ਅੰਮਿ੍ਰਤਸਰ ਤੋਂ ਲਗਭਗ 20-21 ਕਿਲੋਮੀਟਰ ਦੀ ਦੂਰੀ ’ਤੇ ਕਸਬਾ ਰਾਜਾਸਾਂਸੀ (ਅਜਨਾਲਾ) ਵੱਲ ਉੱਤਰ ਦਿਸ਼ਾ ਵੱਲ ਪੈਂਦੇ ਪਿੰਡ ਸਹਿੰਸਰੇ ਦੇ ਨਜ਼ਦੀਕ ਪਿੰਡ ਘੁੱਕੇਵਾਲੀ ’ਚ ਪੰਜਵੇਂ ਤੇ ਨੌਂਵੇਂ ਪਾਤਸ਼ਾਹ ਦੇ ਇਤਿਹਾਸ ਨਾਲ ਸਬੰਧਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਸਥਿਤ ਹੈ । ਇਸ ਅਸਥਾਨ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 22 ਸਾਲ ਦੀ ਉਮਰ ’ਚ ਸਹਿੰਸਰੇ ਤੇ ਇਲਾਕੇ ਦੀ ਸੰਗਤ ਵੱਲੋਂ ਬੇਨਤੀ ਕਰਨ ’ਤੇ 1585 ਈਸਵੀ ਨੂੰ ਭਾਗ ਲਾਏ ਸਨ। ਇਸੇ ਅਸਥਾਨ ’ਤੇ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਸੰਕੇਤ ਮੰਡੀ (ਹਿਮਾਚਲ) ਦੇ ਉਸ ਸਮੇਂ ਦੇ ਰਾਜੇ ਹਰੀਸੇਨ ਨੂੰ ‘ਲੇਖ ਨੂੰ ਮਿਟਈ ਕੇ ਸਖੀ ਜੋ ਲਿਖਿਆ ਕਰਤਾਰਿ’ ਦੇ ਸ਼ਬਦ ਦੀ ਸੱਚਾਈ ਦੱਸ ਕੇ ਉਸ ਦੇ 40 ਸਾਲਾਂ ਦੇ ਸਮੇਂ ਨੂੰ ਸੁਪਨੇ ’ਚ ਕੱਟ ਕੇ ਜਨਮ-ਮਰਨ ਤੋਂ ਮੁਕਤ ਕੀਤਾ ਸੀ ।

ਪੰਚਮ ਪਾਤਸ਼ਾਹ ਨੇ ਕੁਝ ਦਿਨ ਇੱਥੇ ਰਹਿ ਕੇ ਅਗਲੇ ਪੜਾਅ ਲਈ ਚਾਲੇ ਪਾਏ ਸਨ । ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਇਨ੍ਹਾਂ ਦਿਨਾਂ ’ਚ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਆਰੰਭ ਕੀਤੀ ਸਿੱਖਾਂ ਦੇ ਪਹਿਲੇ ਸਰੋਵਰ ਸ੍ਰੀ ਸੰਤੋਖਸਰ ਸਾਹਿਬ ਦੀ ਕਾਰ ਸੇਵਾ ’ਚ ਯੋਗਦਾਨ ਪਾਉਣ ਲਈ ਵੀ ਇਲਾਕੇ ਦੀ ਸੰਗਤ ਨੂੰ ਪ੍ਰੇਰਿਆ ਜਾ ਰਿਹਾ ਸੀ ।

