6 ਫਰਵਰੀ, ਬਰਸੀ 'ਤੇ

ਹਰਸਿਮਰਨਜੀਤ ਚੰਦੜ - ਬ੍ਰਹਮ ਗਿਆਨੀ ਤੇ ਮਹਾਨ ਤਪੱਸਵੀ ਸੰਤ ਬਾਬਾ ਗੋਬਿੰਦ ਦਾਸ ਮਹਾਰਾਜ ਨੇ ਸਮੁੱਚਾ ਜੀਵਨ ਪ੍ਰਭੂ ਬੰਦਗੀ, ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦੀ ਮਾਨਵਵਾਦੀ ਵਿਚਾਰਧਾਰਾ ਨੂੰ ਦੁਨੀਆ ਤਕ ਪਹੁੰਚਾਉਣ 'ਚ ਗੁਜ਼ਾਰਿਆ। ਉਨ੍ਹਾਂ ਨੇ ਲੋਕਾਈ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ, ਮਾਨਵਤਾ ਨੂੰ ਪਿਆਰ ਕਰਨ, ਸਦਾਚਾਰਕ ਜੀਵਨ ਜਿਊਂਣ ਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਸੰਤ ਗੋਬਿੰਦ ਦਾਸ ਜੀ ਮਹਿਮਾ ਦਾ ਹੀ ਪ੍ਰਤਾਪ ਹੈ ਕਿ ਫਗਵਾੜਾ ਦੇ ਮੁਹੱਲਾ ਗੋਬਿੰਦਪੁਰਾ ਸਥਿਤ ਡੇਰਾ ਉੱਤਰੀ ਭਾਰਤ ਤੇ ਵਿਦੇਸ਼ਾਂ ਵਿਚ ਵੀ ਰੂਹਾਨੀਅਤ ਦਾ ਸਦਰ ਮੁਕਾਮ ਹੈ। ਲੱਖਾਂ ਪ੍ਰਾਣੀ ਇਥੇ ਆ ਕੇ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।

ਸੰਤ ਗੋਬਿੰਦ ਦਾਸ ਜੀ ਦਾ ਜਨਮ 27 ਦਸੰਬਰ 1894 ਨੂੰ ਪਿੰਡ ਭੂੰਗਰਨੀ ਜ਼ਿਲ੍ਹਾ ਹਸ਼ਿਆਰਪੁਰ ਵਿਖੇ ਪਿਤਾ ਸ੍ਰੀ ਪਾਲ ਰਾਮ ਤੇ ਮਾਤਾ ਪ੍ਰੇਮੀ ਜੀ ਦੇ ਘਰ ਹੋਇਆ। ਆਪ ਕੇਵਲ ਪੰਜਵੀਂ ਤਕ ਪੜ੍ਹਾਈ ਕਰ ਸਕੇ। ਖਰਾਦ ਦਾ ਕੰਮ ਕਰਦਿਆਂ ਉਨ੍ਹਾਂ ਦਾ ਇਕ ਹੱਥ ਮਸ਼ੀਨ 'ਚ ਆਉਣ ਕਾਰਨ ਕੱਟਿਆ ਗਿਆ। ਘਰਦਿਆਂ ਨੇ ਆਪ ਨੂੰ ਪੁਰਹੀਰਾਂ, ਹੁਸ਼ਿਆਰਪੁਰ ਦੇ ਸੰਤ ਬਾਬਾ ਭੂਰੀਦਾਸ ਜੀ ਦੇ ਨਾਲ ਰਲਾ ਦਿੱਤਾ। ਉਨ੍ਹਾਂ ਪਾਸੋਂ ਬਾਬਾ ਗੋਬਿੰਦ ਦਾਸ ਨੇ ਨਾਮਦਾਨ ਦੀ ਦਾਤ ਪ੍ਰਾਪਤ ਕੀਤੀ।

ਸੰਤ ਗੋਬਿੰਦ ਦਾਸ ਨੇ ਸਮੁੱਚਾ ਜੀਵਨ ਸਮਾਜ ਭਲਾਈ, ਮਨੁੱਖੀ ਕਲਿਆਣ ਤੇ ਮਾਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਦੇ ਲੜ ਲਾਇਆ। ਕੋਈ ਸ਼ਰਧਾਲੂ ਜੇ ਮਾਇਆ ਨਾਲ ਮੱਥਾ ਟੇਕਦਾ ਤਾਂ ਉਹ ਕਹਿੰਦੇ ਸਨ–ਭਾਈ, ਆਹ ਪੈਸੇ ਲੈ ਜਾਵੋ ਤੇ ਇਨ੍ਹਾਂ ਨਾਲ ਬੱਚਿਆਂ ਨੂੰ ਕਾਪੀਆਂ-ਕਿਤਾਬਾਂ ਲੈ ਦੇਣਾ ਤਾਂ ਕਿ ਉਹ ਪੜ-ਲਿਖ ਕੇ ਸਮਾਜ ਦੀ ਤਰੱਕੀ ਕਰ ਸਕਣ।

ਉਪਰੰਤ ਸੰਤ ਚਮਨ ਦਾਸ ਜੀ ਦੀ ਉਦਾਸੀ ਗੱਦੀ 'ਤੇ ਬਿਰਾਜਮਾਨ ਹੋਏ। ਆਪ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਬਹੇੜਾ ਪਿੰਡ ਨਾਲ ਸਬੰਧਤ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਸੰਤ ਦੇਸ ਰਾਜ ਗੱਦੀ 'ਤੇ ਬਿਰਾਜਮਾਨ ਹਨ। ਉਹ ਵੀ ਪੂਜਨੀਕ ਸੰਤ ਗੋਬਿੰਦ ਦਾਸ ਤੇ ਸੰਤ ਚਮਨ ਦਾਸ ਦੇ ਦਰਸਾਏ ਮਾਰਗ 'ਤੇ ਚੱਲ ਕੇ ਸੰਗਤ ਨੂੰ ਨਾਮ ਦੀ ਬਖ਼ਸ਼ਿਸ਼ ਕਰਦੇ ਹਨ। ਡੇਰੇ ਦੇ ਸ਼ਰਧਾਲੂ ਸੇਵਕ ਤਾਰਾ ਚੰਦ ਨਿਰਮਲ ਨੇ ਦੋ ਪੁਸਤਕਾਂ 'ਗੋਵਿੰਦ ਬਿਲਾਸ' ਤੇ 'ਬਾਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ' ਲਿਖੀਆਂ ਹੋਈਆਂ ਹਨ।

6 ਫਰਵਰੀ, 24 ਮਾਘ ਨੂੰ ਸੰਤ ਗੋਬਿੰਦ ਦਾਸ ਜੀ ਦੀ ਉਦਾਸੀ ਦੀ ਬਰਸੀ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਤੀਸਰਾ ਜੀ ਦੀ ਅਗਵਾਈ ਵਿਚ ਸੰਗਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਛਿੰਝ ਵੀ ਕਰਵਾਈ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ ਚੋਟੀ ਦੇ ਪਹਿਲਵਾਨ ਹਿੱਸਾ ਲੈਣਗੇ।

Posted By: Harjinder Sodhi