ਆਦਰ ਦੀ ਭਾਵਨਾ ਨਾਲ ਦਿਲ ਦੀ ਪਵਿੱਤਰਤਾ, ਬੁੱਧੀ ਦੀ ਨਿਰਮਲਤਾ ਤੇ ਵਧੀਆ ਸੁਭਾਅ ਦਾ ਸਬੂਤ ਮਿਲਦਾ ਹੈ। ਇਨਸਾਨ ਆਦਰ ਦੇ ਕੇ ਹੀ ਆਦਰ ਪਾਉਣ ਦਾ ਪਾਤਰ ਬਣਦਾ ਹੈ। ਆਗਿਆ ਪਾਲਣ ਅਤੇ ਸਤਿਕਾਰ ਕਰਨਾ ਆਦਰ ਦੇਣ ਦੀ ਮਹੱਤਵਪੂਰਨ ਵਿਧਾ ਹੈ। ਇਸ ਨਾਲ ਇਨਸਾਨ ਦੇ ਨੈਤਿਕ ਤੌਰ 'ਤੇ ਸੁੰਦਰ ਤੇ ਉੱਨਤ ਚਰਿੱਤਰ ਹੋਣ ਬਾਰੇ ਪਤਾ ਲੱਗਦਾ ਹੈ। ਜੇ ਅਜਿਹਾ ਨਾ ਹੋਵੇ ਤਾਂ ਇਨਸਾਨ ਦੇ ਰਿਸ਼ਦਿਆਂ ਤੇ ਸਮਾਜ 'ਚ ਉਸ ਦੇ ਅਕਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਸੱਭਿਅਕ ਲੋਕ ਅਨਾਦਰ ਕਰਨ 'ਚ ਜ਼ਿਆਦਾ ਰੁਚੀ ਲੈਂਦੇ ਹਨ। ਅਜਿਹੇ ਲੋਕ ਵਾਰ-ਵਾਰ ਠੋਕਰ ਤੇ ਠੇਸ ਸਹਿ ਕੇ ਵੀ ਸਮੱਸਿਆ ਗ੍ਰਸਤ ਬਣੇ ਰਹਿੰਦੇ ਹਨ, ਬੁੱਧੀ ਭ੍ਰਿਸ਼ਟ ਹੋਈ ਰਹਿੰਦੀ ਹੈ। ਕੋਈ ਜਿੰਨੀ ਮਰਜ਼ੀ ਪ੍ਰੇਰਨਾ ਦੇਈ ਜਾਵੇ ਪਰ ਇਨ੍ਹਾਂ ਦੀ ਬੁੱਧੀ ਨਿਰਮਲ ਨਹੀਂ ਹੁੰਦੀ ਤੇ ਆਦਰ ਦਾ ਭਾਵ ਦਿਲ 'ਚ ਪੈਦਾ ਨਹੀਂ ਹੁੰਦਾ। ਅਸਲ 'ਚ ਆਦਰਯੋਗ ਵਿਅਕਤੀ ਨੂੰ ਆਦਰ ਦੇਣ ਨਾਲ ਵਿਅਕਤੀ ਦੇ ਸ਼ੁਭ ਸੰਸਕਾਰਾਂ 'ਚ ਵਾਧਾ ਹੁੰਦਾ ਹੈ। ਇਸ ਨਾਲ ਮਨ ਅਨੰਦਿਤ ਹੁੰਦਾ ਹੈ। ਜਦੋਂ ਇਨਸਾਨ ਆਪਣੇ ਮਿੱਤਰ, ਰਿਸ਼ਤੇਦਾਰ, ਬਜ਼ੁਰਗ, ਗੁਰੂ ਤੇ ਮਾਪਿਆਂ ਨੂੰ ਆਦਰ ਦਿੰਦਾ ਹੈ ਤਾਂ ਆਦਰ ਦੇਣ ਵਾਲਾ ਤੇ ਆਦਰ ਪਾਉਣ ਵਾਲਾ ਦੋਵਾਂ ਨੂੰ ਹੀ ਪ੍ਰਸੰਨਤਾ ਹੁੰਦੀ ਹੈ। ਇਸ ਨਾਲ ਮਨ ਦੀਆਂ ਗੰਦਗੀਆਂ ਦਾ ਸਫ਼ਾਇਆ ਹੋ ਜਾਂਦਾ ਹੈ। ਆਸਪਾਸ ਦੇ ਮਾਹੌਲ 'ਚ ਹਾਂਪੱਖੀ ਊਰਜਾ ਤਰੰਗ ਪੈਦਾ ਹੁੰਦਾ ਹੈ ਤੇ ਸਿਰਜਣਾਤਮਿਕ ਵਿਚਾਰਾਂ ਤੇ ਪਹਿਲੂਆਂ 'ਚ ਵਾਧਾ ਹੁੰਦਾ ਹੈ। ਹਾਂਪੱਖੀ ਭਾਵ ਹੀ ਇਨਸਾਨ ਨੂੰ ਆਦਰ ਦੇਣ ਲਈ ਪ੍ਰੇਰਿਤ ਕਰਦਾ ਹੈ ਤੇ ਨਾਂਹਪੱਖੀ ਭਾਵ ਦਾ ਵਾਧਾ ਹੋਣ ਨਾਲ ਅਨਾਦਰ ਦੀ ਭਾਵਨਾ ਮਨ ਤੇ ਵਿਚਾਰਾਂ 'ਚ ਭਰ ਜਾਂਦੀ ਹੈ। ਆਤਮਾ ਨਿਰਛਲ ਤੇ ਸਾਫ਼ ਹੁੰਦੀ ਹੈ ਪਰ ਇਨਸਾਨ ਦੀ ਚੇਤਨਾ ਤੇ ਵਿਚਾਰ ਕੁਝ ਸਮੇਂ ਲਈ ਬਿਮਾਰ ਹੋ ਜਾਂਦੇ ਹਨ ਪਰ ਜਿਉਂ ਹੀ ਉਸ ਨੂੰ ਸਤਿਸੰਗ ਦਾ ਮੌਕਾ ਮਿਲਦਾ ਹੈ ਤਾਂ ਉਸ ਦੇ ਦਿਲ 'ਚ ਪ੍ਰੇਮ ਦੀ ਗੰਗਾ ਵਹਿ ਤੁਰਦੀ ਹੈ ਤੇ ਇਨਸਾਨ ਦੇ ਸੁਭਾਅ 'ਚ ਆਦਰ ਦੇਣ ਦੀ ਲਾਲਸਾ ਪ੍ਰਬਲ ਹੋ ਜਾਂਦੀ ਹੈ। ਜ਼ਾਹਿਰ ਹੈ ਕਿ ਜ਼ਿੰਦਗੀ 'ਚ ਆਨੰਦ ਤੇ ਖੁਸ਼ੀ ਦੇ ਵਾਧੇ ਤੇ ਜੀਵਨ ਦੀ ਸਾਰਥਿਕਤਾ ਲਈ, ਸਮਾਜ 'ਚ ਦੋਸਤੀ ਵਧਾਉਣ ਲਈ ਸੱਭਿਅਤਾ, ਸੱਭਿਅਤਾ ਦੇ ਉੱਥਾਨ ਲਈ, ਸਮਾਜ 'ਚ ਸ਼ਾਂਤੀ ਤੇ ਸਦਭਾਵਨਾ ਦੀ ਜੋਤ ਜਗਾਈ ਰੱਖਣ ਲਈ ਆਦਰ ਦੇਣ ਦੀ ਭਾਵਨਾ ਨੂੰ ਇਨਸਾਨ ਆਪਣੇ ਅੰਦਰ ਜ਼ਰੂਰ ਵਿਕਸਤ ਕਰੇ। ਇਹੋ ਸਾਡੀ ਭਾਰਤੀ ਪਰੰਪਰਾ ਵੀ ਹੈ। ਸਾਰਿਆਂ ਨੂੰ ਆਦਰ ਦਿਓ ਤੇ ਲਓ।

-ਮੁਕੇਸ਼ ਰਿਸ਼ੀ

Posted By: Susheel Khanna