨੇ ਆਪਣੇ ਗ੍ਰੰਥ ‘ਹਿਸਟਰੀ ਆਫ ਦਿ ਵਰਲਡ’ ਵਿਚ ਦਿੱਤੀ ਹੈ ਕਿ ਲੈਨਿਨ ਦੀ ਕਮਿਊਨਿਸਟ ਪਾਰਟੀ ਦਾ ਪੂਰਵਜ ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਹੈ ਅਤੇ ਇਹ ਪਾਰਟੀ ਸਵੈ-ਉਤਪਤੀ ਦੀ ਪਦਵੀ ਦੀ ਅਧਿਕਾਰੀ ਨਹੀਂ।

ਗੁਰੂ ਸਾਹਿਬ ਨੇ ਸੰਸਾਰ ’ਚ ਇਹ ਸਥਾਪਿਤ ਤੇ ਸਾਬਤ ਕੀਤਾ ਕਿ ਹਲਤ-ਪਲਚ ਸੰਵਾਰਨ ਲਈ ਮੀਰੀ-ਪੀਰੀ, ਭਗਤੀ-ਸ਼ਕਤੀ, ਗਿਆਨ ਤੇ ਸੱਤਾ ਦਾ ਸੁਮੇਲ ਜ਼ਰੂਰੀ ਹੈ। ਖ਼ਾਲਸਾ ਪੰਥ ਨੂੰ ਪ੍ਰਗਟ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਕਰਾਮਾਤ ਸੀ, ਜਿਸ ਕਰਕੇ ਗ਼ਰੀਬ ਸਿੱਖਨ ਨੂੰ ਪਾਤਸ਼ਾਹੀ ਪ੍ਰਾਪਤ ਹੋਈ। ਵਹਿਮਾਂ-ਭਰਮਾਂ ਦਾ ਨਾਸ਼ ਕਰਨ ਵਾਸਤੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਊਚ-ਨੀਚ, ਅਮੀਰ-ਗ਼ਰੀਬ, ਚੇਲੇ-ਗੁਰੂ ਦੀ ਇਕਸਾਰਤਾ ਤੇ ਇਕਸੁਰਤਾ ਕਾਇਮ ਕੀਤੀ।

ਘਰ-ਘਰ ਦੇਵੀ-ਦੇਵਤਿਆਂ, ਵੱਖ-ਵੱਖ ਰੂਪਾਂ ’ਚ ਮੰਨਣ ਵਾਲੀ ਗ਼ੁਲਾਮੀ ਦੀ ਆਦੀ ਹੋ ਚੁੱਕੀ ਭਾਰਤੀ ਲੋਕਾਈ ਵਿਚ ਦੈਵੀ ਏਕਤਾ, ਮਨੁੱਖੀ ਸਮਾਨਤਾ ਦਾ ਬੀਜ ਵੀ ਗੁਰੂ ਜੀ ਨੇ ਹੀ ਬੀਜਿਆ। ਅਵਤਾਰਵਾਦ ਦਾ ਖੰਡਨ ਕਰਦਿਆਂ ਗੁਰਦੇਵ ਪਿਤਾ ਨੇ ਸਪਸ਼ਟ ਕੀਤਾ :

ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥ (ਬੇਨਤੀ ਚੌਪਈ)

ਗੁਰੂ ਗੋਬਿੰਦ ਸਿੰਘ ਜੀ ਨੇ ਭਰਮ, ਭੇਖ, ਪਾਖੰਡ ਦਾ ਖੰਡਨ ਕੀਤਾ। ਜਿਸ ਦੇਸ਼ ’ਚ ਮੰਦਰ ਢਾਹੇ ਜਾ ਰਹੇ ਸਨ ਤੇ ਮਸਜਿਦਾਂ ਉਸਾਰੀਆਂ ਜਾ ਰਹੀਆਂ ਸਨ, ਮੂਰਤੀਆਂ ਦੇ ਵੱਟੇ ਬਣਾ ਕੇ ਮਾਸ ਤੋਲਣ ਲਈ ਵਰਤੀਆਂ ਜਾ ਰਹੀਆਂ ਸਨ, ਘੋੜ ਸਵਾਰੀ, ਦਸਤਾਰ ਦੀ ਮਨਾਹੀ ਸੀ, ਉਸ ਸਮੇਂ ਮੰਦਰ-ਮਸੀਤ ਨੂੰ ਇਕ ਕਹਿਣਾ, ਪੂਜਾ ਤੇ ਨਿਮਾਜ਼ ਨੂੰ ਇਕ ਮੰਨਣਾ ਕਰਾਮਾਤ ਤੋਂ ਘੱਟ ਨਹੀਂ। ਅਕਾਲ ਪੁਰਖ ਨੂੰ ਇਕ ਮੰਨਣ-ਮੰਨਵਾਉਣ ਵਾਲੇ ਮਾਨਵਤਾ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਬ੍ਰਹਿਮੰਡੀ ਦਿ੍ਰਸ਼ਟੀ ਦੇ ‘ਅਕਾਲ ਉਸਤਤਿ’ ’ਚੋਂ ਦਰਸ਼ਨ-ਦੀਦਾਰ ਇੰਜ ਹੁੰਦੇ ਹਨ :

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥

ਮਜ਼ਹਬਾਂ, ਦੇਸ਼ਾਂ, ਜਾਤਾਂ-ਪਾਤਾਂ, ਰੰਗਾਂ, ਨਸਲਾਂ ਦੇ ਬੇਸ਼ੁਮਾਰ ਝਗੜਿਆਂ ਨੂੰ ਨਕਾਰਦਿਆਂ-ਨਬੇੜਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵਤਾ ਦੇ ਗੁਰੂ ਰੂਪ ’ਚ ਸਦੀਵੀ ਸੰਦੇਸ਼ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਰਾਹੀਂ ਦਿ੍ਰੜ ਕਰਵਾਇਆ। ਸਮਾਜਿਕ ਨਾ-ਬਰਾਬਰੀ, ਜਾਤਾਂ-ਪਾਤਾਂ, ਵਹਿਮਾਂ-ਭਰਮਾਂ ਦਾ ਖੰਡਨ ਕਰਨ ਵਾਸਤੇ ਸਮਾਜਿਕ ਚੇਤਨਾ, ਸਮਾਜਿਕ ਕੁਰੀਤੀਆਂ ਨੂੰ ਖ਼ਾਲਸੇ ਦੇ ਰੂਪ ’ਚ ਖ਼ਤਮ ਕੀਤਾ। ‘ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ’ ਕਹਿਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਾਰਾ ਸਮਾਂ ਧਰਮ ਯੁੱਧਾਂ ਵਿਚ ਬੀਤਿਆ। ਇਕ ਵੀ ਯੁੱਧ ਜ਼ਰ, ਜ਼ੋਰੂ ਤੇ ਜ਼ਮੀਨ ਵਾਸਤੇ ਨਹੀਂ ਲੜਿਆ ਗਿਆ। ਨੀਲੇ ਦੇ ਸ਼ਾਹ ਸਵਾਰ, ਤਾਜ, ਬਾਜ਼, ਸ਼ਸਤਰਾਂ ਦੇ ਧਾਰਨੀ ਦਸਮੇਸ਼ ਪਿਤਾ ਨੇ ‘ਨਾ ਸਾਜੋ ਨਾ ਬਾਜੋ’ ਦੀ ਅਵਸਥਾ ’ਚ ਵੀ ਔਰੰਗਜ਼ੇਬ ਦੀ ਮਰ ਚੁੱਕੀ ਜ਼ਮੀਰ ਨੂੰ ਜਗਾਉਣ ਵਾਸਤੇ ਅਦੁੱਤੀ ਤੇ ਅਨੋਖੀ ਜ਼ੁਰਅਤ ਵਿਖਾਈ। ਸ਼ਹਿਨਸ਼ਾਹ ਔਰੰਗਜ਼ੇਬ ਨੂੰ ਉਸ ਦੀ ਅਸਲੀਅਤ ਤੋਂ ਜਾਣੂ ਕਰਵਾਉਂਦਿਆਂ ਤਾੜਨਾ ਕਰਦੇ ਹਨ ਕਿ ਸੰਸਾਰੀ ਤੌਰ ’ਤੇ ਤੂੰ ਬਾਦਸ਼ਾਹ ਤਾਂ ਹੈਂ ਪਰ ਸੱਚਾਈ ਅਤੇ ਇਨਸਾਫ਼ ਤੋਂ ਕੋਹਾਂ ਦੂਰ ਹੈਂ। ਤੈਨੂੰ ਨਾ ਅੱਲ੍ਹਾ ਤਾਅਲਾ ’ਤੇ ਅਤੇ ਨਾ ਹੀ ਹਜ਼ਰਤ ਮੁਹੰਮਦ ’ਤੇ ਯਕੀਨ ਹੈ :

