ਸਿੱਖਿਆ ਇਕ ਸੰਸਕਾਰ ਹੈ। ਇਹ ਸੰਸਕਾਰ ਵਿਅਕਤੀ ਦੇ ਸਮੁੱਚੇ ਵਿਕਾਸ ਨੂੰ ਨਿਰਧਾਰਤ ਕਰਦਾ ਹੈ। ਸਮਰੱਥ ਗੁਰੂ ਦੁਆਰਾ ਹੀ ਇਹ ਸੰਸਕਾਰ ਦਿੱਤਾ ਜਾਣਾ ਸੰਭਵ ਹੈ। ਗੁਰੂ ਦਾ ਮਨ ਹਰ ਪਲ ਆਪਣੀ ਖੋਜ ਵਿਚ ਲੱਗਾ ਰਹਿੰਦਾ ਹੈ ਅਤੇ ਉਸ ਦੇ ਨਤੀਜੇ ਸਹਾਰੇ ਖ਼ੁਦ ਦੇ ਨਾਲ-ਨਾਲ ਆਪਣੇ ਚੇਲਿਆਂ ਨੂੰ ਵੀ ਖ਼ੁਸ਼ਹਾਲ ਬਣਾਉਂਦਾ ਹੈ। ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਇਸ ਵਿਚ ਖ਼ੁਦ ਨੂੰ ਹਕੀਕੀ ਗਿਆਨ ਨਾਲ ਰੂਬਰੂ ਕਰਵਾਉਣਾ ਵੀ ਸ਼ਾਮਲ ਹੈ। ਉਸ ਦੇ ਬਿਨਾਂ ਸਭ ਫ਼ਜ਼ੂਲ ਹੀ ਹੈ। ਭਗਵਾਨ ਮਹਾਵੀਰ ਨੇ ਵੀ ਕਿਹਾ ਹੈ ਕਿ ਇਕ ਹੀ ਸ਼ਾਸਤਰ ਹੈ ਜੋ ਪੜ੍ਹਨ ਯੋਗ ਹੈ ਅਤੇ ਉਹ ਹੈ ਖ਼ੁਦ ਦੀ ਚੇਤਨਾ। ਇਕ ਹੀ ਜਗ੍ਹਾ ਹੈ ਪ੍ਰਵੇਸ਼ ਯੋਗ, ਇਹੀ ਮੰਦਰ ਹੈ ਜਾਣ ਯੋਗ ਅਤੇ ਉਹ ਖ਼ੁਦ ਦੀ ਆਤਮਾ ਹੈ। ਖ਼ੁਦ ਦਾ ਅਧਿਐਨ ਹੀ ਮਨੁੱਖ ਨੂੰ ਉੱਥੇ ਲੈ ਜਾਵੇਗਾ ਜਿੱਥੇ ਉਹ ਖੋਜੇਗਾ-ਮੈਂ ਕੌਣ ਹਾਂ? ਕਿਉਂ ਹਾਂ? ਕੀ ਚਾਹੁੰਦਾ ਹਾਂ? ਮੇਰਾ ਕੀ ਹੈ? ਕਿੱਥੋਂ ਆਇਆ ਹਾਂ? ਕਿੱਥੇ ਜਾਣਾ ਹੈ? ਦੁੱਖ ਕਿਉਂ ਹੈ? ਆਨੰਦ ਕਿੱਥੇ ਹੈ? ਅਜਿਹੇ ਕਈ ਪ੍ਰਸ਼ਨ ਉਸ ਨੂੰ ਆਪਣੇ ਦਿੱਵਿਆ ਹੋਣ ਦਾ ਅਹਿਸਾਸ ਕਰਵਾਉਣਗੇ। ਗੁਰੂ ਦੇ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਗੁਰੂ ਜ਼ਰੀਏ ਹੀ ਮਨੁੱਖ ਰੂਹਾਨੀਅਤ ਦੇ ਮਾਰਗ 'ਤੇ ਚੱਲ ਕੇ ਆਤਮ ਤੱਤ ਦਾ ਅਹਿਸਾਸ ਕਰ ਸਕਦਾ ਹੈ। ਧਨ ਨਾਲ ਜੀਵਨ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਈਸ਼ਵਰ ਦੀ ਪ੍ਰਾਪਤੀ ਗੁਰੂ ਦੇ ਬਿਨਾਂ ਸੰਭਵ ਨਹੀਂ ਹੈ। ਸਦਗੁਰੂ ਦੇ ਚਰਨਾਂ ਨਾਲ ਜੁੜ ਕੇ ਅੰਧਕਾਰ ਅਤੇ ਹੰਕਾਰ ਤੋਂ ਦੂਰ ਰਹਿ ਕੇ ਮਨੁੱਖੀ ਸਮਾਜ ਦੀ ਭਲਾਈ ਕੀਤੀ ਜਾ ਸਕਦੀ ਹੈ। ਕਬੀਰਦਾਸ ਨੇ ਲਿਖਿਆ ਵੀ ਹੈ, ''ਯਹ ਤਨ ਵਿਸ਼ ਕੀ ਬੇਲਰੀ ਗੁਰੂ ਅੰਮ੍ਰਿਤ ਕੀ ਖਾਨ, ਸ਼ੀਸ਼ ਦਿਏ ਜੋ ਗੁਰੂ ਮਿਲੇ ਤੋ ਭੀ ਸਸਤੀ ਜਾਨ£'' ਅਰਥਾਤ ਇਹ ਤਨ ਮਤਲਬ ਸਰੀਰ ਜ਼ਹਿਰੀਲੀ ਵੇਲ ਦੇ ਸਮਾਨ ਹੈ ਜਿਸ ਵਿਚ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਅਤੇ ਖ਼ਾਮੀਆਂ ਹਨ ਅਤੇ ਗੁਰੂ ਠੀਕ ਇਸ ਦੇ ਉਲਟ ਹੈ। ਉਹ ਸਰੀਰ ਤੋਂ ਇਸ ਜ਼ਹਿਰ ਨੂੰ ਕੱਢਣ ਵਿਚ ਮਾਹਿਰ ਹੈ, ਗੁਰੂ ਅੰਮ੍ਰਿਤ ਦੀ ਖਾਣ ਹੈ। ਇਸ ਲਈ ਜੇਕਰ ਚੇਲੇ ਨੂੰ ਆਪਣਾ ਸਿਰ ਕੱਟ ਕੇ ਅਰਥਾਤ ਖ਼ੁਦ ਨੂੰ ਗੁਆ ਕੇ ਵੀ ਗੁਰੂ ਦਾ ਸਾਥ ਮਿਲਦਾ ਹੈ ਤਾਂ ਉਸ ਨੂੰ ਇਹ ਸੌਦਾ ਸਸਤਾ ਜਾਣਨਾ ਚਾਹੀਦਾ ਹੈ ਕਿਉਂਕਿ ਜੋ ਗੁਰੂ ਦਿੰਦਾ ਹੈ, ਉਹ ਬਹੁਮੁੱਲਾ ਹੀ ਨਹੀਂ, ਅਨਮੋਲ ਹੈ। ਗੁਰੂ ਦੇ ਦੇਣ ਦਾ ਆਪਣਾ ਤੌਰ-ਤਰੀਕਾ ਹੈ। ਉਸ ਵੱਲੋਂ ਸੱਟ ਮਾਰਨ ਵਿਚ ਵੀ ਚੇਲੇ ਦਾ ਹਿੱਤ ਹੈ।

-ਡਾ. ਮਨੋਜ ਕੁਮਾਰ ਮਿਸ਼ਰ।

Posted By: Jagjit Singh