ਮਨੁੱਖ ਦਾ ਸੁਭਾਅ ਹੈ ਕਿ ਉਹ ਦੁੱਖ ਦੀ ਘੜੀ 'ਚ ਸਹਾਰਾ ਲੱਭਦਾ ਹੈ। ਉਹ ਖ਼ੁਸ਼ੀਆਂ ਵੰਡਣ ਲਈ ਸੱਜਣਾਂ-ਮਿੱਤਰਾਂ ਨੂੰ ਆਪਣੇ ਕੋਲ ਚਾਹੁੰਦਾ ਹੈ। ਹਰੇਕ ਇਨਸਾਨ ਦਾ ਆਪੋ-ਆਪਣਾ ਧਾਰਮਿਕ ਵਿਸ਼ਵਾਸ ਹੈ। ਕਿਸੇ ਨੂੰ ਵਾਹਿਗੁਰੂ ਕਹਿ ਕੇ ਸ਼ਾਂਤੀ ਮਿਲਦੀ ਹੈ। ਕਿਸੇ ਨੂੰ ਅੱਲਾ ਕਹਿ ਕੇ ਅਤੇ ਕੁਝ ਨੂੰ ਰਾਮ ਕਹਿ ਕੇ। ਇਸ ਸਭ ਦੇ ਬਾਵਜੂਦ ਜ਼ਿਆਦਾਤਰ ਇਨਸਾਨ ਤੰਗਦਿਲੀ ਦਾ ਤਿਆਗ ਨਹੀਂ ਕਰਦੇ। ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮਨੁੱਖ ਦੀ ਸਿਰਫ਼ ਇਕ ਜਾਤ ਹੈ ਅਤੇ ਉਹ ਹੈ ਮਨੁੱਖਤਾ। ਆਸਤਕ ਮੰਨਦੇ ਹਨ ਕਿ ਰੱਬ ਸਰਬ-ਵਿਆਪਕ ਹੈ। ਉਹ ਹਰ ਦਿਲ 'ਚ ਵਸਦਾ ਹੈ। ਇਹ ਸਭ ਕੁਝ ਮੰਨਣ ਦੇ ਬਾਵਜੂਦ ਉਹ ਆਪਣਾ ਅਸਲ ਸਿਧਾਂਤ ਭੁਲਾ ਕੇ ਬੈਠ ਗਏ ਹਨ। ਦਰਅਸਲ, ਲੋਕ ਧਰਮ ਦੇ ਅਸਲ ਸਿਧਾਂਤ ਨੂੰ ਭੁੱਲ ਕੇ ਅੰਧ-ਵਿਸ਼ਵਾਸ 'ਚ ਵਧੇਰੇ ਯਕੀਨ ਕਰਨ ਲੱਗ ਪਏ ਹਨ। ਉਹ ਦੁੱਖ ਦੀ ਘੜੀ 'ਚ ਪ੍ਰਹੇਜ਼ ਕਰਨ ਅਤੇ ਇਲਾਜ ਕਰਵਾਉਣ ਦੀ ਥਾਂ ਤਵੀਤਾਂ-ਧਾਗਿਆਂ ਤੇ ਹੋਰ ਵਹਿਮਾਂ-ਭਰਮਾਂ 'ਚ ਯਕੀਨ ਕਰਨ ਲੱਗਦੇ ਹਨ। ਬਹੁਤ ਸਾਰੇ ਅਖੌਤੀ ਜੋਤਸ਼ੀ ਵੀ ਵਿਗਿਆਨ ਨੂੰ ਅਸਫਲ ਬਣਾਉਣ 'ਚ ਕੋਈ ਕਸਰ ਨਹੀਂ ਛੱਡਦੇ। ਉਹ ਪੜ੍ਹਿਆਂ-ਲਿਖਿਆਂ ਨੂੰ ਵੀ ਕੁਰਾਹੇ ਪਾ ਦਿੰਦੇ ਹਨ। ਹੁਣ ਜਦੋਂ ਸਾਰੀ ਦੁਨੀਆ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਕਾਰਨ ਸਹਿਮੀ ਹੋਈ ਹੈ ਤਾਂ ਪੀੜਤਾਂ ਨੂੰ ਬਚਾਉਣ ਵਾਲੀ ਖਾਕੀ, ਚਿੱਟੀ ਜਾਂ ਫਿੱਕੀ ਹਰੀ ਵਰਦੀ ਵਿਚ ਘੁੰਮਦੇ ਮੁਲਾਜ਼ਮ ਹੀ ਮੈਨੂੰ ਰੱਬੀ ਰੂਪ ਲੱਗਦੇ ਹਨ। ਉਹ ਰੱਬ ਡਾਕਟਰ, ਨਰਸਾਂ, ਪੁਲਿਸ ਮੁਲਾਜ਼ਮ ਉਦੋਂ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਜਦ ਦੁਨੀਆ ਘਰਾਂ ਵਿਚ ਬੰਦ ਹੈ। ਉਹ ਇਸ ਮੁਸੀਬਤ ਦੀ ਘੜੀ 'ਚ ਮਨੁੱਖਤਾ ਦੀ ਸੱਚੀ ਸੇਵਾ ਕਰ ਰਹੇ ਹਨ। ਸਿਆਣੇ ਕਹਿੰਦੇ ਹਨ ਕਿ 'ਜਾਨ ਹੈ ਤਾਂ ਜਹਾਨ ਹੈ।' ਡਾਕਟਰ ਤੇ ਨਰਸਾਂ ਪੀੜਤਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ। ਧਰਮ ਦੇ ਕਥਿਤ ਠੇਕੇਦਾਰ ਸਮਾਜ 'ਚ ਜ਼ਹਿਰ ਘੋਲ ਕੇ ਲੋਕਾਂ ਨੂੰ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਬਣਾ ਦਿੰਦੇ ਹਨ। ਹੁਣ ਇਸ ਔਖੀ ਘੜੀ 'ਚ ਉਹ ਪਤਾ ਨਹੀਂ ਕਿੱਥੇ ਲੁਕ ਕੇ ਬੈਠੇ ਹੋਏ ਹਨ। ਉਹ ਮਨੁੱਖਤਾ ਦੀ ਸੇਵਾ ਲਈ ਅੱਗੇ ਕਿਉਂ ਨਹੀਂ ਆ ਰਹੇ? ਕੀ ਉਨ੍ਹਾਂ ਨੂੰ ਸਿਰਫ਼ ਦੰਗੇ ਕਰਵਾਉਣੇ ਹੀ ਆਉਂਦੇ ਹਨ। ਲੋਕਾਂ ਨੂੰ ਕੋਰੋਨਾ ਵਾਇਰਸ ਨਾਂ ਦੀ ਬਿਮਾਰੀ ਨੂੰ ਨੱਥ ਪਾਉਣ ਲਈ ਇਕਜੁੱਟਤਾ ਦਾ ਸਬੂਤ ਦੇਣਾ ਹੋਵੇਗਾ। ਜੇ ਹਰ ਵਿਅਕਤੀ ਸਰਕਾਰਾਂ ਤੇ ਡਾਕਟਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਕਰਦਾ ਰਹੇਗਾ ਤਾਂ ਕੋਈ ਕਾਰਨ ਨਹੀਂ ਕਿ ਇਹ ਦੁੱਖ ਦੀ ਘੜੀ ਨਾ ਟਲੇ।

-ਜਸਵੀਰ ਕੌਰ ਪੱਖੋਕੇ (98881-53766)

Posted By: Jagjit Singh