ਸ਼ਹਿਨਸ਼ਾਹਿ ਔਰੰਗਜ਼ੇਬ ਆਲਮੀਂ॥

ਕਿ ਦਾਰਾਇ ਦੌਰ ਅਸਤੁ ਦੂਰ ਅਸਤ ਦੀਂ॥

ਨ ਸਾਹਿਬ ਸ਼ਨਾਸੀ ਨ ਮਹੰਮਦ ਯਕੀਂ॥ (ਜ਼ਫ਼ਰਨਾਮਾ)

ਚਮਕੌਰ ਦੀ ਕੱਚੀ ਗੜ੍ਹੀ ’ਚ ਹਮਸ਼ਕਲ ਸੂਰਮੇ ਭਾਈ ਸੰਗਤ ਸਿੰਘ ਜੀ ਦੇ ਸੀਸ ’ਤੇ ਕਲਗੀ ਸਜਾਉਂਦੇ ਹਨ। ਯੁੱਧ ਦੇ ਮੈਦਾਨ ਵਿਚ ਵੀ ‘ਸਭੇ ਸਾਝੀਵਾਲ ਸਦਾਇਨ’ ਦਾ ਉਪਦੇਸ਼ ਦਿ੍ਰੜ ਕਰਵਾਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਵਹਾਰਕ ਤੌਰ ’ਤੇ ਵੀ ਵਿਲੱਖਣ ਧਾਰਮਿਕ ਆਗੂ ਹਨ, ਜੋ ਯੁੱਧ ਦੇ ਮੈਦਾਨ ਵਿਚ ਆਸਾ ਕੀ ਵਾਰ ਦਾ ਕੀਰਤਨ ਕਰ ਸਕਦੇ ਹਨ। ਫਿਰ ਵੀ ਅਡੋਲਤਾ ਤੱਕੋ ਪਾਵਨ-ਪਵਿੱਤਰ ਇਤਿਹਾਸਕ ਪਿਆਰੀ ਅਨੰਦਪੁਰੀ ਨੂੰ ਛੱਡਣਾ, ਸਿਰਸਾ ਨਦੀ ’ਤੇ ਪਏ ਵਿਛੋੜੇ ਦੇ ਦਰਦ, ਚਮਕੌਰ ਦੇ ਅਸਾਵੇਂ ਯੁੱਧ ’ਚ ਪੁੱਤਰਾਂ ਤੋਂ ਪਿਆਰੇ ਤਿੰਨ ਪਿਆਰਿਆਂ, ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਲਾਡਲੇ ਸਿੰਘਾਂ ਦਾ ਸਦੀਵੀ ਵਿਛੋੜਾ, ਮਾਛੀਵਾੜੇ ਦੀ ਧਰਤੀ ’ਤੇ ਸ਼ਾਹਾਂ ਦਾ ਸੁਲਤਾਨ ਕੰਡਿਆਲੀ ਧਰਤੀ ਨੂੰ ਸੱਥਰ ਬਣਾਉਣ ਉਪਰੰਤ ਵੀ ‘ਮਿੱਤ੍ਰ ਪਿਆਰੇ’ ਨੂੰ ਯਾਦ ਕਰ ਉਚਾਰਣ ਕਰਦੇ ਹਨ - ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ’, ਇਹ ਅਵਸਥਾ ਹੈ ‘ਮੁੱਖ ਤੇ ਹਰਿ ਚਿਤ ਮੈ ਜੁਧ ਬਿਚਾਰੈ।’ ਕਦੇ ਵੀ ਅਕਾਲ ਪੁਰਖ ਨੂੰ ਉਹ ਸ਼ਿਕਵਾ-ਸ਼ਿਕਾਇਤ ਨਹੀਂ ਕਰਦੇ।

ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਨੰਦ ਲਾਲ ਸਪਸ਼ਟ ਕਰਦੇ ਹਨ ਕਿ ਉਹ ਅਬਿਨਾਸ਼ੀ ਤਖ਼ਤ ’ਤੇ ਬਿਰਾਜਮਾਨ ਸਰਬਪੱਖੀ ਸ਼ਖ਼ਸੀਅਤ ਦੇ ਮਾਲਕ ਹਨ, ਜਿਨ੍ਹਾਂ ਦੀਆਂ ਸਿੱਖਿਆਵਾਂ ਦਾ ਵਰਤਾਰਾ ਨੌਂ ਤਬਕਾਂ ਵਿਚ ਵਰਤਦਾ ਹੈ। ਤਿੰਨਾਂ ਲੋਕਾਂ, ਸਭ ਦਿਸ਼ਾਵਾਂ ਦੇ ਲੋਕ ਉਨ੍ਹਾਂ ਦੇ ਦਰਸ਼ਨਾਂ ਨੂੰ ਤਰਸਦੇ ਹਨ। ਲੱਖਾਂ ਈਸ਼ਰ, ਬ੍ਰਹਮਾ, ਅਰਸ਼-ਕੁਰਸ਼ ਉਸ ਦੀ ਸ਼ਰਨ ਵਿਚ ਆਉਣਾ ਲੋਚਦੇ ਹਨ। ਅਣਗਿਣਤ ਧਰਤ-ਆਕਾਸ਼ ਉਨ੍ਹਾਂ ਦੇ ਗ਼ੁਲਾਮ ਹਨ, ਹਜ਼ਾਰਾਂ ਚੰਨ-ਸੂਰਜ ਉਨ੍ਹਾਂ ਦਾ ਸਿਰੋਪਾਓ ਪਹਿਨਣਹਾਰੇ ਹਨ :

ਕਸਤਰੀ ਜ਼ਿ ਸਮਾਨਿ ਗੁਰੂ

ਗੋਬਿੰਦ ਸਿੰਘ॥

ਰੋਜ਼ਾ ਦੀਨ ਖਾਸਿ ਗੁਰੂ ਗੋਬਿੰਦ ਸਿੰਘ॥

ਲਾਅਲ ਸਮੇਂ ਗੁਲਾਮਿ ਗੁਰੂ

ਗੋਬਿੰਦ ਸਿੰਘ॥

ਸਮਕਾਲੀ ਵਿਦਵਾਨ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਿਆਨ ਕਰਨ ਤੋ ਅਸਮਰਥਾ ਪ੍ਰਗਟ ਕਰਦੇ ਹਨ। ਬਾਦਸ਼ਾਹ-ਦਰਵੇਸ਼ ਹੱਕ-ਹੱਕ ਆਦੇਸ਼, ਸ਼ਹਿਨਸ਼ਾਹ ਕਹਿ ਕੇ ਸਤਿਕਾਰ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਇਕ ਵਾਲ ਤੋਂ ਦੋ ਜਹਾਨ ਕੁਰਬਾਨ ਕਰਨ ਨੂੰ ਉਤਾਵਲੇ ਹਨ :

ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰਿਮਾ,

ਹਰ ਦੋ ਆਲਮ, ਕੀਮਤੇ ਬਨ ਤਾਰ

ਮੂਏ ਯਾਰਿਮਾ॥

ਗੁਰੂ ਸਾਹਿਬ ਆਪਣੇ ਸੱਚੇ ਸੁੱਚੇ, ਸੇਵਾ-ਸਿਮਰਨ, ਸੰਤੋਖ, ਸਹਿਜ ਦੇ ਧਾਰਨੀ ਸਿੱਖਾਂ ਵਾਸਤੇ ਪਰਿਵਾਰ ਨੂੰ ਵਾਰਦੇ ਹਨ। ਭਾਈ ਨੰਦ ਲਾਲ ਜੀ ਵਰਗੇ ਸਾਹਿਤਕਾਰ, ਭਾਈ ਘਨੱਈਆ ਵਰਗੀਆਂ ਸੇਵਾ-ਸਿਮਰਨ ਨੂੰ ਸਮਰਪਿਤ ਸ਼ਖ਼ਸੀਅਤਾਂ ਬਿਖੜੇ ਸਮੇਂ ਵੀ ਸਦੀਵੀ ਖਿੜਾਓ ਦਾ ਪ੍ਰਗਟਾਵਾ ਕਰਦੀਆਂ ਹਨ। ਘਨੱਈਆ ਜੀ ਜੰਗ ਵਿਚ ਦੋਸਤਾਂ-ਦੁਸ਼ਮਣਾਂ ਨੂੰ ਹੀ ਪਾਣੀ ਨਹੀਂ ਪਿਲਾਉਂਦੇ, ਉਹ ਹਰੇਕ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਤੱਕਦੇ ਹਨ। ਪੀਰ ਬੁੱਧੂ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਮੁਕਤੀ-ਦਾਤਾ ਮੰਨਦੇ ਹਨ, ਸ਼ਿਵਦੱਤ ਵਰਗੇ ਬ੍ਰਾਹਮਣ ਨੂੰ ਵੀ ਆਪ ’ਤੇ ਭਰੋਸਾ ਸੀ। ਨਿਹੰਗ ਖਾਂ, ਗ਼ਨੀ ਖਾਂ, ਨਬੀ ਖਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ੁਦਾ ਦਾ ਰੂਪ ਮੰਨਦੇ ਹਨ। ਮਾਈ ਭਾਗੋ ਐਵੇਂ ਹੀ ਨਹੀਂ ਬੁਜ਼ਦਿਲਾਂ ਨੂੰ ਬੀਰਤਾ-ਬਹਾਦਰੀ ਪ੍ਰਦਾਨ ਕਰਦੀ। ਭਾਈ ਬੀਰ ਸਿੰਘ-ਧੀਰ ਸਿੰਘ ਐਵੇਂ ਹੀ ਨਹੀਂ ਗੋਲੀ ਦਾ ਨਿਸ਼ਾਨਾ ਬਣਨ ਲਈ ਛਾਤੀ ਤਾਣਦੇ। ਧਰਮ ਬਦਲੀ ਦੀ ਜਬਰ-ਜ਼ੁਲਮ ਦੀ ਕਹਾਣੀ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਹੀ ਰੋਕਦੇ ਹਨ। ਸਾਈਂ ਬੁੱਲ੍ਹੇ ਸ਼ਾਹ ਦੇ ਸ਼ਬਦ ਹਨ :

ਨ ਕਹੋ ਅਬ ਕੀ ਨ ਕਹੋ ਤਬ ਕੀ

ਬਾਤ ਕਹੂੰ ਮੈਂ ਜਬ ਕੀ,

ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ

ਸੁੰਨਤ ਹੋਤੀ ਸਭ ਕੀ।

ਔਰੰਗਜ਼ੇਬ ਇਸਲਾਮੀ ਸੱਤਾ ਸਥਾਪਤ ਕਰਨੀ ਚਾਹੁੰਦਾ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਕੁਦਰਤੀ, ਧਰਮ, ਸਮਾਜ, ਰਾਜ ਦੀ ਵੰਨ-ਸੁਵੰਨਤਾ ਦੇ ਵਿਰੁੱਧ ਮੰਨਦੇ ਹਨ।

