ਰੱਬ ਦੀ ਹੋਂਦ ਨੂੰ ਲੈ ਕੇ ਹਮੇਸ਼ਾ ਤੋਂ ਹੀ ਬਹਿਸ ਹੁੰਦੀ ਹੈ ਕਿ ਉਹ ਸੰਸਾਰ ਵਿਚ ਹੈ ਤਾਂ ਕਠਿਨ ਤਪੱਸਿਆ, ਯੱਗਾਂ, ਧਾਰਮਿਕ ਰਹੁ-ਰੀਤਾਂ, ਪੂਜਾ-ਪਾਠ, ਵਰਤਾਂ ਤੋਂ ਬਾਅਦ ਦਿਸਦਾ ਕਿਉਂ ਨਹੀਂ? ਬਹੁਤਿਆਂ ਨੂੰ ਇਹ ਵੀ ਕਹਿੰਦੇ ਸੁਣਿਆ ਜਾਂਦਾ ਹੈ ਕਿ ਤਮਾਮ ਯਤਨਾਂ ਤੋਂ ਬਾਅਦ ਵੀ ਰੱਬ ਦਿਖਾਈ ਨਹੀਂ ਦਿੱਤਾ ਇਸ ਲਈ ਉਨ੍ਹਾਂ ਦਾ ਉਸ 'ਤੇ ਭਰੋਸਾ, ਸ਼ਰਧਾ ਅਤੇ ਆਸਥਾ ਖ਼ਤਮ ਹੋ ਗਈ। ਅਜਿਹੇ ਲੋਕਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਕੋਈ ਪਦਾਰਥ ਦਿਖਾਈ ਨਹੀਂ ਦਿੰਦਾ ਹੈ ਤਾਂ ਕੀ ਉਸ ਪਦਾਰਥ ਦੀ ਹੋਂਦ ਸਮਾਪਤ ਹੋ ਜਾਵੇਗੀ?

ਵਿਅਕਤੀ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਜੇ ਅਨੇਕਾਂ ਉਪਾਵਾਂ ਨਾਲ ਵੀ ਰੱਬ ਦਿਖਾਈ ਨਹੀਂ ਦਿੱਤਾ ਤਾਂ ਉਸ ਦੀ ਦ੍ਰਿਸ਼ਟੀ ਵਿਚ ਦੋਸ਼ ਹੈ ਜਦਕਿ ਕਣ-ਕਣ 'ਚ ਰੱਬ ਨੂੰ ਦੇਖਿਆ ਜਾ ਸਕਦਾ ਹੈ। ਮਿਸਾਲ ਵਜੋਂ ਕਿਸੇ ਬਿਮਾਰ ਵਿਅਕਤੀ ਨੂੰ ਉਸ ਵਕਤ ਹਸਪਤਾਲ ਵਿਚ ਲਿਆਂਦਾ ਜਾਂਦਾ ਹੈ ਜਦ ਉਸ ਦੇ ਜੀਵਨ 'ਤੇ ਸੰਕਟ ਛਾਇਆ ਰਹਿੰਦਾ ਹੈ।

ਇੱਥੇ ਹਸਪਤਾਲ ਮੰਦਰ ਦੀ ਤਰ੍ਹਾਂ ਹੁੰਦਾ ਹੈ ਅਤੇ ਡਾਕਟਰ ਪੁਜਾਰੀ ਦੀ ਤਰ੍ਹਾਂ ਉਸ ਦੇ ਜੀਵਨ ਨੂੰ ਬਚਾਉਣ ਦਾ ਹੀਆ ਕਰਦਾ ਹੈ। ਦਵਾਈਆਂ ਪੂਜਾ-ਸਮੱਗਰੀ ਹੁੰਦੀਆਂ ਹਨ। ਡਾਕਟਰ ਜ਼ਰੂਰਤ ਅਨੁਸਾਰ ਕਿਸੇ ਦੀ ਸਰਜਰੀ ਕਰਦਾ ਹੈ, ਕਿਸੇ ਨੂੰ ਡਰਿੱਪ, ਕਿਸੇ ਨੂੰ ਇੰਜੈਕਸ਼ਨ ਅਤੇ ਕਿਸੇ ਨੂੰ ਖਾਣ ਲਈ ਦਵਾਈਆਂ ਦਿੰਦਾ ਹੈ।

