ਮਨੁੱਖ ਨੂੰ ਸਦਾ ਕਾਲ ਅਤੇ ਹਾਲਾਤ ਦੇ ਮੁਤਾਬਕ ਹੀ ਫ਼ੈਸਲੇ ਲੈਣੇ ਹੁੰਦੇ ਹਨ। ਫ਼ੈਸਲੇ ਵਿਚ ਸ਼ੰਕਾ ਜਾਂ ਬੇਵਿਸਾਹੀ ਨੁਕਸਾਨਦੇਹ ਹੁੰਦੀ ਹੈ। ਅਸਲ ਵਿਚ ਸ਼ੰਕਾ ਜਾਂ ਮਨ ਦੀ ਦੁਚਿੱਤੀ ਹੋਣ ’ਤੇ ਕੰਮ ਵਿਚ ਸਫਲਤਾ ਵੀ ਸ਼ੱਕੀ ਹੋ ਜਾਂਦੀ ਹੈ। ਅਸੀਂ ਜੀਵਨ ਵਿਚ ਜਿਸ ਵੀ ਕੰਮ ਨੂੰ ਆਰੰਭ ਕਰਦੇ ਹਾਂ, ਜੇਕਰ ਉਸ ਦੀ ਮੁੱਢਲੀ ਅਵਸਥਾ ਤੋਂ ਹੀ ਮਨ ਵਿਚ ਸ਼ੰਕਾ ਉਤਪੰਨ ਹੋ ਜਾਵੇ ਤਾਂ ਅਸੀਂ ਉਸ ਕੰਮ ਨੂੰ ਕਦੇ ਵੀ ਸੰਪੂਰਨ ਮਨੋਵੇਗ ਨਾਲ ਪੂਰਾ ਨਹੀਂ ਕਰ ਸਕਦੇ। ਸ਼ੰਕਾ ਸਾਡੀ ਦੁਸ਼ਮਣ ਹੁੰਦੀ ਹੈ। ਇਸ ਦੇ ਉਲਟ ਮਨ ਵਿਚ ਸ਼ੰਕਾ ਨਾ ਹੋਣ ਜਾਂ ਸਫਲਤਾ ਪ੍ਰਤੀ ਦ੍ਰਿੜ੍ਹਤਾ ਦਾ ਭਾਵ ਆਮ ਤੌਰ ’ਤੇ ਹਾਰੀ ਹੋਈ ਬਾਜ਼ੀ ਨੂੰ ਵੀ ਪਲਟ ਦਿੰਦਾ ਹੈ। ਫਰਾਂਸ ਦੇ ਸਮਰਾਟ ਨੈਪੋਲੀਅਨ ਬੋਨਾਪਾਰਟ ਨੇ ਜਦ ਆਲਪਸ ਪਰਬਤ ਨੂੰ ਪਾਰ ਕਰਨ ਦੀ ਮਨ ਵਿਚ ਠਾਣੀ ਤਾਂ ਉਨ੍ਹਾਂ ਦੇ ਮਨ ਵਿਚ ਕੋਈ ਸ਼ੰਕਾ ਨਹੀਂ ਸੀ। ਉਨ੍ਹਾਂ ਨੇ ਆਪਣੀ ਵਿਚਾਰਕ ਦ੍ਰਿੜ੍ਹਤਾ ਦੇ ਬਲਬੂਤੇ ਆਪਣੇ ਸੈਨਿਕਾਂ ਦੇ ਮਨ ਵਿਚ ਵੀ ਸ਼ੰਕਾ ਪੈਦਾ ਨਾ ਹੋਣ ਦਿੱਤੀ ਅਤੇ ਉਨ੍ਹਾਂ ਦੀ ਸੈਨਾ ਆਲਪਸ ਪਰਬਤ ਨੂੰ ਪਾਰ ਕਰ ਗਈ। ਜੇਕਰ ਅਸੀਂ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਦੇਖਾਂਗੇ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸ਼ੰਕਾ ਦੀ ਹਾਲਤ ਸਾਨੂੰ ਫ਼ੈਸਲੇ ਲੈਣ ਤੋਂ ਰੋਕਦੀ ਹੈ। ਜਿਵੇਂ ਫ਼ਰਜ਼ ਕਰੋ ਕਿ ਅਸੀਂ ਕਿਸੇ ਨਦੀ ਨੂੰ ਪਾਰ ਕਰਨਾ ਹੈ। ਅਸੀਂ ਨਦੀ ਦੇ ਕਿਨਾਰੇ ਤਕ ਪੁੱਜਦੇ ਹਾਂ। ਉੱਥੇ ਅਨੇਕ ਕਿਸ਼ਤੀਆਂ ਖੜ੍ਹੀਆਂ ਹਨ। ਜੇ ਸਾਡਾ ਮਨ ਸ਼ੰਕਾ ਕਰਨ ਲੱਗੇ ਕਿ ਇਨ੍ਹਾਂ ’ਚੋਂ ਕਿਹੜੀ ਕਿਸ਼ਤੀ ਹੈ ਜੋ ਸਾਨੂੰ ਜ਼ਰੂਰ ਨਦੀ ਪਾਰ ਕਰਵਾ ਦੇਵੇਗੀ। ਉਸ ਅਵਸਥਾ ਵਿਚ ਸੰਭਵ ਤੌਰ ’ਤੇ ਅਸੀਂ ਕਦੇ ਇਹ ਫ਼ੈਸਲਾ ਨਹੀਂ ਕਰ ਸਕਾਂਗੇ ਕਿ ਅਸੀਂ ਕਿਸ ਕਿਸ਼ਤੀ ’ਚ ਸਵਾਰ ਹੋ ਕੇ ਨਦੀ ਪਾਰ ਕਰੀਏ। ਇਸ ਦੁਚਿੱਤੀ ਵਾਲੀ ਸਥਿਤੀ ਵਿਚ ਸਾਡਾ ਨਦੀ ਪਾਰ ਕਰਨਾ ਵੀ ਸ਼ੱਕੀ ਹੋ ਜਾਵੇਗਾ। ਅਜਿਹੇ ਵਿਚ ਸਾਨੂੰ ਸ਼ੰਕਾ ਰਹਿਤ ਹੋ ਕੇ, ਕਿਸੇ ਇਕ ਕਿਸ਼ਤੀ ਦੀ ਚੋਣ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਕਰਨੀ ਹੋਵੇਗੀ। ਤਦ ਹੀ ਮੰਜ਼ਿਲ ਤਕ ਪੁੱਜਣਾ ਸੰਭਵ ਹੋਵੇਗਾ। ਗੀਤਾ ਦੇ ਚੌਥੇ ਅਧਿਆਇ ਵਿਚ ਭਗਵਾਨ ਸ੍ਰੀਕ੍ਰਿਸ਼ਨ ਕਹਿੰਦੇ ਹਨ ਕਿ ਜੋ ਅਗਿਆਨੀ, ਸ਼ਰਧਾ ਰਹਿਤ ਅਤੇ ਸ਼ੰਕਾਵਾਨ ਹੈ, ਉਸ ਦਾ ਨਾਸ ਹੁੰਦਾ ਹੈ। ਇਸ ਲਈ ਜੀਵਨ-ਮਾਰਗ ਦੀ ਚੋਣ ਅਤੇ ਪਾਲਣਾ ਕਰਨ ਵਿਚ ਸ਼ੰਕਾ ਰਹਿਤ ਹੋਣਾ ਜ਼ਰੂਰੀ ਹੈ। ਜੋ ਵਿਅਕਤੀ ਸ਼ੰਕਾ ਦੇ ਭਾਵ ਤੋਂ ਮੁਕਤ ਹੋ ਜਾਂਦਾ ਹੈ, ਉਹ ਸੱਚ ਨਾਲ ਰੂਬਰੂ ਹੋਣ ਦੇ ਸਮਰੱਥ ਹੋ ਜਾਂਦਾ ਹੈ। ਇਸ ਲਈ ਜੀਵਨ ਵਿਚ ਸ਼ੰਕਾ ਤੋਂ ਮੁਕਤ ਹੋਣਾ ਜ਼ਰੂਰੀ ਹੈ।-ਡਾ. ਪ੍ਰਸ਼ਾਂਤ ਅਗਨੀਹੋਤਰੀ।

Posted By: Shubham Kumar