ਇਕ ਵਿਅਕਤੀ ਇਕ ਮਹਾਤਮਾ ਕੋਲ ਗਿਆ ਅਤੇ ਕਹਿਣ ਲੱਗਾ ਕਿ ਮੇਰੇ ਦਫ਼ਤਰ ਵਿਚ ਕੋਈ ਮੇਰੀ ਕਦਰ ਨਹੀਂ ਕਰਦਾ। ਸਭ ਮੈਨੂੰ ਝਿੜਕਦੇ ਰਹਿੰਦੇ ਹਨ। ਸੰਤ ਨੇ ਸਾਹਮਣੇ ਰੱਖੀ ਹੋਈ ਪੁਸਤਕ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਪੁਸਤਕ ਦੀ ਕਿੰਨੀ ਕੀਮਤ ਹੋਵੇਗੀ? ਜੇ ਇਸ ਪੁਸਤਕ ਦਾ ਮਾਲਕ ਇਸ ਦੀ ਕੀਮਤ ਨੂੰ ਬਹੁਤ ਘੱਟ ਰੱਖਦਾ ਹੈ ਤਾਂ ਕੋਈ ਵੀ ਗਾਹਕ ਉਸ ਨੂੰ ਰੱਦੀ ਦੀ ਤਰ੍ਹਾਂ ਇਸਤੇਮਾਲ ਕਰੇਗਾ ਪਰ ਤੁਸੀਂ ਇਸ ਪੁਸਤਕ ਦੀ ਕੀਮਤ ਵੱਧ ਰੱਖਦੇ ਹੋ ਤਾਂ ਲੋਕ ਇਸ ਨੂੰ ਸੰਭਾਲ ਕੇ ਰੱਖਣਗੇ। ਇਸ ਲਈ ਜੇਕਰ ਅਸੀਂ ਰੋਜ਼ ਮੰਦਰ ਵਿਚ ਖੜ੍ਹੇ ਹੋ ਕੇ ਇਹੀ ਬੋਲਦੇ ਰਹੀਏ ਕਿ ਮੈਂ ਤਾਂ ਦੀਨ ਹਾਂ, ਮੈਂ ਦਲਿੱਦਰੀ ਹਾਂ, ਮੈਂ ਕਮਜ਼ੋਰ ਹਾਂ, ਮੈਂ ਕਿਸਮਤ ਦਾ ਮਾਰਿਆ ਹਾਂ ਤਾਂ ਤੁਸੀਂ ਆਪਣੀ ਕੀਮਤ ਬਹੁਤ ਛੋਟੀ ਰੱਖੀ ਹੋਈ ਹੈ। ਇਸ ਕਾਰਨ ਹੋਰ ਲੋਕ ਵੀ ਤੁਹਾਨੂੰ ਵੱਧ ਭਾਅ ਨਹੀਂ ਦੇਣਗੇ। ਜਦਕਿ ਸੱਚ ਇਹ ਹੈ ਕਿ ਅਸੀਂ ਪਰਮਾਤਮਾ ਦੇ ਪੁੱਤਰ ਹਾਂ। ਅਸੀਂ ਪਰਮਾਨੰਦ ਦਾ ਸਰੂਪ ਹਾਂ।

