ਅੱਜਕੱਲ੍ਹ ਮਾਪਿਆਂ ਦੀ ਆਮ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਕਹਿਣਾ ਨਹੀਂ ਮੰਨਦਾ ਤੇ ਉਨ੍ਹਾਂ ਨਾਲ ਬਹਿਸ ਕਰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਾਤਾ-ਪਿਤਾ ਬੱਚੇ ਨੂੰ ਪ੍ਰੇਮ ਦੀ ਉਹ ਭਾਸ਼ਾ ਸਿਖਾਉਂਦੇ ਹੀ ਨਹੀਂ , ਜੋ ਉਹ ਚਾਹੁੰਦਾ ਹੈ। ਪ੍ਰੇਮ ਦੀ ਭਾਸ਼ਾ ਤੋਂ ਅਨਜਾਣ ਹੋਣ ਕਾਰਨ ਹੀ ਉਹ ਆਪਣੇ ਬੱਚੇ ਤਕ ਖ਼ੁਦ ਦੇ ਪ੍ਰੇਮ ਨੂੰ ਪੂਰੀ ਤਰ੍ਹਾਂ ਪਹੁੰਚਾਉਣ 'ਚ ਨਾਕਾਮ ਰਹਿੰਦੇ ਹਨ। ਆਖ਼ਰ ਕੀ ਹੈ ਪ੍ਰੇਮ ਦੀ ਭਾਸ਼ਾ? ਪ੍ਰੇਮ ਦੀ ਮੁੱਖ ਭਾਸ਼ਾ ਹੈ ਹਾਂ-ਪੱਖੀ ਸ਼ਬਦ ਤੇ ਇਸ ਦੀਆਂ ਸਹਿਯੋਗੀ ਭਾਸ਼ਾਵਾਂ ਹਨ-ਪ੍ਰਸ਼ੰਸਾ, ਸਹਿਯੋਗ ਤੇ ਸਮਾਂ। ਜੇ ਤੁਸੀਂ ਪ੍ਰੇਮ ਦੀ ਭਾਸ਼ਾ ਦਾ ਵਿਦਵਾਨ ਬਣਨਾ ਹੈ ਤਾਂ ਹੁਣੇ ਤੋਂ ਆਪਣੇ ਜੀਵਨ 'ਚੋਂ ਭਿਅੰਕਰ, ਬੇਕਾਰ, ਨਹੀਂ ਹੋ ਸਕਦਾ, ਕਦੇ ਨਹੀਂ ਵਰਗੇ ਨਾਂਹ-ਪੱਖੀ ਸ਼ਬਦਾਂ ਨੂੰ ਹਮੇਸ਼ਾ ਲਈ ਕੱਢ ਦਿਓ। ਜਦ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਨਾਂਹ-ਪੱਖੀ ਸ਼ਬਦ ਬੋਲਦੇ ਹਨ ਕਿ 'ਤੁਸੀਂ ਕਦੇ ਨਹੀਂ ਕਰ ਸਕੋਗੇ', 'ਤੁਹਾਡੇ ਕੋਲੋਂ ਕਦੇ ਕੁਝ ਨਹੀਂ ਹੁੰਦਾ', 'ਤੁਸੀਂ ਤਾਂ ਹੋ ਹੀ ਨਾਲਾਇਕ' ਤਾਂ ਇਹ ਸ਼ਬਦ ਬੱਚੇ ਦੇ ਦਿਲੋ-ਦਿਮਾਗ਼ 'ਚ ਜਾ ਕੇ ਕੈਦ ਹੋ ਜਾਂਦੇ ਹਨ ਤੇ ਉਹ ਚਿੜ ਕੇ ਆਪਣੇ ਮਾਪਿਆਂ ਨੂੰ ਉਹੋ ਲਫ਼ਜ਼ ਵਾਪਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਸਿੱਧ ਕਵੀ ਐਡਵਿਨ ਮਾਰਕਹਮ ਦਾ ਕਹਿਣਾ ਹੈ ਕਿ ਅਸੀਂ ਦੂਜਿਆਂ ਦੇ ਜੀਵਨ ਵਿਚ ਜੋ ਵੀ ਭੇਜਦੇ ਹਾਂ, ਉਹੀ ਸਾਡੇ ਜੀਵਨ ਵਿਚ ਪਰਤ ਆਉਂਦਾ ਹੈ। ਇਸ ਲਈ ਸਦਾ ਹਾਂ-ਪੱਖੀ ਸ਼ਬਦਾਂ ਦੀ ਵਰਤੋਂ ਕਰੋ। ਇਹ ਪ੍ਰੇਮ ਦੀ ਭਾਸ਼ਾ ਦੀ ਵਰਣਮਾਲਾ ਹੈ। ਜਦ ਇਹ ਵਰਣਮਾਲਾ ਤੁਹਾਨੂੰ ਚੰਗੀ ਤਰ੍ਹਾਂ ਆ ਜਾਵੇਗੀ ਤਾਂ ਫਿਰ ਪ੍ਰਸ਼ੰਸਾ, ਸਹਿਯੋਗ ਅਤੇ ਸਮੇਂ ਦੇ ਵਾਕ ਤੁਸੀਂ ਬਿਹਤਰੀਨ ਬਣਾ ਸਕੋਗੇ ਤੇ ਮਨਚਾਹੀ ਸਫ਼ਲਤਾ ਨੂੰ ਆਪਣੀਆਂ ਬਰੂਹਾਂ 'ਤੇ ਦੇਖੋਗੇ। ਸ਼ਬਦਾਂ 'ਚ ਪ੍ਰਾਣ ਦੇਣ ਅਤੇ ਲੈਣ ਦੀ ਤਾਕਤ ਹੁੰਦੀ ਹੈ। ਜਿੱਥੇ ਨਾਂਹ-ਪੱਖੀ ਸ਼ਬਦ ਮਨੁੱਖ ਨੂੰ ਦੁਖੀ ਕਰਦੇ ਹਨ, ਉੱਥੇ ਹੀ ਹਾਂ-ਪੱਖੀ ਸ਼ਬਦ ਵਿਅਕਤੀ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਪ੍ਰੇਮ ਦੀ ਸ਼ਬਦਾਵਲੀ ਨੂੰ ਮਜ਼ਬੂਤ ਕਰਨ ਲਈ ਇਸ ਨੂੰ ਅੱਗੇ ਵਧਾਓ ਅਤੇ ਸਹਿਯੋਗ ਲਈ ਸਦਾ ਅੱਗੇ ਆਓ। ਰਿਸ਼ਤਿਆਂ 'ਚ ਕੁੜੱਤਣ ਇਸ ਲਈ ਆਉਂਦੀ ਹੈ ਕਿਉਂਕਿ ਲੋਕ ਇਕ-ਦੂਜੇ ਨਾਲ ਵਸਤੂ ਦੀ ਤਰ੍ਹਾਂ ਵਿਵਹਾਰ ਕਰਨ ਲੱਗਦੇ ਹਨ। ਵਿਅਕਤੀਆਂ ਨੂੰ ਨਾਸਮਝੀ ਭਰੇ ਵਿਵਹਾਰ 'ਤੇ ਵੀ ਸਮਝਦਾਰੀ ਭਰਿਆ ਪ੍ਰਤੀਕਰਮ ਦੇਣਾ ਚਾਹੀਦਾ ਹੈ। ਇਹ ਪ੍ਰੇਮ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇ ਕੋਈ ਬੇਹੱਦ ਪਰੇਸ਼ਾਨੀ ਤੇ ਪੀੜਾ ਵਿਚ ਹੈ ਤਾਂ ਤੁਸੀਂ ਉਸ ਦਾ ਪੂਰਾ ਸਾਥ ਦਿਓ।

-ਰੇਨੂੰ ਸੈਣੀ।

Posted By: Jagjit Singh