ਵਿਕਾਸ ਅਤੇ ਤਬਾਹੀ ਦੀ ਜੜ੍ਹ ਚੰਗੀ ਬੁੱਧੀ ਅਤੇ ਮੰਦੀ ਬੁੱਧੀ ਮੰਨੀ ਗਈ ਹੈ। ਚੰਗੀ ਬੁੱਧੀ ਮਨੁੱਖੀ ਦਿਮਾਗ ਵਿਚ ਹਾਂ-ਪੱਖੀ ਸੋਚ ਦੀ ਉਪਜ ਕਰਨ ਵਾਲੀ ਈਸ਼ਵਰ ਵੱਲੋਂ ਪ੍ਰਦਾਨ ਕੀਤੀ ਗਈ ਔਸ਼ਧੀ ਸ਼ਕਤੀ ਹੈ। ਇਸ ਸਦਕਾ ਔਖੇ ਪੈਂਡਿਆਂ 'ਤੇ ਵੀ ਆਸਾਨੀ ਨਾਲ ਚੱਲਣ ਦੀ ਸਮਰਥਾ ਵਿਕਸਤ ਹੁੰਦੀ ਹੈ ਅਤੇ ਟੀਚਾ ਮਿੱਥ ਲਿਆ ਜਾਂਦਾ ਹੈ। ਚੰਗੀ ਬੁੱਧੀ ਨੂੰ ਜੀਵਨ ਵਿਚ ਧਾਰਨ ਕਰਨ 'ਤੇ ਹੀ ਵਿਅਕਤੀ ਦਾ ਵਿਕਾਸ ਹੁੰਦਾ ਹੈ। ਓਥੇ ਹੀ ਮਾੜੀ ਬੁੱਧੀ ਤੋਂ ਗ੍ਰਸਤ ਹੋਣ ਕਾਰਨ ਮਨੁੱਖ ਦਾ ਹਰ ਤਰ੍ਹਾਂ ਨਾਲ ਪਤਨ ਹੋ ਜਾਂਦਾ ਹੈ। ਦੇਵਤਿਆਂ ਦੀ ਪਛਾਣ ਚੰਗੀ ਬੁੱਧੀ ਅਤੇ ਦਾਨਵ ਦੀ ਪਛਾਣ ਮਾੜੀ ਬੁੱਧੀ ਕਾਰਨ ਹੁੰਦੀ ਹੈ। ਭਗਤੀ ਦਾ ਅਸਰ ਜਦ ਵੱਧਦਾ ਹੈ ਤਾਂ ਪਰਮਾਤਮਾ ਵਰਦਾਨ ਦੇ ਰੂਪ ਵਿਚ ਭਗਤ ਨੂੰ ਚੰਗੀ ਬੁੱਧੀ ਰੂਪੀ ਦੈਵੀ ਸੰਪਦਾ ਪ੍ਰਦਾਨ ਕਰਦਾ ਹੈ ਜਿਸ ਸਦਕਾ ਹਰ ਤਰ੍ਹਾਂ ਦੇ ਸੁੱਖ, ਸੰਪਤੀ, ਧਨ-ਦੌਲਤ, ਯਸ਼-ਕੀਰਤੀ, ਅਹੁਦੇ-ਵੱਕਾਰ ਦੀ ਪ੍ਰਾਪਤੀ ਹੁੰਦੀ ਰਹਿੰਦੀ ਹੈ। ਓਥੇ ਹੀ ਈਸ਼ਵਰ ਪ੍ਰਤੀ ਨਾਸਤਿਕਤਾ ਦਾ ਭਾਵ ਹੋਣ ਕਾਰਨ ਮਾੜੀ ਬੁੱਧੀ ਵਾਲਾ ਵਿਅਕਤੀ ਪੈਰ-ਪੈਰ 'ਤੇ ਠੋਕਰਾਂ ਖਾ ਕੇ ਬੇਇੱਜ਼ਤੀ, ਦੁੱਖ, ਸੰਤਾਪ ਸਹਾਰਦਾ ਹੈ। ਰੱਬ ਪ੍ਰਤੀ ਨਾਸਤਿਕਤਾ ਕਾਰਨ ਹੀ ਉਸ ਦੀ ਮੱਤ ਮਾਰੀ ਜਾਂਦੀ ਹੈ ਅਤੇ ਸਾਰੀ ਧਨ-ਦੌਲਤ, ਜ਼ਮੀਨ-ਜਾਇਦਾਦ ਨਸ਼ਟ ਹੋ ਜਾਂਦੀ ਹੈ ਜਦਕਿ ਚੰਗੀ ਬੁੱਧੀ ਕਾਰਨ ਬੇਸਹਾਰਾ, ਗ਼ਰੀਬ, ਦੀਨ-ਦੁਖੀ ਵਿਅਕਤੀ ਵੀ ਆਪਣਾ ਗੁਜ਼ਾਰਾ ਚਲਾ ਲੈਂਦਾ ਹੈ। ਕਿਸੇ ਦੇ ਅੱਗੇ ਉਸ ਨੂੰ ਹੱਥ ਫੈਲਾਉਣ, ਭੀਖ ਮੰਗਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਬਿਨਾਂ ਚੰਗੀ ਬੁੱਧੀ ਦੇ ਮਨੁੱਖ ਦੇ ਜੀਵਨ ਦਾ ਕਾਇਆਕਲਪ ਹੋਣਾ ਹਰਗਿਜ਼ ਸੰਭਵ ਨਹੀਂ ਹੈ। ਚੰਗੀ ਬੁੱਧੀ ਸਦਕਾ ਹੀ ਜੀਵਨ ਦੀਆਂ ਸਾਰੀਆਂ ਅਣਸੁਲਝੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਣਾ ਸੰਭਵ ਹੈ। ਪ੍ਰਾਚੀਨ ਸਮੇਂ ਸਾਰੇ ਰਿਸ਼ੀ-ਮਹਾਰਿਸ਼ੀ ਅਤੇ ਦੇਵਤੇ ਚੰਗੀ ਬੁੱਧੀ ਦੇ ਉਦੈ ਲਈ ਨਿੱਤ ਗਾਇਤਰੀ ਉਪਾਸਨਾ ਕਰਦੇ ਹੁੰਦੇ ਸਨ। ਇਹੀ ਅੰਤਰ-ਦ੍ਰਿਸ਼ਟੀ ਦੇ ਉਦੈ ਦਾ ਵੀ ਮੂਲ ਹੈ। ਇਸ ਤੋਂ ਬਿਨਾਂ ਤਾਂ ਵਿਅਕਤੀ ਮੂੜ੍ਹ-ਮੂਰਖ, ਪਸ਼ੂ ਸਮਾਨ ਜੀਵਨ ਗੁਜ਼ਾਰਦਾ ਹੈ। ਆਤਮਿਕ ਤਰੱਕੀ ਅਤੇ ਜੀਵਨ ਦੀ ਸਾਰਥਕਤਾ ਦਾ ਸੁਨਹਿਰੀ ਮੌਕਾ ਤਾਂ ਚੰਗੀ ਬੁੱਧੀ ਕਾਰਨ ਹੀ ਸੰਭਵ ਹੁੰਦਾ ਹੈ। ਪ੍ਰਾਚੀਨ ਕਾਲ ਵਿਚ ਰਿਸ਼ੀ-ਮੁਨੀ ਜੀਵਨ ਨੂੰ ਸੰਸਕਾਰਾਂ ਵਾਲਾ ਅਤੇ ਬੰਧਨ ਮੁਕਤ ਬਣਾਉਣ ਲਈ ਬਾਲ ਕਾਲ ਤੋਂ ਹੀ ਚੰਗੀ ਬੁੱਧੀ ਨੂੰ ਜਾਗ੍ਰਿਤ ਕਰਨ ਦਾ ਅਭਿਆਸ ਕਰਵਾਉਂਦੇ ਸਨ। ਇਸ ਕਾਰਨ ਉਨ੍ਹਾਂ ਦਾ ਜੀਵਨ ਸੁਖੀ, ਸੰਪੰਨ, ਨੈਤਿਕਤਾ ਪ੍ਰਧਾਨ ਬਣ ਕੇ ਮਾਣਮੱਤਾ ਅਤੇ ਮਹਾਨ ਬਣ ਜਾਂਦਾ ਸੀ।-ਮੁਕੇਸ਼ ਰਿਸ਼ੀ।

Posted By: Jagjit Singh