‘ਮਾਈਆਂ ਰੱਬ ਰਜਾਈਆਂ’ ਦਾ ਦਿੱਤਾ ਵਰ

ਨੌਂਵੇਂ ਪਾਤਸ਼ਾਹ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਮੱਖਣ ਸ਼ਾਹ ਲੁਬਾਣਾ ਨੇ ‘ਸਾਚਾ ਗੁਰੂ ਲਾਧੋ ਰੇ’ ਦਾ ਹੋਕਾ ਦੇ ਕੇ ਗੁਰੂ ਪ੍ਰਗਟ ਕੀਤਾ ਸੀ । ਨੌਂਵੇਂ ਗੁਰੂ ਉਸ ਵੇਲੇ ਕੁਝ ਸੰਗਤ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੇ ਦਰਸ਼ਨ-ਇਸਨਾਨ ਲਈ ਆਏ ਤਾਂ ਸੋਢੀ ਪੁਜਾਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਕਰ ਲੈਣ ’ਤੇ ਗੁਰੂ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਣੇ ਸ੍ਰੀ ਥੜਾ ਸਾਹਿਬ ਦੇ ਅਸਥਾਨ ’ਤੇ ਕੁਝ ਸਮਾਂ ਬੈਠਣ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਗੁਰਿਆਣਾ ਸਾਹਿਬ ਤੋਂ ਹੁੰਦੇ ਹੋਏ ਪਿੰਡ ਵੱਲੇ ਵਿਖੇ ਮਾਤਾ ਹਰੋ ਜੀ ਦੇ ਕੱਚੇ ਕੋਠੇ ਨੂੰ ਆ ਭਾਗ ਲਾਏ। ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੇ ਈਰਖਾਲੂ ਤੇ ਲਾਲਚੀ ਪੁਜਾਰੀਆਂ ਨੂੰ ਨਿਰਾਸ਼ ਹੋ ਕੇ ‘ਅੰਮਿ੍ਰਤਸਰੀਏ ਅੰਦਰ ਸੜੀਏ’ ਦਾ ਬਚਨ ਕਰ ਕੇ ਆਏ ਨੌਂਵੇਂ ਪਾਤਸ਼ਾਹ ਦੇ ਪਿੰਡ ਵੱਲੇ ਵਿਖੇ ਮਾਤਾ ਹਰੋ ਜੀ ਦੇ ਕੱਚੇ ਕੋਠੇ ’ਚ ਰਹਿ ਕੇ ਸੰਗਤ ਨੂੰ ਉਪਦੇਸ਼ ਦੇ ਕੇ ਕਿ੍ਰਤਾਰਥ ਕਰਨ ਬਾਰੇ ਜਦ ਅੰਮਿ੍ਰਤਸਰ ਦੀਆਂ ਮਾਈਆਂ-ਬੀਬੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਛੇਤੀ ਹੀ ਪਾਤਸ਼ਾਹ ਕੋਲ ਜਾ ਕੇ ਗੁਰੂ ਜੀ ਦੀਆਂ ਸੇਵਾਵਾਂ ’ਚ ਲੱਗਣਾ ਕੀਤਾ ਤਾਂ

ਗੁਰੂ ਜੀ ਨੇ ਇਨ੍ਹਾਂ ਨੂੰ ‘ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ’ ਦਾ ਵਰ ਦਿੱਤਾ, ਉੱਥੇ ਮਾਤਾ ਹਰੋ ਜੀ ਦੇ ਪਿੰਡ ਨੂੰ ‘ਵੱਲਾ ਗੁਰੂ ਕਾ ਗੱਲਾ’ ਅਤੇ ਕੱਚੇ ਕੋਠੇ ਬਾਬਤ ਬਚਨ ਕੀਤਾ ਕਿ ਅੱਜ ਤੋਂ ਬਾਅਦ ਇਹ ਅਸਥਾਨ ‘ਗੁਰੂ ਕਾ ਕੋਠਾ’ ਕਰਕੇ ਜਾਣਿਆ ਜਾਵੇਗਾ।

ਕਰਵਾਇਆ ਖੂਹ ਦਾ ਨਿਰਮਾਣ

ਗੁਰੂ ਘਰ ਦੇ ਪ੍ਰੇਮੀ ਸੇਵਾਦਾਰ ਭਾਈ ਘੁੱਕਾ ਜੀ ਵੱਲੋਂ ਵਸਾਏ ਪਿੰਡ ਘੁੱਕੇਵਾਲੀ ਦੇ ਵਸਨੀਕ ਭਾਈ ਮਸਤੂ ਤੇ ਭਾਈ ਲਾਲ ਚੰਦ ਦੇ ਘਰ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਲਗਭਗ 9 ਮਹੀਨੇ 9 ਦਿਨ ਅਤੇ 9 ਘੜੀਆਂ ਰਹਿ ਕੇ ਤਪ ਕਰਨ ਤੋਂ ਇਲਾਵਾ ਸੰਗਤ ਨੂੰ ਉਪਦੇਸ਼ ਦੇ ਕੇ ਨਿਵਾਜਦੇ ਰਹੇ। ਇਤਿਹਾਸ ’ਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਭਾਈ ਘੁੱਕਾ ਜੀ

ਨੇ ਨਵਾਂ ਪਿੰਡ ਘੁੱਕੇਵਾਲੀ ਬੰਨ੍ਹ ਕੇ ਗੁਰੂ ਜੀ ਦੀ ਯਾਦ ’ਚ ਇਕ ਸੋਹਣੀ ਇਮਾਰਤ ਤਾਮੀਰ ਕਰਵਾਈ ਸੀ, ਜਿੱਥੇ ਗੁਰੂ ਜੀ ਨੇ

ਕਾਫ਼ੀ ਸਮਾਂ ਨਿਵਾਸ ਕੀਤਾ ਸੀ ਅਤੇ ਬਾਗ਼ ’ਚ ਖੂਹ ਦਾ ਨਿਰਮਾਣ ਵੀ ਕਰਵਾਇਆ ਸੀ। ਗੁਰੂ ਕੇ ਬਾਗ਼ ਵਿਖੇ ਭਾਗ ਲਾਉਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਪਿੰਡ ਕਾਲੇਕੇ (ਨੇੜੇ ਬਾਬਾ ਬਕਾਲਾ ਸਾਹਿਬ) ਚਰਨ ਪਾ ਕੇ ਅਤੇ

