Ganesh Visarjan 2021 : ਭਾਰਤ 'ਚ ਇਸ ਵੇਲੇ ਗਣੇਸ਼ ਉਤਸਵ ਦੀਆਂ ਧੁੰਮਾਂ ਪੈ ਰਹੀਆਂ ਹਨ। ਹਰ ਜਗ੍ਹਾ ਗਣੇਸ਼ ਜੀ ਦੀਆਂ ਮੂਰਤੀਆਂ ਬਿਰਾਜਮਾਨ ਹਨ ਤੇ ਗਲ਼ੀਆਂ 'ਚ ਗਣਪਤੀ ਬੱਪਾ ਦੇ ਭਜਨ ਗੂੰਜਦੇ ਰਹਿੰਦੇ ਹਨ। ਭਾਦੋਂ ਮਹੀਨੇ 'ਚ ਗਣੇਸ਼ ਚਤੁਰਥੀ ਵਾਲੇ ਦਿਨ ਭਗਵਾਨ ਗਣਪਤੀ ਦੀ ਸਥਾਪਨਾ ਕੀਤੀ ਜਾਂਦੀ ਹੈ ਤੇ ਇਸ ਦੇ 10 ਦਿਨਾਂ ਬਾਅਦ ਅਨੰਤ ਚਤੁਰਦਸ਼ੀ ਵਾਲੇ ਦਿਨ ਗਣੇਸ਼ ਜੀ ਦੀ ਵਿਦਾਈ ਕੀਤੀ ਜਾਂਦੀ ਹੈ। ਇਸ ਸਾਲ ਗਣਪਤੀ ਵਿਸਰਜਣ 19 ਸਤੰਬਰ ਨੂੰ ਹੈ। ਇਸ ਦਿਨ ਢੋਲ ਨਗਾੜਿਆਂ ਨਾਲ ਗਣਪਤੀ ਬੱਪਾ ਦੀ ਮੂਰਤੀ ਨੂੰ ਜਲ ਪ੍ਰਵਾਹਿਤ ਕੀਤਾ ਜਾਵੇਗਾ। ਇਸ ਦਿਨ ਭਗਵਾਨ ਵਿਸ਼ਨੂੰ ਦੇ ਅਨੰਤ ਰੂਪ ਦੀ ਪੂਜਾ ਹੁੰਦੀ ਹੈ। ਕਈ ਲੋਕ ਵਰਤ ਰੱਖਦੇ ਹਨ ਤੇ ਪੂਜਾ ਦੌਰਾਨ ਪਵਿੱਤਰ ਧਾਗਾ ਬੰਨ੍ਹਦੇ ਹਨ।

ਕੀ ਹੈ ਅਨੰਤ ਚਤੁਰਦਸ਼ੀ ਮਹੂਰਤ

ਅਨੰਤ ਚਤੁਰਦਸ਼ੀ ਪੂਜਾ ਦਾ ਸ਼ੁੱਭ ਮਹਰੂਤ 6 ਵੱਜ ਕੇ 8 ਮਿੰਟ ਤੋਂ 20 ਸਤੰਬਰ ਦੀ ਸਵੇਰ 5 ਵੱਜ ਕੇ 28 ਮਿੰਟ ਤਕ ਰਹੇਗਾ।

