ਜ਼ਿੰਦਗੀ 'ਚ ਤੋਹਫ਼ਿਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਅੱਜਕੱਲ੍ਹ ਗਿਫਟ ਲੈਣ, ਰਿਟਰਨ ਗਿਫਟ ਦੇਣ ਦੀ ਰੀਤ ਚੱਲ ਪਈ ਹੈ। ਜਨਮ ਦਿਨ, ਦੀਵਾਲੀ, ਨਵੇਂ ਸਾਲ, ਵਿਆਹ-ਸ਼ਾਦੀ ਮੌਕੇ ਲੋਕ ਆਪਣੇ ਪਿਆਰਿਆਂ, ਸਕੇ-ਸੰਬੰਧੀਆ ਨੂੰ ਚਾਈਂ-ਚਾਈਂ ਗਿਫਟ ਦਿੰਦੇ ਹਨ। ਤੋਹਫ਼ੇ ਦੇਣ ਦਾ ਮਕਸਦ ਆਪਣੇ ਸਕੇ-ਸੰਬੰਧੀਆਂ ਦੀ ਖ਼ੁਸ਼ੀ 'ਚ ਵਾਧਾ ਕਰਨਾ ਹੁੰਦਾ ਹੈ। ਇਨਸਾਨ ਦੀ ਜ਼ਿੰਦਗੀ 'ਚ ਸੁੱਖ-ਦੁੱਖ, ਖ਼ੁਸ਼ੀ-ਗ਼ਮੀ ਚੱਲਦੀ ਰਹਿੰਦੀ ਹੈ। ਜਦ ਇਨਸਾਨ ਦੇ ਬੂਹੇ 'ਤੇ ਖ਼ੁਸ਼ੀਆਂ ਦਸਤਕ ਦਿੰਦੀਆਂ ਹਨ ਤਾਂ ਗਿਫਟ, ਸ਼ਗੁਨ ਲੈਣ-ਦੇਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਤੋਹਫ਼ਾ ਕੋਈ ਛੋਟਾ-ਵੱਡਾ ਨਹੀਂ ਹੁੰਦਾ, ਉਸ ਨੂੰ ਦੇਣ ਵਾਲੇ ਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ। ਆਪਣੀ ਹੈਸੀਅਤ ਦੇ ਹਿਸਾਬ ਨਾਲ ਹਰ ਕੋਈ ਵਧੀਆ ਚੀਜ਼ ਹੀ ਤੋਹਫ਼ੇ ਵਜੋਂ ਦਿੰਦਾ ਹੈ। ਤੋਹਫ਼ੇ 'ਤੇ ਕਿੰਤੂ-ਪ੍ਰੰਤੂ ਕਰਨ 'ਤੇ ਇਹ ਜ਼ਾਹਰ ਹੁੰਦਾ ਹੈ ਕਿ ਅਪਣੱਤ ਦੀ ਕਦਰ ਨਹੀਂ ਰਹੀ ਸਗੋਂ ਭੌਤਿਕਵਾਦ ਨਾਲ ਪਿਆਰ ਹੈ। ਮੇਰੀ ਜ਼ਿੰਦਗੀ 'ਚ ਮੇਰੇ ਪਿਤਾ ਜੀ ਦੀ ਬਹੁਤ ਅਹਿਮੀਅਤ ਹੈ। ਉਹ ਪੇਸ਼ੇ ਵਜੋਂ ਓਪਥੈਲਮਿਕ ਅਫਸਰ ਹਨ। ਸਾਦਾ ਰਹਿਣਾ ਤੇ ਉੱਚੀ ਸੋਚ ਰੱਖਣਾ ਉਨ੍ਹਾਂ ਦੀ ਆਦਤ ਹੈ। ਅੱਜ ਉਨ੍ਹਾਂ ਦਾ ਜਨਮ ਦਿਨ ਹੈ। ਜਦੋਂ ਵੀ ਉਨ੍ਹਾਂ ਨੂੰ ਗਿਫਟ, ਤੋਹਫ਼ਾ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਮੈ ਹਾਰ ਜਾਂਦੀ ਹਾਂ। ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਕੀ ਤੋਹਫ਼ਾ ਦੇਵਾਂ। ਜੋ ਖ਼ੁਦ ਗ਼ੁਲਾਬ ਹੋਵੇ, ਉਸ ਨੂੰ ਗ਼ੁਲਾਬ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਨੂੰ ਦੇਣ ਲਈ ਮੈਨੂੰ ਦੁਨੀਆ ਦੇ ਸਾਰੇ ਤੋਹਫ਼ੇ ਫਿੱਕੇ ਜਾਪਦੇ ਹਨ। ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ। ਫਿਰ ਮੈਂ ਸੋਚਿਆ ਕਿ ਕਿਉਂ ਨਾ ਅੱਜ ਦੇ ਦਿਨ ਇਹ ਲਿਖਤ ਉਨ੍ਹਾਂ ਨੂੰ ਭੇਟ ਕੀਤੀ ਜਾਵੇ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈ ਅੱਜ ਜਿਸ ਮੁਕਾਮ 'ਤੇ ਹਾਂ, ਉਨ੍ਹਾਂ ਦੀ ਬਦੌਲਤ ਹਾਂ। ਮੇਰੇ ਪਿਤਾ ਜੀ ਨੇ ਆਪਣੀਆਂ ਖ਼ੁਸ਼ੀਆਂ ਨੂੰ ਪਾਸੇ ਰੱਖ ਕੇ ਮੇਰੀ ਝੋਲੀ 'ਚ ਖ਼ੁਸ਼ੀਆਂ ਪਾਈਆਂ ਹਨ। ਪਰਮਾਤਮਾ ਉਨ੍ਹਾਂ ਨੂੰ ਚੜ੍ਹਦੀਕਲਾ 'ਚ ਰੱਖੇ। ਉਨ੍ਹਾਂ ਨੂੰ ਚੰਗੀ ਸਿਹਤ ਬਖ਼ਸ਼ੇ ਅਤੇ ਉਨ੍ਹਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ। ਇਹ ਮੇਰੇ ਵੱਲੋਂ ਆਪਣੇ ਪਿਤਾ ਜੀ ਦੇ ਜਨਮ ਦਿਨ 'ਤੇ ਇਕ ਸ਼ੁਭ ਸੌਗਾਤ ਹੈ। ਮੇਰੇ ਚੰਦ ਅਲਫਾਜ਼ ਹੀ ਉਨ੍ਹਾਂ ਨੂੰ ਜਨਮ ਦਿਨ ਦਾ ਸੱਚਾ-ਸੁੱਚਾ ਤੋਹਫ਼ਾ ਹਨ। ਹਰ ਪਿਤਾ ਦਾ ਆਪਣੀ ਧੀ ਨਾਲ ਅਜਿਹਾ ਹੀ ਪਿਆਰ ਹੁੰਦਾ ਹੈ। ਮੇਰੀ ਪਰਮਾਤਮਾ ਅੱਗੇ ਇਹੋ ਦੁਆ ਹੈ ਕਿ ਹਰ ਧੀ ਦੇ ਪਿਤਾ ਨੂੰ ਉਹ ਸਲਾਮਤ ਰੱਖੇ ਅਤੇ ਹਰ ਖ਼ੁਸ਼ੀ ਉਸ ਦੇ ਦਾਮਨ ਵਿਚ ਪਾ ਦੇਵੇ।

-ਮਨਪ੍ਰੀਤ ਕੌਰ ਬੰਮਰਾ। (70094-91148)

Posted By: Sukhdev Singh