ਭਗਵਾਨ ਸ੍ਰੀਕ੍ਰਿਸ਼ਨ ਗੀਤਾ ਵਿਚ ਦੱਸਦੇ ਹਨ ਕਿ ਇਕ ਹੀ ਵਿਅਕਤੀ ਤੁਹਾਡਾ ਬੇੜਾ ਪਾਰ ਕਰ ਸਕਦਾ ਹੈ ਅਤੇ ਇਕ ਹੀ ਵਿਅਕਤੀ ਤੁਹਾਨੂੰ ਬਰਬਾਦ ਕਰ ਸਕਦਾ ਹੈ। ਜੋ ਤੁਹਾਨੂੰ ਆਬਾਦ ਕਰ ਸਕਦਾ ਹੈ, ਉਹ ਤੁਸੀਂ ਖ਼ੁਦ ਹੋ। ਇਸ ਲਈ ਨਾ ਤਾਂ ਕਦੇ ਆਪਣੇ ਅੰਦਰ ਗੁਰੂ ਹੋਣ ਦਾ ਭਾਵ ਆਉਣ ਦਿਓ ਅਤੇ ਨਾ ਹੀ ਹੀਣ ਭਾਵਨਾ ਦਾ ਸਗੋਂ ਆਪਣੀ ਸੰਪੂਰਨਤਾ ਨੂੰ ਮਹੱਤਵ ਦਿਓ। ਅਸੀਂ ਸਭ ਪਰਮਾਤਮਾ ਦਾ ਅੰਸ਼ ਹਾਂ। ਜੇ ਗੁਰੂ ਵਾਲਾ ਭਾਵ ਹੰਕਾਰ ਹੈ ਤਾਂ ਦੀਨਤਾ ਵਾਲਾ ਭਾਵ ਵੀ ਹੰਕਾਰ ਹੀ ਹੈ। ਅੰਤ ਵਿਚ, ਕੋਈ ਹੋਰ ਤੁਹਾਡਾ ਮੁੱਲ ਉਦੋਂ ਹੀ ਘੱਟ ਪਾਉਂਦਾ ਹੈ, ਜਦ ਤੁਸੀਂ ਆਪਣੇ-ਆਪ ਨੂੰ ਨਿਮਨ ਮੰਨਦੇ ਹੋ। ਹਨੂੰਮਾਨ ਜੀ ਤੋਂ ਵਿਭੀਸ਼ਣ ਨੇ ਪੁੱਛਿਆ ਸੀ ਕਿ ਤੁਹਾਡਾ ਰਾਮ ਜੀ ਨਾਲ ਸਬੰਧ ਕੀ ਹੈ?

ਉਦੋਂ ਹਨੂੰਮਾਨ ਜੀ ਨੇ ਉੱਤਰ ਦਿੱਤਾ ਸੀ, 'ਜਦ ਮੈਂ ਆਪਣੇ-ਆਪ ਨੂੰ ਦੇਹ ਮੰਨਦਾ ਹਾਂ ਤਾਂ ਮੈਂ ਪ੍ਰਭੂ ਦਾ ਦਾਸ ਹਾਂ। ਜਦ ਮੈਂ ਖ਼ੁਦ ਨੂੰ ਆਤਮ ਸਰੂਪ ਸੋਚਦਾ ਹਾਂ ਤਾਂ ਮੇਰੇ ਅਤੇ ਪ੍ਰਭੂ ਵਿਚ ਕੋਈ ਫ਼ਰਕ ਨਹੀਂ ਹੈ। ਇਸ ਲਈ ਇਹ ਹੀਣਤਾ ਦਾ ਭਾਵ ਹਟਾਓ। ਇਹ ਭੀਖ ਦਾ ਕਟੋਰਾ ਫੜ ਕੇ ਜਿਊਣ ਦੇ ਭਾਵ ਨੂੰ ਹਟਾਓ। ਤਾਂ ਹੀ ਕੋਈ ਹੋਰ ਤੁਹਾਨੂੰ ਇੱਜ਼ਤ-ਮਾਣ ਦੇਵੇਗਾ। ਇਸ ਦਾ ਆਰੰਭ ਖ਼ੁਦ ਤੋਂ ਕਰੋ, ਤਾਂ ਹੀ ਤੁਸੀਂ ਸਨਮਾਨ ਪ੍ਰਾਪਤ ਕਰ ਸਕੋਗੇ। ਸਿਰ ਉੱਚਾ ਚੁੱਕ ਕੇ ਗੁਜ਼ਾਰੀ ਜ਼ਿੰਦਗੀ ਦੀ ਕੋਈ ਰੀਸ ਨਹੀਂ ਹੈ। ਆਪਾ ਪਛਾਣੋ ਅਤੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਣੋ।

-ਅਚਾਰੀਆ ਸ਼ਿਵੇਂਦਰ ਨਾਗਰ।

Posted By: Jagjit Singh