ਕਿਵੇਂ ਕਰੀਏ ਗਣੇਸ਼ ਵਿਸਰਜਣ

ਅਨੰਤ ਚਤੁਰਦਸ਼ੀ ਵਾਲੇ ਦਿਨ ਭਗਵਾਨ ਗਣੇਸ਼ ਦੀ ਵਿਧੀ ਵਿਧਾਨ ਨਾਲ ਪੂਜਾ ਕਰੀਏ। ਉਨ੍ਹਾਂ ਨੂੰ ਮੋਦਕ ਤੇ ਫਲ਼ਾਂ ਦਾ ਭੋਗ ਲਗਾਓ, ਆਰਤੀ ਉਤਾਰੋ ਤੇ ਉਨ੍ਹਾਂ ਨੂੰ ਵਿਦਾ ਲੈਣ ਦੀ ਪ੍ਰਾਰਥਨਾ ਕਰੋ। ਹੁਣ ਇਕ ਫੱਟੀ 'ਤੇ ਗੁਲਾਬੀ ਕੱਪੜਾ ਵਿਛਾਓ ਤੇ ਉਸ ਉੱਪਰ ਗੰਗਾਜਲ ਛਿੜਕ ਕੇ ਉਸ ਨੂੰ ਪਵਿੱਤਰ ਕਰ ਲਓ। ਹੁਣ ਗਣੇਸ਼ ਜੀ ਦੀ ਮੂਰਤੀ ਨੂੰ ਲੱਕੜ ਦੀ ਫੱਟੀ 'ਤੇ ਰੱਖੋ। ਨਾਲ ਹੀ ਫਲ-ਫੁੱਲ, ਕੱਪੜੇ ਤੇ ਮੋਦਕ ਵੀ ਰੱਖੋ। ਹੁਣ ਚੌਲ, ਕਣਕ ਤੇ ਪੰਚਮੇਵਾ ਰੱਖ ਕੇ ਇਕ ਪੋਟਲੀ ਤਿਆਰ ਕਰੋ ਤੇ ਉਸ ਵਿਚ ਕੁਝ ਸਿੱਕੇ ਪਾਓ। ਇਹ ਪੋਟਲੀ ਵੀ ਗਣੇਸ਼ ਜੀ ਨੂੰ ਵਿਸਰਜਿਤ ਕਰਨ ਲਈ ਲੈ ਜਾਓ। ਵਿਸਰਜਣ ਤੋਂ ਪਹਿਲਾਂ ਇਕ ਵਾਰ ਫਿਰ ਗਣੇਸ਼ ਜੀ ਦੀ ਆਰਤੀ ਕਰੋ ਤੇ ਉਨ੍ਹਾਂ ਨੂੰ ਅਗਲੇ ਸਾਲ ਜਲਦੀ ਆਉਣ ਦੀ ਪ੍ਰਾਰਥਨਾ ਕਰੋ। ਆਪਣੇ ਪਰਿਵਾਰ ਦੀ ਖੁਸ਼ਹਾਲੀ ਤੇ ਮਨੋਕਾਮਨਾ ਪੂਰੀ ਕਰਨ ਦੀ ਮੰਨਤ ਮੰਗੋ ਤੇ ਗਣੇਸ਼ ਜੀ ਦੀ ਮੂਰਤੀ ਨੂੰ ਪਾਣੀ ਵਿਚ ਵਿਸਰਜਿਤ ਕਰ ਦਿਉ।

ਕੀ ਹੈ ਗਣੇਸ਼ ਵਿਸਰਜਣ ਦਾ ਸ਼ੁੱਭ ਮਹੂਰਤ

19 ਸਤੰਬਰ ਨੂੰ 4 ਵੱਜ ਕੇ 59 ਮਿੰਟ 'ਤੇ ਚਤੁਰਦਸ਼ੀ ਤਰੀਕ ਆਰੰਭ ਹੋਵੇਗੀ ਤੇ 20 ਸਤੰਬਰ ਨੂੰ 5 ਵੱਜ ਕੇ 28 ਮਿੰਟ 'ਤੇ ਖ਼ਤਮ ਹੋਵੇਗੀ। ਇਸ ਦੌਰਾਨ ਤੁਸੀਂ 5 ਮਹੂਰਤ 'ਚ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਣ ਕਰ ਸਕਦੇ ਹੋ। ਪਹਿਲਾ ਮਹੂਰਤ ਸਵੇਰੇ 7 ਵੱਜ ਕੇ 40 ਮਿੰਟ ਤੋਂ ਦੁਪਹਿਰੇ 12 ਵੱਜ ਕੇ 15 ਮਿੰਟ ਤਕ ਰਹੇਗਾ। ਇਸ ਤੋਂ ਬਾਅਦ ਦੁਪਹਿਰੇ 1 ਵੱਜ ਕੇ 46 ਮਿੰਟ ਤੋਂ 3 ਵੱਜ ਕੇ 18 ਮਿੰਟ ਤਕ ਗਣੇਸ਼ ਵਿਸਰਜਣ ਕੀਤਾ ਜਾ ਸਕਦਾ ਹੈ। ਸ਼ਾਮ ਨੂੰ 6 ਵੱਜ ਕੇ 29 ਮਿੰਟਾਂ ਤੋਂ ਰਾਤ 10 ਵੱਜ ਕੇ 46 ਮਿੰਟ ਤਕ ਵੀ ਗਣੇਸ਼ ਵਿਸਰਜਣ ਦਾ ਮਹੂਰਤ ਹੈ। ਤੁਸੀਂ ਰਾਤ ਨੂੰ 1 ਵੱਜ ਕੇ 43 ਮਿੰਟ ਤੋਂ 3 ਵੱਜ ਕੇ 13 ਮਿੰਟ ਦੇ ਵਿਚਕਾਰ ਵੀ ਗਣੇਸ਼ ਜੀ ਦੀ ਮੂਰਤੀ ਪਾਣੀ 'ਚ ਵਿਸਰਜਿਤ ਕਰ ਸਕਦੇ ਹੋ। ਇਸ ਤੋਂ ਇਲਾਵਾ 20 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 4 ਵੱਜ ਕੇ 40 ਮਿੰਟ ਤੋਂ 6 ਵੱਜ ਕੇ 8 ਮਿੰਟ ਦੇ ਵਿਚਕਾਰ ਵੀ ਗਣੇਸ਼ ਵਿਸਰਜਣ ਕੀਤਾ ਜਾ ਸਕਦਾ ਹੈ।

Posted By: Seema Anand