ਆਪਣੇ ਤਨ ਦਾ ਚੋਲਾ ਪੂਰਨ ਭਗਤੀ ਵਾਲੇ ਪੁਰਸ਼ ਨੂੰ ਭੇਟ ਕਰ ਕੇ ਆਪਣੇ ਨਾਨਕੇ ਬਾਬਾ ਬਕਾਲਾ ਸਾਹਿਬ ਤੋਂ ਹੁੰਦੇ ਹੋਏ ਮਾਤਾ ਨਾਨਕੀ ਜੀ, ਮਾਮਾ ਕਿ੍ਰਪਾਲ ਚੰਦ, ਮਹਿਲ ਮਾਤਾ ਗੁਜਰੀ ਜੀ ਅਤੇ ਕੁਝ ਹੋਰ ਸੰਗਤ ਸਮੇਤ ਸ੍ਰੀ ਪਟਨਾ ਸਾਹਿਬ ਨੂੰ ਰਵਾਨਾ ਹੋ

ਗਏ ਸਨ।

ਲਾਇਆ ਗਿਆ ਹੈ ਫਲਾਂ ਵਾਲੇ ਬੂਟਿਆਂ ਦਾ ਬਾਗ਼

ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨਾਲ ਸਬੰਧਿਤ ਪਿੰਡ ਘੁੱਕੇਵਾਲੀ ਵਿਖੇ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਦੇ ਵੱਡ ਆਕਾਰੀ ਸਰੋਵਰ ਦੇ ਦੋਵਾਂ ਕੰਢਿਆਂ ਦੇ ਨੇੜੇ ਦੋ ਸੁੰਦਰ ਗੁਰਦੁਆਰਾ ਸਾਹਿਬ ਬਣੇ ਹੋਏ ਹਨ, ਜਿਨ੍ਹਾਂ ਦੀ ਕਾਰ ਸੇਵਾ ਪਹਿਲਾਂ ਬਾਬਾ ਹਜ਼ਾਰਾ ਸਿੰਘ ਜੀ, ਫਿਰ ਬਾਬਾ ਲੱਖਾ ਸਿੰਘ ਜੀ ਅਤੇ ਹੁਣ ਬਾਬਾ ਸਤਨਾਮ ਸਿੰਘ ਜੀ ਵੱਲੋਂ ਕਰਵਾਈ ਜਾ ਰਹੀ ਹੈ। ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਗੁਰੂਆਂ ਦੀ ਯਾਦ ’ਚ ਅਜੇ ਵੀ ਕਈ ਤਰ੍ਹਾਂ ਦੇ ਫਲਾਂ ਵਾਲੇ ਬੂਟਿਆਂ ਦਾ ਬਾਗ਼ ਲਾਇਆ ਹੋਇਆ ਹੈ। ਸੰਗਤ ਵੱਲੋਂ ਆਪਣੀਆਂ ਸੁੱਖਣਾ ਹਿੱਤ ਗੁਰੂ ਕੇ ਬਾਗ਼ ’ਚ ਬੂਟੇ ਲਾਏ ਜਾਂਦੇ ਹਨ। ਗੁਰੂ ਕੇ ਬਾਗ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ । ਇਲਾਕੇ ਵੱਲੋਂ ਚੁਣੇ ਗਏ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਜੋਧ ਸਿੰਘ ਸਮਰਾ (ਪਿੰਡ ਕੋਟਲਾ ਸੁਲਤਾਨ ਸਿੰਘ-ਮਜੀਠਾ) ਹਨ ।