ਭਾਈ ਸੰਤੋਖ ਸਿੰਘ ਦੇ ਸ਼ਬਦਾਂ ’ਚ, ‘ਜੇਕਰ ਗੁਰੂ ਗੋਬਿੰਦ ਸਿੰਘ ਪ੍ਰਗਟ ਨਾ ਹੁੰਦੇ ਤਾਂ ਕੁਦਰਤੀ ਵੰਨ ਸੁਵੰਨਤਾ ਖ਼ਤਮ ਹੋ ਜਾਣੀ ਸੀ ਤੇ ਇਸਲਾਮਕ ਏਕਤਾ ਸਥਾਪਤ ਹੋਣੀ ਸੀ। ਇਸਲਾਮ ਦਾ ਬੋਲਬਾਲਾ ਹੋਣਾ ਸੀ। ਦੇਵੀ-ਦੇਵਤੇ, ਦੇਹਰੇ, ਮੰਦਰ ਖ਼ਤਮ ਹੋ ਜਾਣੇ ਸਨ ਤੇ ਧਰਤੀ ਤੋਂ ਵੇਦਾਂ-ਪੁਰਾਣਾਂ ਦੀ ਕਥਾ-ਵਿਚਾਰ ਮਿਟ ਜਾਣੀ ਸੀ। ਸਾਹਿਤਕ ਕਿਰਤਾਂ ਦਾ ਵੀ ਵਿਨਾਸ਼ ਹੁੰਦਾ ਜੇਕਰ ਿਪਾ ਨਿਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਪੈਦਾ ਨਾ ਹੁੰਦੇ।’’

ਗੁਰੂ ਸਾਹਿਬ ਨੇ ਸਾਹ-ਸਤਹੀਣ ਮੁਰਦਾ ਲੋਕਾਈ, ਜਿਨ੍ਹਾਂ ਨੇ ਸੁਪਨੇ ’ਚ ਵੀ ਕਦੇ ਸਰਦਾਰੀ-ਬਾਦਸ਼ਾਹੀ ਬਾਰੇ ਨਹੀਂ ਸੀ ਸੋਚਿਆ ਤੇ ਉਨ੍ਹਾਂ ਦੀਆਂ ਪੀੜ੍ਹੀਆਂ ਨੂੰ ਸਰਦਾਰੀਆਂ-ਬਾਦਸ਼ਾਹੀਆਂ ਨਾਲ ਨਿਵਾਜਿਆ। ਉਨ੍ਹਾਂ ਦੁਨਿਆਵੀ ਬਾਦਸ਼ਾਹੀ ਦੀ ਥਾਂ ਰੂਹਾਨੀ ਸਲਤਨਤ ਦੀ ਸਥਾਪਤੀ ਕੀਤੀ।

‘ਗੋਬਿੰਦ’ ਨੂੰ ਵਿਸਾਰਨਾ ਆਤਮਿਕ ਮੌਤ ਹੈ...

ਗੋਬਿੰਦ ਨਾਮ ’ਚ ਐਸੀ ਸ਼ਕਤੀ ਹੈ ਕਿ ਭਗਤ ਨਾਮਦੇਵ, ਜਿਸ ਨੂੰ ਅੱਧੀ ਦਮੜੀ ਦਾ ਨਹੀਂ ਸਨ ਮੰਨਦੇ, ਉਹੀ ਗੋਬਿੰਦ ਗੋਬਿੰਦ ਕਰਦਿਆਂ ‘ਗੋਬਿੰਦ’ ਰੂਪ ਹੋ ਲਖੀਣਾ, ਭਾਵ ਲੱਖਾਂ ਦਾ ਹੋ ਗਿਆ, ਅਮੋਲਕ-ਅਮਰ ਹੋ ਗਿਆ। ਲੋਕ ਉਸ ਦੇ ਨਾਮ ਨਾਲ ਜੁੜ ਗਏ। ਦੂਸਰੇ ਪਾਸੇ ਅਸੀਂ ਤੱਕਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਦਾ ‘ਗੋਬਿੰਦ’ ਸ਼ਬਦ ਉਸ ਹੀ ਨਿਰੰਕਾਰੀ ਜੋਤਿ ਦੇ ਅਰਥਾਂ, ਭਾਵਾਂ ਤੇ ਭਾਵਨਾ ’ਚੋਂ ਵਰਤਿਆ ਗਿਆ ਹੈ। ‘ਗੋਬਿੰਦ’ ਦੇ ਬਿਸਰਨ ਨਾਲ ਤਾਂ ਆਤਮਿਕ ਮੌਤ ਹੈ :

‘‘ਮਰਣੰ ਬਿਸਰਣੰ ਗੋਬਿੰਦਹ॥’’

- ਡਾ. ਰੂਪ ਸਿੰਘ

Posted By: Harjinder Sodhi