ਅਸੀਂ ਖ਼ੁਦ ਸ਼ਾਂਤੀ ਦੇ ਸਰਬੋਤਮ ਪਹਿਰੇਦਾਰ ਹਾਂ। ਸਾਨੂੰ ਕੋਈ ਦੂਜਾ ਵਿਅਕਤੀ ਜਾਂ ਵਸਤੂ ਜਾਂ ਸਥਾਨ ਸ਼ਾਂਤੀ ਦੇ ਸਕਦਾ ਹੈ, ਇਹ ਸਾਡਾ ਕਾਲਪਨਿਕ ਵਿਚਾਰ ਹੈ। ਅਸੀਂ ਖ਼ੁਦ ਸ਼ਾਂਤੀ ਨਾਲ ਰਹਿ ਸਕਦੇ ਹਾਂ ਅਤੇ ਦੂਜਿਆਂ ਨੂੰ ਵੀ ਸ਼ਾਂਤੀਪੂਰਵਕ ਰੱਖ ਸਕਦੇ ਹਾਂ। ਸ਼ਾਂਤੀ ਇਕ ਮਨੁੱਖੀ ਗੁਣ ਤਾਂ ਹੈ ਹੀ ਪਰ ਇਹ ਆਤਮਿਕ ਸ਼ਕਤੀ ਵੀ ਹੈ। ਸ਼ਾਂਤੀ ਸਾਰੇ ਸੁੱਖਾਂ ਦਾ ਮੂਲ ਹੈ। ਇਸ ਨਾਲ ਸਾਰੇ ਐਸ਼ੋ-ਆਰਾਮ ਦੀ ਪੂਰਤੀ ਸੰਭਵ ਹੈ। ਸ਼ਾਂਤੀ ਦੁਆਰਾ ਸਾਰੇ ਦੁੱਖਾਂ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਇਸ ਨਾਲ ਹਰ ਰੋਗ ਦਾ ਨਿਦਾਨ ਹੁੰਦਾ ਹੈ। ਸ਼ਾਂਤੀ ਦਾ ਮਾਧਿਅਮ ਸਭ ਸਮੱਸਿਆਵਾਂ ਦਾ ਹੱਲ ਤਿਆਰ ਕਰਦਾ ਹੈ। ਸ਼ਾਂਤੀ ਹੀ ਦੇਸ਼ ਦਾ ਨਿਰਮਾਣ ਕਰਦੀ ਹੈ, ਓਥੇ ਹੀ ਅਸ਼ਾਂਤੀ ਨਾਲ ਦੇਸ਼ ਦਾ ਪਤਨ ਆਰੰਭ ਹੋ ਜਾਂਦਾ ਹੈ। ਸ਼ਾਂਤੀ ਅਤੇ ਅਸ਼ਾਂਤੀ ਵਿਚਾਲੇ ਸਮਾਜ, ਸਮੁਦਾਇ, ਵਰਗ, ਕੌਮ, ਜਾਤੀ ਅਤੇ ਸੰਸਥਾਵਾਂ ਗਤੀਹੀਣ ਹੋ ਜਾਂਦੀਆਂ ਹਨ। ਦੇਸ਼ ਦੀ ਉੱਨਤੀ, ਵਿਕਾਸ ਅਤੇ ਪੁਨਰ-ਨਿਰਮਾਣ ਲਈ ਸ਼ਾਂਤੀ ਦਾ ਵਾਤਾਵਰਨ ਜ਼ਰੂਰੀ ਹੈ। ਸ਼ਾਂਤੀ ਇਕ ਸ਼ਬਦ ਮਾਤਰ ਨਹੀਂ ਹੈ। ਸ਼ਾਂਤੀ ਨੂੰ ਮਨ ਮੰਦਰ ਵਿਚ ਵਸਾਉਣ ਵਾਲੇ ਲੋਕ ਦੇਵਤਿਆਂ ਦੇ ਸਮਾਨ ਹੁੰਦੇ ਹਨ। ਇਸ ਲਈ ਖ਼ੁਦ ਵੀ ਸ਼ਾਂਤੀ ਦੇ ਪਹਿਰੇਦਾਰ ਬਣੋ ਅਤੇ ਦੂਜਿਆਂ ਨੂੰ ਵੀ ਸ਼ਾਂਤੀ ਦੂਤ ਬਣਾਓ। ਇਹੀ ਸੰਸਾਰ ਦੇ ਕੁਸ਼ਲ-ਮੰਗਲ ਦਾ ਭੇਤ ਹੈ। ਸ਼ਾਂਤੀ ਤੋਂ ਵੱਡੀ ਦੌਲਤ ਕੋਈ ਨਹੀਂ ਹੈ। ਪਰਿਵਾਰ ਵਿਚ ਸ਼ਾਂਤੀ ਇਕ ਰੁੱਖ ਦੀ ਤਰ੍ਹਾਂ ਹੈ ਜਿਸ ਦੀ ਛਾਂ ਵਿਚ ਆਨੰਦ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ਅਸ਼ਾਂਤੀ ਕਾਲਾਂਤਰ ਵਿਚ ਅਗਨੀ ਦੇ ਸਮਾਨ ਜੀਵਨ ਦੇ ਹਰ ਅੰਗ ਨੂੰ ਭਸਮ ਕਰ ਦਿੰਦੀ ਹੈ। ਮਨੁੱਖਤਾ ਦਾ ਮੂਲ ਇਸੇ ਸ਼ਾਂਤੀ ਦੇ ਗਰਭ ਵਿਚ ਸਥਿਰ ਹੈ। ਜੇ ਜੀਵਨ ਨੂੰ ਸੁੱਖ ਅਤੇ ਖ਼ੁਸ਼ਹਾਲੀ ਨਾਲ ਸੰਪੰਨ ਕਰਨਾ ਹੋਵੇ ਤਾਂ ਯਕੀਨਨ ਸ਼ਾਂਤੀ ਦੀ ਪੂਜਾ ਕਰਨੀ ਹੋਵੇਗੀ। ਦੇਸ਼ ਵਿਚ ਆਮ ਲੋਕਾਂ ਨੂੰ ਸ਼ਾਂਤੀ ਦੇ ਸੂਤਰ ਅਪਨਾਉਣੇ ਚਾਹੀਦੇ ਹਨ। ਸਾਵਧਾਨੀ ਨਾਲ ਪ੍ਰੇਮ ਦਾ ਵਿਵਹਾਰ ਸ਼ਾਂਤੀ ਦੇ ਮਾਰਗ ਨੂੰ ਮਜ਼ਬੂਤ ਕਰੇਗਾ। ਵਿਅਕਤੀਆਂ, ਸਮੂਹਾਂ ਅਤੇ ਦੇਸ਼ਾਂ ਵਿਚ ਵੀ ਆਪਸੀ ਕੁੜੱਤਣ ਦੀ ਭਾਵਨਾ ਸਥਾਈ ਸ਼ਾਂਤੀ ਲਈ ਅੜਿੱਕਾ ਹੈ। ਸਦਭਾਵ ਦੀ ਕਸੌਟੀ ਅਤੇ ਵਿਵੇਕ ਦੀ ਤਰਾਜ਼ੂ ਨਾਲ ਵਿਚਾਰਾਂ ਦਾ ਪਰਸਪਰ ਵਿਵਹਾਰ ਬਹੁਤ ਸਿੱਧ ਪ੍ਰਯੋਗ ਹੈ। ਸ਼ਾਂਤੀ ਦਾ ਵਾਤਾਵਰਨ ਸਭ ਤੋਂ ਪਹਿਲੀ ਪੌੜੀ ਹੈ ਜੋ ਇਸ ਜੀਵਨ ਨੂੰ ਸਫਲ ਬਣਾਉਣ ਵਿਚ ਰਾਮਬਾਣ ਦੀ ਤਰ੍ਹਾਂ ਉਪਯੋਗੀ ਹੈ। ਸ਼ਾਂਤੀ ਜੀਵਨ ਨੂੰ ਖ਼ੁਸ਼ਹਾਲ ਵੀ ਬਣਾਉਂਦੀ ਹੈ। ਇਸ ਲਈ ਸਭ ਨੂੰ ਸ਼ਾਂਤੀ ਦਾ ਪੱਲਾ ਫੜੀ ਰੱਖਣਾ ਚਾਹੀਦਾ ਹੈ।

-ਡਾ. ਰਾਘਵੇਂਦਰ ਸ਼ੁਕਲ।

Posted By: Jagjit Singh