19 ਅਪ੍ਰੈਲ, ਗੁੱਡ ਫਰਾਈਡੇ 'ਤੇ

ਪ੍ਰਭੂ ਯਿਸੂ ਮਸੀਹ ਨੇ ਮੌਤ ਅਤੇ ਪਾਪਾਂ ਨੂੰ ਹਰਾਇਆ ਤੇ ਸੰਸਾਰ ਨੂੰ ਜਿੱਤਿਆ। ਸਾਰੀਆਂ ਉਮਤਾ ਲਈ ਪ੍ਰਭੂ ਯਿਸੂ ਦਾ ਬਲੀਦਾਨ ਗੁੱਡ ਫਰਾਈਡੇ ਹੈ। ਇਕ ਪਾਸੇ ਇਸ ਦਿਨ ਦੀ ਖ਼ੁਸ਼ੀ ਤੇ ਦੂਜੇ ਪਾਸੇ ਸੋਗ ਮਨਾਇਆ ਜਾਂਦਾ ਹੈ। ਮਸੀਹ ਭਾਈਚਾਰੇ ਦੇ ਲੋਕ ਰੋਜ਼ੇ ਰੱਖ ਕੇ ਦੁੱਖ ਤੇ ਸੋਗ ਮਨਾਉਂਦੇ ਹਨ ਤੇ ਪ੍ਰਭੂ ਯਿਸੂ ਦੇ ਦੁੱਖਾਂ ਨੂੰ ਯਾਦ ਕਰਦੇ ਹਨ ਤਾਂ ਕਿ ਜੋ ਲੋਕ ਪਾਪਾਂ ਭਰੇ ਕੰਮ ਕਰ ਕੇ ਪਰਮੇਸ਼ਵਰ ਤੋਂ ਦੂਰ ਹਨ, ਉਹ ਸਿੱਧੇ ਰਸਤੇ 'ਤੇ ਆ ਸਕਣ।

ਗੁੱਡ ਫਰਾਈਡੇ ਉਹ ਦਿਨ ਹੈ, ਜਿਸ ਦਿਨ ਪ੍ਰਭੂ ਯਿਸੂ ਨੂੰ ਸੂਲੀ 'ਤੇ ਚੜ੍ਹਾਇਆ ਗਿਆ ਸੀ। ਇਸ ਨੂੰ 'ਗੁੱਡ ਫਰਾਈਡੇ' ਇਸ ਲਈ ਆਖਦੇ ਹਨ ਕਿਉਂਕਿ ਪ੍ਰਭੂ ਯਿਸੂ ਦੁਆਰਾ ਕੋੜੇ ਤੇ ਸਲੀਬੀ ਮੌਤ ਸਹਿਣ ਕਰਨ ਕਰਕੇ ਸਾਨੂੰ ਪਾਪਾਂ ਤੋਂ ਮੁਕਤੀ ਮਿਲੀ ਸੀ।

ਪ੍ਰਭੂ ਯਿਸੂ ਮਸੀਹ ਦਾ ਜਨਮ ਇਜ਼ਰਾਈਲ ਦੇ ਸ਼ਹਿਰ ਨਾਸਰਤ ਵਿਖੇ ਹੋਇਆ। ਯਹੂਦੀ ਧਰਮ ਗੁਰੂਆਂ ਦਾ ਮੰਨਣਾ ਸੀ ਕਿ ਯਿਸੂ ਦੀ ਵਿਚਾਰਧਾਰਾ ਉਨ੍ਹਾਂ ਦੀਆਂ ਮਾਨਤਾਵਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਯੋਜਨਾਬਧ ਤਰੀਕੇ ਨਾਲ ਪ੍ਰਭੂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਉਨ੍ਹਾਂ ਉੱਪਰ ਦੋਸ਼ ਲਗਾਏ ਗਏ ਕਿ ਉਹ ਲੋਕਾਂ ਨੂੰ ਰਾਜਾ ਦੇ ਖ਼ਿਲਾਫ਼ ਭੜਕਾ ਕੇ ਟੈਕਸ ਦੇਣ ਤੋਂ ਰੋਕ ਰਹੇ ਹਨ। ਬਾਅਦ 'ਚ ਉਨ੍ਹਾਂ ਉੱਪਰ ਧਰਮ ਵਿਰੋਧੀ ਹੋਣ ਦਾ ਦੋਸ਼ ਵੀ ਮੜ੍ਹ ਦਿੱਤਾ ਗਿਆ। ਪ੍ਰਭੂ ਯਿਸੂ ਨੂੰ ਰਾਜੇ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਨੂੰ 39 ਕੋੜੇ ਮਾਰੇ ਗਏ, ਤਸੀਹੇ ਦਿੱਤੇ ਗਏ, ਮੂੰਹ 'ਤੇ ਥੁੱਕਿਆ ਗਿਆ ਤੇ ਸਿਰ 'ਤੇ ਕੰਡਿਆਂ ਦਾ ਤਾਜ ਪਾ ਕਿ ਭਾਰੀ ਸਲੀਬ ਚੁਕਵਾ ਕੇ ਸ਼ਹਿਰ ਦੇ ਬਾਹਰ ਖੋਪਰੀ ਨਾਂ ਦੇ ਸਥਾਨ 'ਤੇ ਲਿਜਾਇਆ ਗਿਆ।

