ਅਸੀਂ ਸਾਰੇ ਪਰਮਾਤਮਾ ਦੇ ਬੱਚੇ ਹਾਂ। ਉਹ ਸਾਨੂੰ ਸਾਰੇ ਬੱਚਿਆਂ ਨੂੰ ਇਕ ਸਮਾਨ ਤਰੀਕੇ ਨਾਲ ਪਿਆਰ ਕਰਦਾ ਹੈ ਪਰ ਉਹ ਜਿਨ੍ਹਾਂ ਨੂੰ ਯੋਗ, ਭਰੋਸੇਯੋਗ ਅਤੇ ਇਮਾਨਦਾਰ ਸਮਝਦਾ ਹੈ, ਉਨ੍ਹਾਂ ਨੂੰ ਆਪਣੀ ਰਾਜ ਸ਼ਕਤੀ ਦਾ ਕੁਝ ਅੰਸ਼ ਇਸ ਲਈ ਸੌਂਪ ਦਿੰਦਾ ਹੈ ਕਿ ਉਹ ਉਸ ਦੇ ਈਸ਼ਵਰੀ ਉਦੇਸ਼ਾਂ ਦੀ ਪੂਰਤੀ ਵਿਚ ਮਦਦ ਕਰਨ।

ਧਨ, ਵਾਧਾ, ਸਿਹਤ, ਸ਼ਿਲਪ, ਚਤੁਰਾਈ, ਮਨੋਬਲ, ਲੀਡਰਸ਼ਿਪ ਆਦਿ ਦੀਆਂ ਸ਼ਕਤੀਆਂ ਜਿਨ੍ਹਾਂ ਨੂੰ ਵੱਧ ਮਾਤਰਾ ਵਿਚ ਦਿੱਤੀਆਂ ਗਈਆਂ ਹਨ, ਉਹੀ ਅਧਿਕਾਰ ਨਗਰ ਅਧਿਕਾਰੀਆਂ ਨੂੰ ਦੇ ਕੇ ਰਾਜਾ ਕੋਈ ਪੱਖਪਾਤ ਨਹੀਂ ਕਰਦਾ ਸਗੋਂ ਯੋਗ ਵਿਅਕਤੀ ਤੋਂ ਵੱਧ ਕੰਮ ਲੈਣ ਦੀ ਨੀਤੀ ਅਪਣਾਉਂਦਾ ਹੈ। ਪਰਮਾਤਮਾ ਵੀ ਕੁਝ ਥੋੜ੍ਹੇ ਜਿਹੇ ਲੋਕਾਂ ਨੂੰ ਵੱਧ ਸੰਪੰਨ ਬਣਾ ਕੇ ਆਪਣੇ ਹੋਰ ਲੋਕਾਂ ਨਾਲ ਅਨਿਆਂ ਨਹੀਂ ਕਰਦਾ। ਉਸ ਨੇ ਸਾਰਿਆਂ ਨੂੰ ਸਮਾਨ ਰੂਪ ਵਿਚ ਵਿਕਸਤ ਹੋਣ ਦੇ ਮੌਕੇ ਦਿੱਤੇ ਹਨ।

ਉਹ ਪੱਖਪਾਤ ਅਤੇ ਅਨਿਆਂ ਕਰੇ ਤਾਂ ਫਿਰ ਇਕ ਅੱਖ ਨਾਲ ਵੇਖਣ ਵਾਲਾ ਅਤੇ ਦਿਆਲੂ ਕਿੱਦਾਂ ਕਿਹਾ ਜਾ ਸਕਦਾ ਹੈ। ਭੋਜਨ, ਕੱਪੜੇ, ਮਕਾਨ ਅਤੇ ਰੋਜ਼ੀ-ਰੋਟੀ ਦੀ ਢੁੱਕਵੀਂ ਜ਼ਰੂਰਤ ਪੂਰੀ ਕਰਨ ਵਾਲੀਆਂ ਵਸਤਾਂ ਪ੍ਰਭੂ ਵੱਲੋਂ ਦਿੱਤੀਆਂ ਹਰ ਵਿਅਕਤੀ ਲਈ ਤਨਖ਼ਾਹ ਦੇ ਸਮਾਨ ਹਨ। ਆਲਸੀ, ਨਿਕੰਮੇ, ਉਲਟੇ-ਸਿੱਧੇ ਕੰਮ ਕਰਨ ਵਾਲੇ ਲੋਕਾਂ ਦੀ ਤਨਖ਼ਾਹ ਕੱਟੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਮਾਮਲੇ ਵਿਚ ਘਾਟ ਦਾ ਸ਼ਿਕਾਰ ਰਹਿਣ ਲਈ ਬੇਵੱਸ ਹੋਣਾ ਪੈਂਦਾ ਹੈ।

