ਦੁਨੀਆ ਦੇ ਇਤਹਾਸ ਵਿਚ ਇਹ ਅਦੁੱਤੀ ਸ਼ਹਾਦਤ ਹੈ ਕਿ ਕਿਸੇ ਮਹਾਪੁਰਖ ਦੇ ਸਿਰ ਤੇ ਧੜ੍ਹ ਦਾ ਸਸਕਾਰ ਸੈਂਕੜੇ ਮੀਲਾਂ ਦੀ ਵਿੱਥ 'ਤੇ ਹੋਇਆ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ ਗਵਾਹ ਹੈ ਕਿ 'ਭਾਵੇਂ ਮੈਂ ਤੇਰੇ ਧਾਰਮਿਕ ਅਕੀਦੇ ਨਾਲ ਸਹਿਮਤ ਨਹੀਂ ਫਿਰ ਵੀ ਮੈਂ ਆਪਣਾ ਸੀਸ ਵਾਰ ਕੇ ਤੈਨੂੰ ਤੇਰੇ ਧਰਮ ਮੁਤਾਬਕ ਜ਼ਿੰਦਗੀ ਜਿਉਂਣ ਦੀ ਆਗਿਆ ਦਿਵਾਵਾਂਗਾ' ਅਤੇ ਗੁਰੂ ਸਾਹਿਬ ਕਸ਼ਮੀਰੀ ਪੰਡਿਤਾਂ ਨਾਲ ਕੀਤੇ ਬਚਨਾਂ ਨੂੰ ਪੁਗਾਉਣ ਲਈ ਖ਼ੁਦ ਚੱਲ ਕੇ ਦਿੱਲੀ ਵਿਖੇ ਗਏ ਅਤੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਹਿੰਦ ਦੀ ਪੱਤ ਰੱਖੀ।

ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਭਾਇਮਾਨ 'ਗੁਰਦੁਆਰਾ ਸੀਸ ਗੰਜ ਸਾਹਿਬ' ਉਹ ਪਾਵਨ ਅਸਥਾਨ ਹੈ ਜਿੱਥੇ ਨੌਵੇਂ ਗੁਰੂ ਜੀ ਦੇ ਪਾਵਨ ਸੀਸ ਦਾ ਸਸਕਾਰ ਕੀਤਾ ਗਿਆ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਉੱਤਰ ਦਿਸ਼ਾ ਵੱਲ ਸ਼ਹਿਰ ਦੀ ਸੰਘਣੀ ਆਬਾਦੀ 'ਚ ਸਥਿਤ ਇਸ ਪਾਵਨ ਅਸਥਾਨ 'ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਦੇ ਸੀਸ ਦਾ ਸਸਕਾਰ ਆਪਣੇ ਹੱਥੀਂ ਕੀਤਾ ਸੀ।

11 ਨਵੰਬਰ 1675 ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ 350 ਕਿਲੋਮੀਟਰ ਦੂਰ ਦਿੱਲੀ ਵਿਖੇ ਜਾ ਕੇ ਤਿਲਕ-ਜੰਝੂ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ। ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਸੀ ਤਿਲਕ ਨਹੀ ਲਗਾਉਂਦੇ, ਜੰਝੂ ਨਹੀ ਪਹਿਨਦੇ, ਮੰਦਰ ਨਹੀ ਜਾਂਦੇ, ਟੱਲ ਨਹੀਂ ਖੜਕਾਉਂਦੇ, ਵਰਤ ਰੱਖਣ, ਪੂਜਾ ਕਰਨ ਆਦਿ ਕੰਮਾਂ ਵਿਚ ਤੁਹਾਡਾ ਵਿਸਵਾਸ਼ ਨਹੀਂ ਤਾਂ ਫਿਰ ਵੀ ਤੁਸੀ ਕਿਸੇ ਦੂਸਰੇ ਧਰਮ ਦੇ ਲੋਕਾਂ ਦੀ ਰੱਖਿਆ ਲਈ ਸ਼ਹਾਦਤ ਕਿਉਂ ਦੇ ਰਹੇ ਹੋ? ਇਸ ਸਵਾਲ ਪੁੱਛੇ ਜਾਣ 'ਤੇ ਗੁਰੂ ਸਾਹਿਬ ਦਾ ਸਪਸ਼ਟ ਜਵਾਬ ਸੀ ਕਿ ਮੇਰਾ ਭਾਵੇਂ ਇਨ੍ਹਾਂ ਰਸਮਾਂ-ਰਿਵਾਜਾਂ ਨਾਲ ਕੋਈ ਸਬੰਧ ਨਹੀ ਪਰ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨਾ ਸਾਡਾ ਪਹਿਲਾ ਫਰਜ਼ ਹੈ, ਇਸ ਲਈ ਜੇਕਰ ਸ਼ਹਾਦਤ ਦਾ ਜਾਮ ਵੀ ਪੀਣਾ ਪਵੇ ਤਾਂ ਮਨਜ਼ੂਰ ਹੈ।