ਸਿਪਾਹੀਆਂ ਨੇ ਯਿਸੂ ਨੂੰ ਸੂਲੀ 'ਤੇ ਲਿਟਾ ਕੇ ਹੱਥਾਂ-ਪੈਰਾਂ 'ਚ ਕਿੱਲ ਠੋਕ ਦਿੱਤੇ ਤੇ ਸੂਲੀ ਖੜ੍ਹੀ ਕਰ ਦਿੱਤੀ। ਸਲੀਬ ਦੇ ਖੱਬੇ ਤੇ ਸੱਜੇ ਪਾਸੇ ਦੋ ਸੰਗੀਨ ਮੁਜ਼ਰਿਮਾਂ ਨੂੰ ਸੂਲੀ 'ਤੇ ਟੰਗਿਆ ਗਿਆ। ਸਿਪਾਹੀਆਂ ਨੇ ਪ੍ਰਭੂ ਦੇ ਕੱਪੜੇ ਵੀ ਆਪਸ 'ਚ ਵੰਡ ਲਏ ਤੇ ਮਜ਼ਾਕ ਵੀ ਉਡਾਇਆ। ਕਰੀਬ 12 ਵਜੇ ਪ੍ਰਭੂ ਨੂੰ ਸੂਲੀ 'ਤੇ ਚੜ੍ਹਾਇਆ ਗਿਆ ਤੇ ਤਿੰਨ ਘੰਟੇ ਬਾਅਦ ਪ੍ਰਭੂ ਨੇ ਸਰੀਰ ਛੱਡ ਦਿੱਤਾ। ਧਰਤੀ 'ਤੇ ਹਨੇਰਾ ਛਾ ਗਿਆ, ਕਬਰਾਂ ਖੁੱਲ੍ਹ ਗਈਆਂ, ਪੱਥਰ ਪਾਟ ਗਏ ਤੇ ਹੈਕਲ ਦਾ ਪਰਦਾ ਪਾਟ ਗਿਆ। ਇਸ ਮੌਕੇ ਤਾਇਨਾਤ ਸੂਬੇਦਾਰ ਨੇ ਕਿਹਾ ਕਿ ਸੱਚਮੁੱਚ ਇਹ ਪਰਮੇਸ਼ਵਰ ਦਾ ਪੁੱਤਰ ਹੈ।

ਪਵਿੱਤਰ ਬਾਈਬਲ ਅਨੁਸਾਰ, 'ਉਸ ਨੇ ਸਾਡੇ ਗ਼ਮ ਚੁੱਕ ਲਏ ਤੇ ਸਾਡੇ ਦੁੱਖ ਉਠਾਏ ਪਰ ਅਸਾਂ ਉਸ ਨੂੰ ਮਾਰਿਆ, ਪਰਮੇਸ਼ਵਰ ਦਾ ਕੁੱਟਿਆ ਤੇ ਭੰਨਿਆ ਹੋਇਆ ਸਮਝਿਆ। ਉਹ ਸਾਡੇ ਅਪਰਾਧਾਂ ਲਈ ਜ਼ਖ਼ਮੀ ਕੀਤਾ ਗਿਆ, ਸਾਡੀਆਂ ਬਦੀਆਂ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।' ਗੁੱਡ ਫਰਾਈਡੇ ਨੂੰ (ਗੁੱਡ) ਖ਼ੁਸ਼ੀ ਦਾ ਦਿਨ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾ ਮਨੁੱਖ ਦੇ ਕੀਤੇ ਪਾਪਾਂ ਦੀ ਮਾਫ਼ੀ ਲਈ ਉਸ ਨੂੰ ਜਨਵਰਾਂ ਦੀ ਬਲੀ ਦੇਣੀ ਪੈਂਦੀ ਸੀ ਪਰ ਪ੍ਰਭੂ ਯਿਸੂ ਮਸੀਹ ਦੀ ਪਵਿੱਤਰ ਕੁਰਬਾਨੀ ਤੋਂ ਬਾਅਦ ਜਾਨਵਰਾਂ ਦੀਆਂ ਕੁਰਬਾਨੀਆਂ ਦਾ ਅੰਤ ਹੋਇਆ। ਹੁਣ ਪਾਪਾਂ ਦੀ ਮਾਫ਼ੀ ਲਈ ਬਲੀ ਦੀ ਨਹੀ ਸਗੋਂ ਸੱਚੇ ਦਿਲੋਂ ਤੌਬਾ ਕਰਨ ਨਾਲ ਹੀ ਮਾਫ਼ੀ ਮਿਲ ਜਾਂਦੀ ਹੈ।

ਬਿਸ਼ਪ ਰਿਆਜ਼ ਮਸੀਹ ਤੇਜਾ

98722-69554

Posted By: Harjinder Sodhi