ਇਹ ਹੋਇਆ ਰੱਬ ਨੂੰ ਹਾਸਲ ਕਰਨ ਦਾ ਮਾਰਗ ਯਾਨੀ ਵਰਤ, ਹਵਨ, ਭਜਨ-ਕੀਰਤਨ, ਸਤਿਸੰਗ। ਇਹ ਦਵਾਈਆਂ ਜਦ ਸਰੀਰ ਵਿਚ ਜਾਂਦੀਆਂ ਹਨ ਤਾਂ ਵਿਅਕਤੀ ਮੁੜ ਸਿਹਤਮੰਦ ਹੋ ਜਾਂਦਾ ਹੈ। ਜੀਵਨ ਰੱਬ ਦਿੰਦਾ ਹੈ ਅਤੇ ਮਿੱਥੇ ਸਮੇਂ ਲਈ ਬਚਾਉਂਦਾ ਹੈ।

ਇਹੀ ਕੰਮ ਹਸਪਤਾਲ ਰੂਪੀ ਮੰਦਰ ਅਤੇ ਉਸ ਵਿਚ ਕੀਤੀ ਗਈ ਉਪਾਸਨਾ-ਪ੍ਰਣਾਲੀ ਰਾਹੀਂ ਹੁੰਦਾ ਹੈ। ਇਸ ਦੇ ਇਲਾਵਾ ਵੀ ਦੇਖੀਏ ਤਾਂ ਵਿਅਕਤੀ ਜਿਊਣ ਲਈ ਖ਼ੁਰਾਕੀ ਵਸਤਾਂ ਖਾਂਦਾ-ਪੀਂਦਾ ਹੈ ਜੋ ਰਸੋਈ ਵਿਚ ਤਿਆਰ ਹੁੰਦੀਆਂ ਹਨ।

ਇਸ ਘਰ ਦੀ ਪੁਜਾਰੀ ਹੋਈ ਸੁਆਣੀ ਜੋ ਖਾਣ-ਪੀਣ ਦੀ ਸਮੱਗਰੀ ਨੂੰ ਵਰਤੋਂ ਲਈ ਤਿਆਰ ਕਰਦੀ ਹੈ। ਖ਼ੁਰਾਕੀ ਪਦਾਰਥ ਕਿਸ ਵਿਧੀ ਨਾਲ ਤਿਆਰ ਹੋਇਆ, ਇਹ ਹੋਇਆ ਪੂਜਾ-ਪਾਠ ਦਾ ਮਾਰਗ ਤੇ ਜਦ ਉਸ ਨੂੰ ਗ੍ਰਹਿਣ ਕੀਤਾ ਜਾਂਦਾ ਹੈ ਅਤੇ ਜੀਵਨ ਸੰਚਾਲਿਤ ਹੁੰਦਾ ਹੈ ਤਾਂ ਇਹ ਹੋਇਆ ਈਸ਼ਵਰ-ਦਰਸ਼ਨ ਅਤੇ ਕਿਰਪਾ। ਕੋਈ ਇਹ ਸੋਚੇ ਕਿ ਪੂਜਾ ਕਰਨ ਤੋਂ ਪ੍ਰਸੰਨ ਹੋ ਕੇ ਵਿਸ਼ਣੂ ਭਗਵਾਨ ਗਰੁੜ 'ਤੇ, ਸ਼ੰਕਰ ਜੀ ਨੰਦੀ ਜਾਂ ਮਾਂ ਦੁਰਗਾ ਸ਼ੇਰ 'ਤੇ ਸਵਾਰ ਹੋ ਕੇ ਆਉਣਗੇ ਤਾਂ ਇਸ ਨੂੰ ਅਗਿਆਨਤਾ ਹੀ ਕਿਹਾ ਜਾਵੇਗਾ।

-ਸਲਿਲ ਪਾਂਡੇ।

Posted By: Jagjit Singh