ਗੁਰਦੁਆਰਾ ਸੂਲੀਸਰ ਸਾਹਿਬ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਇੱਥੇ ਪਹੁੰਚੇ ਸਨ। ਉਸ ਸਮੇਂ ਦੀ ਇਕ ਘਟਨਾ ਤੋਂ ਬਾਅਦ ਇਸ ਅਸਥਾਨ ਨੂੰ ‘ਸੂਲੀਸਰ’ ਵਜੋਂ ਜਾਣਿਆ ਜਾਣ ਲੱਗਿਆ। ਮੌਜੂਦਾ ਸਮੇਂ ਗੁਰਦੁਆਰਾ ਸੂਲੀਸਰ ਸਾਹਿਬ ਮਾਨਸਾ-ਸਿਰਸਾ ਰੋਡ ’ਤੇ ਪਿੰਡ ਕੋਟਧਰਮੂ ਵਿਖੇ ਸਥਿਤ ਹੈ ਅਤੇ ਸ਼ਰਧਾਲੂ ਦੂਰ- ਦੁਰਾਡੇ ਤੋਂ ਇੱਥੇ ਆਉਦੇ ਹਨ।

ਸੰਗਤ ਨੂੰ ਨਾਮ ਬਾਣੀ ਨਾਲ ਜੁੜਨ ਲਈ ਪ੍ਰੇਰਿਆ

ਗੁਰਦੁਆਰਾ ਸੂਲੀਸਰ ਸਾਹਿਬ ਮਾਨਸਾ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਮਾਨਸਾ-ਸਿਰਸਾ ਸੜਕ ਦੇ ਨਜ਼ਦੀਕ ਪਿੰਡ ਕੋਟਧਰਮੂ ਵਿਖੇ ਸਥਿਤ ਹੈ। ਪਹਿਲਾਂ ਇਹੀ ਗੁਰਦੁਆਰਾ ਪਟਿਆਲਾ ਰਿਆਸਤ ਦੀ ਬਰਨਾਲਾ ਨਜ਼ਾਮਤ ਮਾਨਸਾ ਤਹਿਸੀਲ ’ਚ ਪੈਂਦਾ ਸੀ। ਪਟਿਆਲਾ ਰਿਆਸਤ ਵੱਲੋਂ ਇਸ ਗੁਰ ਅਸਥਾਨ ਦੇ ਨਾਂ 125 ਘੁਮਾਂ ਜ਼ਮੀਨ ਮਾਫ਼ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਮਦਮਾ ਸਾਹਿਬ ਦੀ ਸੰਗਤ ਨੂੰ ਨਾਮ ਬਾਣੀ ਨਾਲ ਜੋੜਨ, ਵਹਿਮਾਂ- ਭਰਮਾਂ, ਫਾਲਤੂ ਰੀਤਾਂ- ਰਸਮਾਂ ਤੋਂ ਮੁਕਤ ਕਰਨ, ਸਮਾਜ ਸੁਧਾਰ ਤੇ ਲੋਕ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨ ਅਤੇ ਸੇਵਾ ਖੇਤਰ ’ਚ ਉਨ੍ਹਾਂ ਦੀ ਯੋਗ ਸਹਾਇਤਾ ਕਰਨ ਦੇ ਵਿਚਾਰ ਨਾਲ ਸੰਮਤ 1722 ਬਿਕ੍ਰਮੀ ਅਗਸਤ 1665 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ।

ਮਾਲਵਾ ਦੇਸ਼ ਨੂੰ ਤਾਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਢਿੱਲਵਾਂ, ਭੰਦੇਰ, ਜੋਗਾ, ਭੁਪਾਲ, ਖੀਵਾ, ਭੀਖੀ, ਖਿਆਲਾ, ਮੌੜ ਪਿੰਡਾਂ ਦੇ ਰਸਤੇ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦੇ ਵਰ ਬਖ਼ਸ਼ ਕੇ ਇੱਥੇ ਗੁਰੂਸਰ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭ ਕਰਵਾਇਆ। ਦਮਦਮਾ ਸਾਹਿਬ ਤੋਂ ਗੁਰੂ ਸਾਹਿਬ ਇਸ ਅਸਥਾਨ ’ਤੇ ਪੁੱਜੇ। ਰੈਣ ਬਸੇਰੇ ਲਈ ਗੁਰੂ ਜੀ ਨੇ ਇੱਥੇ ਡੇਰਾ ਲਾਇਆ।

ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਹੁੰਦੀਆਂ ਨੇ ਪੂਰੀਆਂ

ਗੁਰਦੁਆਰਾ ਸੂਲੀਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਕੋਟਧਰਮੂ ਦੇ ਮੁੱਖ ਗੰ੍ਰਥੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਸਥਾਨ ’ਤੇ ਰਾਤ ਨੂੰ ਜਦੋਂ ਗੁਰੂ ਜੀ ਪਹੁੰਚੇ ਤਾਂ ਚੋਰ ਘੋੜਾ ਚੋਰੀ ਕਰਨ ਲਈ ਉਨ੍ਹਾਂ ਦੇ ਮਗਰ ਲੱਗਿਆ ਹੋਇਆ ਸੀ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਘੋੜਾ ਚੋਰੀ ਕਰ ਲਿਆ। ਕੁਝ ਦੂਰੀ ’ਤੇ ਜਾ ਕੇ ਚੋਰ ਨੂੰ ਸਮਝ ਨਹੀਂ ਆਇਆ ਕਿ ਕਿੱਧਰ ਜਾਣਾ ਹੈ ਅਤੇ ਦਿਸਣਾ ਬੰਦ ਹੋ ਗਿਆ। ਉਹ ਉੱਥੇ ਹੀ ਘੋੜੇ ਨਾਲ ਬੈਠ ਗਿਆ। ਸੇਵਾਦਾਰ ਚੋਰੀ ਹੋਏ ਘੋੜੇ ਨੂੰ ਲੱਭਣ ਗਏ। ਉਨ੍ਹਾਂ ਵੇਖਿਆ ਕਿ ਚੋਰ ਘੋੜੇ ਸਮੇਤ ਬੈਠਾ ਹੈ। ਉਸ ਨੂੰ ਫੜ ਕੇ ਜਦ ਗੁਰੂ ਜੀ ਕੋਲ ਲੈ ਕੇ ਆਏ ਤਾਂ ਉਨ੍ਹਾਂ ਪੁੱਛਿਆ ਕਿ ਇਹ ਘੋੜਾ ਭਾਈ ਲੈ ਕੇ ਨਹੀਂ ਗਿਆ। ਚੋਰ ਨੇ ਕਿਹਾ ਕਿ ਤੁਸੀਂ ਕਰਨੀ ਵਾਲੇ ਹੋ, ਮੈਂ ਭੁੱਲ ਕੀਤੀ ਹੈ, ਜਦੋਂ ਘੋੜਾ ਲੈ ਕੇ ਜਾਂਦਾ ਤਾਂ ਦਿਸਣਾ ਬੰਦ ਹੋ ਜਾਂਦਾ ਸੀ।

ਗੁਰੂ ਜੀ ਨੇ ਉਸ ਨੂੰ ਮਾਫ਼ ਕਰ ਦਿੱਤਾ ਪਰ ਉਸ ਨੇ ਸਜ਼ਾ ਦੀ ਮੰਗ ਕੀਤੀ। ਇੱਥੇ ਇਕ ਜੰਡ ਸੀ, ਜਿਸ ’ਤੇ ਚੋਰ ਚੜ੍ਹ ਗਿਆ ਜਿੱਥੇ ਹੁਣ ਬੁਰਜ ਬਣਿਆ ਹੋਇਆ ਹੈ। ਜੰਡ ’ਤੇ ਚੋਰ ਦਾ ਪੈਰ ਤਿਲਕ ਗਿਆ ਤੇ ਇਕ ਤਿੱਖਾ ਟਾਹਣਾ ਜੋ ਟੁੱਟਿਆ ਹੋਇਆ ਸੀ, ਉਸ ਦੇ ਢਿੱਡ ’ਚ ਖੁੱਭ ਗਿਆ। ਸੂਲੀ ਦੀ ਤਰ੍ਹਾਂ ਸੂਲੀ ਆ ਗਈ ਅਤੇ ਮੁਕਤੀ ਮਿਲ ਗਈ, ਜਿਸ ਕਾਰਨ ਇਸ ਦਾ ਨਾਂ ਸੂਲੀਸਰ ਪ੍ਰਸਿੱਧ ਹੋ ਗਿਆ। ਦਸਵੀਂ ਵਾਲੇ ਦਿਨ ਇੱਥੇ ਭਾਰੀ ਮੇਲਾ ਲੱਗਦਾ ਹੈ। ਦੂਰ-ਦੁਰਾਡਿਓਂ ਸੰਗਤ ਇਸ ਪਾਵਨ ਅਸਥਾਨ ’ਤੇ ਆ ਕੇ ਨਤਮਸਤਕ ਹੁੰਦੀ ਹੈ ਅਤੇ ਅਰਦਾਸਾਂ ਕਰਦੀ ਹੈ। ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਇੱਥੈ ਪੂਰੀਆਂ ਹੁੰਦੀਆਂ ਹਨ।

- ਹਰਿਸ਼ਨ ਸ਼ਰਮਾ

Posted By: Harjinder Sodhi