ਇਸ ਨਾਸ਼ਵਾਨ ਜੀਵਨ ਵਿਚ ਸਾਨੂੰ ਜੋ ਵੀ ਮਿਲਿਆ ਹੋਇਆ ਹੈ, ਉਹ ਸਾਡੇ ਕਰਮਾਂ ਦਾ ਫਲ ਹੁੰਦਾ ਹੈ। ਪਰ ਜਦ ਅਸੀਂ ਉਸ ਨੂੰ ਪ੍ਰਭੂ ਦਾ ਦਿੱਤਾ ਹੋਇਆ ਪ੍ਰਸ਼ਾਦ ਮੰਨ ਕੇ ਗ੍ਰਹਿਣ ਕਰਦੇ ਹਾਂ ਤਾਂ ਗੱਲ ਕੁਝ ਹੋਰ ਹੁੰਦੀ ਹੈ। ਸਾਡਾ ਹਰੇਕ ਕਰਮ ਪੂਜਾ ਦਾ ਰੂਪ ਲੈ ਲੈਂਦਾ ਹੈ। ਇਹੋ ਗੱਲ ਭੋਜਨ ਦੇ ਸਬੰਧ ਵਿਚ ਵੀ ਲਾਗੂ ਹੋ ਸਕਦੀ ਹੈ। ਕੋਈ ਚੀਜ਼ ਜਦ ਅਸੀਂ ਖਾਣ ਤੋਂ ਪਹਿਲਾਂ ਭਗਵਾਨ ਨੂੰ ਚੜ੍ਹਾ ਕੇ ਅਰਥਾਤ ਅਰਪਿਤ ਕਰ ਕੇ ਗ੍ਰਹਿਣ ਕਰਦੇ ਹਾਂ ਤਾਂ ਉਹੀ ਭੋਜਨ ਪ੍ਰਸਾਦ ਬਣ ਜਾਂਦਾ ਹੈ। ਇਸੇ ਲਈ ਭਗਤ ਭੋਜਨ ਤੋਂ ਪਹਿਲਾਂ ਭਗਵਾਨ ਨੂੰ ਇਹੋ ਕਹਿੰਦੇ ਹਨ, 'ਹੇ ਪ੍ਰਭੂ! ਤੁਹਾਡੀ ਦਿੱਤੀ ਗਈ ਹਰ ਵਸਤੂ ਪਹਿਲਾਂ ਮੈਂ ਤੁਹਾਨੂੰ ਸਮਰਪਿਤ ਕਰਦਾ ਹਾਂ।' ਅਜਿਹਾ ਕਰਨਾ ਸਹੀ ਵੀ ਹੈ ਕਿਉਂਕਿ ਇਸ ਮਨੁੱਖੀ ਜੀਵਨ ਵਿਚ ਸਾਨੂੰ ਜੋ ਵੀ ਪ੍ਰਾਪਤ ਹੋਇਆ ਹੈ, ਉਹ ਈਸ਼ਵਰ ਦੀ ਕਿਰਪਾ ਨਾਲ ਹੀ ਸੰਭਵ ਹੋਇਆ ਹੈ। ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਨੇ ਖ਼ੁਦ ਕਿਹਾ ਹੈ ਕਿ ਕੋਈ ਭਗਤ ਜੇ ਪ੍ਰੇਮ ਨਾਲ ਮੈਨੂੰ ਫਲ, ਫੁੱਲ, ਅੰਨ, ਜਲ ਆਦਿ ਅਰਪਿਤ ਕਰਦਾ ਹੈ ਤਾਂ ਉਸ ਨੂੰ ਮੈਂ ਪ੍ਰੇਮ ਸਹਿਤ ਗ੍ਰਹਿਣ ਕਰਦਾ ਹਾਂ।' ਭਗਤ ਦੀ ਭਾਵਨਾ ਜੇ ਸੱਚੀ ਹੋਵੇ ਤਾਂ ਭਗਵਾਨ ਉਸ ਦੇ ਭੋਜਨ ਨੂੰ ਜ਼ਰੂਰ ਗ੍ਰਹਿਣ ਕਰਦਾ ਹੈ। ਜਿਵੇਂ ਉਸ ਨੇ ਸ਼ਬਰੀ ਦੇ ਬੇਰ ਖਾਧੇ, ਸੁਦਾਮਾ ਦੇ ਚਾਵਲ ਖਾਧੇ, ਵਿਦੁਰਾਨੀ ਦਾ ਸਾਗ ਖਾਧਾ। ਜੇ ਭਗਤ ਦੀ ਭਾਵਨਾ ਸੱਚੀ ਹੋਵੇ ਤਾਂ ਪਰਮਾਤਮਾ ਉਸ ਦਾ ਸਨਮਾਨ ਕਰਨੋਂ ਪਿੱਛੇ ਨਹੀਂ ਹਟਦਾ। ਇਸ ਵਿਚ ਕੁਝ ਦੇਰੀ ਜ਼ਰੂਰ ਹੋ ਸਕਦੀ ਹੈ ਪਰ ਈਸ਼ਵਰ ਦੀ ਕਿਰਪਾ ਭਗਤ ਤਕ ਪੁੱਜਦੀ ਜ਼ਰੂਰ ਹੈ। ਪ੍ਰਭੂ ਦੀ ਕਿਰਪਾ ਮਹਾਨ ਹੈ। ਉਸ ਦੀ ਕਿਰਪਾ ਨਾਲ ਸਾਨੂੰ ਜੋ ਵੀ ਅੰਨ-ਜਲ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਦਾ ਪ੍ਰਸਾਦ ਮੰਨ ਕੇ ਪ੍ਰਭੂ ਨੂੰ ਅਰਪਿਤ ਕਰਨਾ, ਸ਼ੁਕਰਾਨਾ ਕਰਨ ਦੇ ਨਾਲ-ਨਾਲ ਇਕ ਮਨੁੱਖੀ ਗੁਣ ਵੀ ਹੈ। ਕੁਝ ਲੋਕ ਇਹ ਸਵਾਲ ਵੀ ਕਰਦੇ ਹਨ ਕਿ ਜਦ ਭਗਵਾਨ ਚੜ੍ਹਾਇਆ ਹੋਇਆ ਪ੍ਰਸ਼ਾਦ ਖਾਂਦਾ ਹੈ ਤਾਂ ਉਹ ਘਟਦਾ ਕਿਉਂ ਨਹੀਂ? ਉਨ੍ਹਾਂ ਦਾ ਕਥਨ ਵੀ ਸੱਚ ਹੈ। ਜਿਸ ਤਰ੍ਹਾਂ ਫੁੱਲਾਂ 'ਤੇ ਭੰਵਰਾ ਬੈਠਦਾ ਹੈ ਅਤੇ ਫੁੱਲਾਂ ਦੀ ਸੁਗੰਧ ਨਾਲ ਤ੍ਰਿਪਤ ਹੋ ਜਾਂਦਾ ਹੈ ਪਰ ਫੁੱਲ ਦਾ ਵਜ਼ਨ ਨਹੀਂ ਘਟਦਾ, ਉਸੇ ਤਰ੍ਹਾਂ ਪ੍ਰਭੂ ਨੂੰ ਚੜ੍ਹਾਇਆ ਹੋਇਆ ਪ੍ਰਸਾਦ ਅੰਮ੍ਰਿਤ ਹੁੰਦਾ ਹੈ। ਪ੍ਰਭੂ ਵਿਅੰਜਨ ਦੀ ਸੁਗੰਧ ਅਤੇ ਭਗਤ ਦੇ ਪ੍ਰੇਮ ਨਾਲ ਤ੍ਰਿਪਤ ਹੋ ਜਾਂਦਾ ਹੈ। ਉਹ ਭਾਵ ਦਾ ਭੁੱਖਾ ਹੈ, ਭੋਜਨ ਦਾ ਨਹੀਂ। ਜਿਵੇਂ ਇਕ ਮਾਂ ਬੱਚੇ ਨੂੰ ਕੁਝ ਖਾਣ ਨੂੰ ਦੇਵੇ ਅਤੇ ਬੱਚਾ ਉਸ ਨੂੰ ਤੋਤਲੀ ਭਾਸ਼ਾ ਵਿਚ ਸਿਰਫ਼ ਖਾਣੇ ਲਈ ਸੁਲ੍ਹਾ ਹੀ ਮਾਰ ਲਵੇ ਤਾਂ ਮਾਂ ਉਸ ਨੂੰ ਸੀਨੇ ਨਾਲ ਲਗਾ ਲੈਂਦੀ ਹੈ। ਇਸੇ ਤਰ੍ਹਾਂ ਭਗਵਾਨ ਤ੍ਰਿਪਤ ਹੁੰਦਾ ਹੈ, ਪ੍ਰਸੰਨ ਹੁੰਦਾ ਹੈ ਅਤੇ ਕਿਰਪਾ ਕਰਦਾ ਰਹਿੰਦਾ ਹੈ। ਇਹ ਮਨੁੱਖੀ ਸਰੀਰ ਵੀ ਪਰਮਾਤਮਾ ਦੀ ਅਨੰਤ ਕਿਰਪਾ ਨਾਲ ਪ੍ਰਸ਼ਾਦ ਵਜੋਂ ਹੀ ਮਿਲਿਆ ਹੈ। ਇਸ ਦੀ ਸਾਰਥਿਕਤਾ ਨੂੰ ਸਮਝੋ, ਤਾਂ ਹੀ ਜੀਵਨ ਧੰਨ ਹੋਵੇਗਾ।-ਅਚਾਰੀਆ ਅਨਿਲ ਵਤਸ।

Posted By: Susheel Khanna