ਜੋ ਮਿਹਨਤੀ, ਪੁਰੂਸ਼ਾਰਥੀ, ਸਿੱਧੇ ਰਾਹ 'ਤੇ ਚੱਲਣ ਵਾਲੇ ਹਨ, ਉਹ ਆਪਣੀ ਢੁੱਕਵੀਂ ਤਨਖ਼ਾਹ ਸਮੇਂ ਸਿਰ ਹਾਸਲ ਕਰਦੇ ਰਹਿੰਦੇ ਹਨ। ਇਸ ਵੇਤਨ ਦੇ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਸ਼ਕਤੀਆਂ ਲੋਕਾਂ ਨੂੰ ਜਨਮ-ਜਾਤ ਮਿਲੀਆਂ ਹੁੰਦੀਆਂ ਹਨ। ਇਹ ਸ਼ਕਤੀਆਂ ਸਿਰਫ਼ ਇਸ ਮਕਸਦ ਵਾਸਤੇ ਹੁੰਦੀਆਂ ਹਨ ਕਿ ਇਨ੍ਹਾਂ ਨਾਲ ਲੈਸ ਕੋਈ ਵਿਅਕਤੀ ਇਨ੍ਹਾਂ ਨੂੰ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਉੱਪਰ ਚੁੱਕਣ ਵਿਚ ਲਗਾਏ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਹਰੇਕ ਖ਼ੁਸ਼ਹਾਲ ਇਨਸਾਨ ਨੂੰ ਪ੍ਰਭੂ ਨੇ ਇਹ ਕਰਤੱਵ ਸੌਂਪਿਆ ਹੈ ਕਿ ਆਪਣੇ ਤੋਂ ਜੋ ਲੋਕ ਕਮਜ਼ੋਰ ਹਨ, ਉਨ੍ਹਾਂ ਦੀ ਮਦਦ ਕਰਨ ਵਿਚ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਕੀਤੀ ਜਾਵੇ।

ਜਿਵੇਂ ਕਿ ਜੇ ਕੋਈ ਚੰਗਾ-ਪੜ੍ਹਿਆ ਲਿਖਿਆ ਵਿਅਕਤੀ ਹੈ ਤਾਂ ਉਸ ਦਾ ਫ਼ਰਜ਼ ਹੈ ਕਿ ਉਹ ਅਨਪੜ੍ਹਾਂ ਵਿਚ ਸਿੱਖਿਆ ਦਾ ਪ੍ਰਸਾਰ ਕਰੇ। ਕੋਈ ਤਾਕਤਵਰ ਹੈ ਤਾਂ ਉਸ ਦਾ ਫ਼ਰਜ਼ ਹੈ ਕਿ ਕਮਜ਼ੋਰਾਂ ਨੂੰ ਸਤਾਉਣ ਵਾਲੇ ਲੋਕਾਂ ਨੂੰ ਰੋਕੇ।

ਧਨਵਾਨ ਕੋਲ ਧਨ-ਦੌਲਤ ਇਸ ਲਈ ਅਮਾਨਤ ਵਜੋਂ ਰੱਖੀ ਗਈ ਹੈ ਕਿ ਉਹ ਉਸ ਦੀ ਵਰਤੋਂ ਨਾਲ ਵਿੱਦਿਆ, ਬੁੱਧੀ, ਕਾਰੋਬਾਰ, ਸੰਗਠਨ, ਚੰਗੇ ਗਿਆਨ ਆਦਿ ਦਾ ਇਸ ਤਰ੍ਹਾਂ ਆਯੋਜਨ ਕਰੇ ਕਿ ਉਸ ਤੋਂ ਜ਼ਰੂਰਤਮੰਦ ਲੋਕ ਆਪਣੀ ਸਰਵਪੱਖੀ ਉੱਨਤੀ ਕਰ ਸਕਣ। ਆਮ ਲੋਕ ਇਹ ਕਹਿੰਦੇ ਹਨ ਕਿ ਅਸੀਂ ਜਦ ਇੰਨੇ ਧਨਵਾਨ ਹੋ ਜਾਵਾਂਗੇ, ਉਦੋਂ ਪਰਮਾਰਥ ਕਰਾਂਗੇ ਜਦਕਿ ਸੋਚਣਾ ਇਹ ਚਾਹੀਦਾ ਹੈ ਕਿ ਅੱਜ ਅਸੀਂ ਕਿਹੜੇ ਲੋਕਾਂ ਸਦਕਾ ਖ਼ੁਸ਼ਹਾਲ ਹਾਂ?-ਰਮਨ ਤ੍ਰਿਪਾਠੀ।

Posted By: Jagjit Singh