ਗੁਰੂ ਸਾਹਿਬ ਨੂੰ ਧਰਮ ਪਰਿਵਰਤਨ ਕਰਨ ਲਈ ਕਈ ਲਾਲਚ ਦਿੱਤੇ ਗਏ, ਉਨ੍ਹਾਂ ਦੇ ਪਿਆਰੇ ਸਿੱਖਾਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵੱਖ-ਵੱਖ ਤਰ੍ਹਾਂ ਨਾਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਅੰਤ ਜ਼ਾਲਮ ਮੁਗ਼ਲਾਂ ਨੇ ਤਲਵਾਰ ਦੇ ਜ਼ੋਰ ਉਨ੍ਹਾਂ ਦਾ ਸੀਸ ਧੜ ਨਾਲੋਂ ਵੱਖ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਦੇ ਪਾਵਨ ਧੜ ਨੂੰ ਸਿੱਖ ਸ਼ਰਧਾਲੂ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਮਹਿਲ ਵਿਚ ਲਿਜਾ ਕੇ ਮਹਿਲ ਨੂੰ ਅੱਗ ਲਗਾ ਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਜਦਕਿ ਗੁਰੂ ਸਾਹਿਬ ਦੇ ਪਾਵਨ ਸੀਸ ਨੂੰ ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਜੀ) ਬੜੀ ਦਲੇਰੀ ਅਤੇ ਵਿਉਂਤਬੰਦੀ ਨਾਲ ਚਾਂਦਨੀ ਚੌਂਕ ਤੋਂ ਉਠਾ ਕੇ ਪੈਦਲ ਵਾਹੋ-ਦਾਹੀ ਤੁਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦਸਮੇਸ਼ ਪਿਤਾ ਜੀ ਦੇ ਕੋਲ ਲੈ ਕੇ ਆਏ।

ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਜਦੋਂ 9 ਸਾਲ ਦੀ ਉਮਰ ਦੇ ਦਸਮ ਪਾਤਸ਼ਾਹ ਦੇ ਸਾਹਮਣੇ ਆਪਣੇ ਪਿਤਾ ਦਾ ਸੀਸ ਪਿਆ ਹੋਵੇਗਾ। ਮਾਤਾ ਗੁਜਰੀ ਜੀ ਦੇ ਸਾਹਮਣੇ ਆਪਣੇ ਪਤੀ ਦਾ ਬਿਨਾਂ ਧੜ੍ਹ ਤੋਂ ਸੀਸ ਦੇਖ ਕੇ ਉਨ੍ਹਾਂ ਦੇ ਦਿਲ ਉੱਪਰ ਕੀ ਬੀਤਿਆ ਹੋਵੇਗਾ? ਅਜਿਹੇ ਮਾਹੌਲ ਵਿਚ ਸੰਗਤਾਂ ਵੈਰਾਗ 'ਚ ਸਨ ਪਰ ਦਸਮ ਪਾਤਸ਼ਾਹ ਨੇ ਸੰਗਤਾਂ ਨੂੰ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਤੇ ਜ਼ੁਲਮ ਦਾ ਟਾਕਰਾ ਕਰਨ ਦਾ ਉਪਦੇਸ਼ ਦਿੱਤਾ।

ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਆਉਣ ਵਾਲੇ ਸਮੇ ਦਾ ਅੰਦਾਜ਼ਾ ਲਗਾਉਂਦਿਆਂ ਸੰਗਤਾਂ ਨੂੰ ਜਬਰ ਤੇ ਜੁਲਮ ਦੇ ਖ਼ਿਲਾਫ਼ ਡਟੇ ਰਹਿਣ ਦਾ ਉਪਦੇਸ਼ ਦਿੱਤਾ ਸੀ। ਅੱਜ ਵੀ ਇਹ ਪਾਵਨ ਅਸਥਾਨ ਧਾਰਮਿਕ ਆਜ਼ਾਦੀ ਲਈ ਜ਼ਿੰਦਗੀ ਵਾਰਨ ਵਾਲੇ ਨੌਵੇਂ ਸਤਿਗੁਰੂ ਜੀ ਦੀ ਸ਼ਹਾਦਤ ਦੀ ਯਾਦ ਦੁਆਉਂਦਾ ਹੈ। ਅੱਜ ਵੀ ਬਹੁਗਿਣਤੀ ਹਿੰਦੂ ਅਤੇ ਸਿੱਖ ਪਰਿਵਾਰ ਇਸ ਪਾਵਨ ਅਸਥਾਨ 'ਤੇ ਨਤਮਸਤਕ ਹੋਣ ਲਈ ਰੋਜ਼ਾਨਾ ਹਾਜ਼ਰੀ ਭਰਦੇ ਹਨ ਤੇ ਇਹ ਅਹਿਸਾਸ ਆਪਣੇ ਹਿਰਦੇ ਅੰਦਰ ਰੱਖਦੇ ਹਨ ਕਿ ਗੁਰੂ ਸਾਹਿਬ ਨੇ ਸਾਨੂੰ ਆਜ਼ਾਦੀ ਦੁਆਉਣ ਖ਼ਾਤਰ ਆਪਣਾ ਆਪ ਕੁਰਬਾਨ ਕੀਤਾ ਸੀ। ਕਿਸੇ ਸ਼ਾਇਰ ਨੇ ਬਹੁਤ ਖ਼ੂਬਸੂਰਤ ਲਿਖਿਆ ਹੈ

ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਅਬਾ,

ਸ਼ਹੀਦੋਂ ਕੀ ਖ਼ਾਕ ਪੇ ਤੋਂ ਖ਼ੁਦਾ ਭੀ ਕੁਰਬਾਨ ਹੋਤਾ ਹੈ।

- ਸੁਰਿੰਦਰ ਸਿੰਘ ਸੋਨੀ

Posted By: Harjinder Sodhi