ਸਿੱਖਾਂ ਉੱਪਰ ਕੀਤੇ ਤਸ਼ੱਦਦ

8 ਅਗਸਤ 1922 ਨੂੰ ਗੁਰਦੁਆਰਾ ਗੁਰੂ ਕਾ ਬਾਗ਼ ਤੋਂ ਅੰਗਰੇਜ਼ ਸਰਕਾਰ ਦੇ ਹਾਮੀ ਅਤੇ ਦੁਰਾਚਾਰੀ ਮਹੰਤ ਸੁੰਦਰ ਦਾਸ ਵੱਲੋਂ ਸਿੱਖ ਸੰਗਤ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਰੋਕਣ ਲਈ ਮੋਰਚਾ ਲਾਇਆ ਗਿਆ ਸੀ, ਜੋ ਗੁਰੂ ਕੇ ਬਾਗ਼ ਦੇ ਮੋਰਚੇ ਕਰਕੇ ਪ੍ਰਸਿੱਧ ਹੋਇਆ। ਉਸ ਵੇਲੇ ਦੇ ਅੰਮਿ੍ਰਤਸਰ ਦੇ ਅੰਗਰੇਜ਼ ਡੀਸੀ ਅਤੇ ਪੁਲਿਸ ਦੇ ਉੱਚ ਅਹੁਦੇ ਦੇ ਅਫ਼ਸਰ ਬੀਨੀ ਨੇ ਗੁਰੂ ਕਾ ਬਾਗ਼ ਦੇ ਮੋਰਚੇ ’ਚ ਸ਼ਾਂਤਮਈ ਹਿੱਸਾ ਲੈਣ ਵਾਲਿਆਂ ਸਿੰਘਾਂ ਨੂੰ ਘੋੜਿਆਂ ਹੇਠ ਲਤਾੜਿਆ ਅਤੇ ਡਾਂਗਾਂ ਮਾਰ-ਮਾਰ ਬਹੁਤ ਤਸ਼ੱਦਦ ਕੀਤਾ। ਗੋਲ਼ੀਆਂ ਲੱਗਣ ਨਾਲ ਕਈ ਸਿੰਘ ਸ਼ਹੀਦ ਵੀ ਹੋਏ।

ਭਾਵ 8 ਅਗਸਤ ਤੋਂ 17 ਨਵੰਬਰ 1922 ਤੱਕ ਚੱਲੇ ਮੋਰਚੇ ’ਚ ਜਿੱਤ ਸਿੰਘਾਂ ਦੀ ਹੋਈ। ਇਸ ਇਤਿਹਾਸਕ ਦਿਹਾੜੇ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕਾ

ਬਾਗ਼ ਵਿਖੇ ਗੁਰੂ ਕਾ ਬਾਗ਼ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਨੂੰ ਮਨਾਉਣ ਲਈ ਕਈ ਧਾਰਮਿਕ ਸਮਾਗਮ ਉਲੀਕੇ ਗਏ ਹਨ। ਯਾਦ ਰਹੇ ਕਿ ਗੁਰੂ ਕੇ ਬਾਗ਼ ਦੇ ਮੋਰਚੇ ਦੀ ਸਫਲਤਾ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ ਹੈ।

ਨੌਵੇਂ ਪਾਤਸ਼ਾਹ ਨੇ ਲਗਵਾਇਆ ਬਾਗ਼

ਪੰਚਮ ਪਾਤਸ਼ਾਹ ਤੋਂ 79 ਸਾਲ ਬਾਅਦ 1664 ’ਚ ਨੌਵੇਂ ਪਾਤਸ਼ਾਹ ਨੇ 43 ਸਾਲ ਦੀ ਉਮਰ ’ਚ ਆਪਣੇ ਦਾਦਾ ਜੀ ਪੰਚਮ ਪਾਤਸ਼ਾਹ ਦੇ ‘ਗੁਰੂ ਕੀ ਰੌੜ’ ਨਾਂ ਨਾਲ ਜਾਣੇ ਜਾਂਦੇ ਅਸਥਾਨ ’ਤੇ ਆਪਣੇ ਮੁਬਾਰਕ ਚਰਨ ਪਾਏ ਸਨ। ਗੁਰੂ ਜੀ ਨੇ ਰੌੜ (ਰੜੇ ਮੈਦਾਨ) ਦਾ ਨਾਂ ਬਦਲਣ ਲਈ ਆਪਣੇ ਕਰ ਕਮਲਾਂ ਨਾਲ ਸੰਗਤ ਕੋਲੋਂ ਇੱਥੇ ਇਕ ਸੋਹਣਾ ਬਾਗ਼ ਲਵਾਇਆ ਤੇ ਬਚਨ ਕੀਤਾ ਕਿ ‘ਜਿਹੜਾ ਆਖੇ ਗੁਰੂ ਕੀ ਰੌੜ, ਉਸ ਦਾ ਹੋਵੇ ਝੁੱਗਾ ਚੌੜ। ਜਿਹੜਾ ਆਖੇ ਗੁਰੂ ਕਾ ਬਾਗ਼, ਓਹਨੂੰ ਲੱਗਣ ਦੂਣੇ ਭਾਗ।’’ ਨੌਂਵੇਂ ਪਾਤਸ਼ਾਹ ਵੱਲੋਂ ਲਗਵਾਏ ਬਾਗ਼ ਕਰਕੇ ਇਸ ਅਸਥਾਨ ਦਾ ਨਾਂ ‘ਗੁਰੂ ਕਾ ਬਾਗ਼’ ਕਰਕੇ ਪ੍ਰਸਿੱਧ ਹੋਇਆ ਹੈ ।

- ਨਿਰਮਲ ਸਿੰਘ ਰੰਧਾਵਾ

Posted By: Harjinder Sodhi