ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥੇ 'ਪੰਜਾਬੀ ਜਾਗਰਣ ਗੱਤਕਾ ਕੱਪ' ਦਾ ਆਗ਼ਾਜ਼ 14 ਜਨਵਰੀ 2020 ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਹੋਣ ਜਾ ਰਿਹਾ ਹੈ। 28 ਜਨਵਰੀ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੋਣ ਵਾਲੇ ਇਨ੍ਹਾਂ ਗੱਤਕਾ ਮੁਕਾਬਲਿਆਂ ਵਿਚ 'ਪੰਜਾਬ ਗੱਤਕਾ ਐਸੋਸੀਏਸ਼ਨ ਦੀਆਂ ਕਰੀਬ 200 ਟੀਮਾਂ ਦੇ 2,000 ਖਿਡਾਰੀ ਹਿੱਸਾ ਲੈਣਗੇ।

ਖ਼ਾਲਸਾਈ ਬਾਣੇ ਵਿਚ ਸਜੇ ਸਿੰਘ ਅਤੇ ਬੀਬੀਆਂ ਦੇ ਗੱਤਕੇ ਦੇ ਜੌਹਰ ਜਿੱਥੇ ਠੰਡ ਵਿਚ ਗਰਮਾਹਟ ਪੈਦਾ ਕਰਨਗੇ ਉੱਥੇ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਆਪਣੀਆਂ ਸਿੱਖ ਪਰੰਪਰਾਵਾਂ ਤੇ ਖ਼ਾਲਸਾਈ ਜਾਹੋ-ਜਲਾਲ ਦਾ ਆਨੰਦ ਮਾਨਣਗੇ। ਇਨ੍ਹਾਂ ਗੱਤਕਾ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਜਿੱਥੇ 'ਪੰਜਾਬੀ ਜਾਗਰਣ' ਅਦਾਰੇ ਦਾ ਸਮੂਹ ਸਟਾਫ ਪੱਬਾਂ ਭਾਰ ਹੈ ਉੱਥੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਰੈਫਰੀਆਂ, ਜੱਜਾਂ ਅਤੇ ਅਧਿਕਾਰੀਆਂ ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾਵੇਗੀ। ਸਾਲ-ਦਰ-ਸਾਲ ਸਖ਼ਤ ਹੋ ਰਹੇ ਗੱਤਕਾ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕਰਨ ਲਈ ਟੀਮਾਂ ਸੀਤ ਲਹਿਰ ਦੇ ਬਾਵਜੂਦ ਪ੍ਰੈਕਟਿਸ 'ਚ ਜੁਟੀਆਂ ਹੋਈਆਂ ਹਨ ਤਾਂ ਜੋ ਫਰਵਰੀ ਮਹੀਨੇ ਵਿਚ ਅੰਮ੍ਰਿਤਸਰ ਵਿਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਪੱਕੀ ਕਰ ਸਕਣ। ਚੌਥੇ ਪੰਜਾਬੀ ਜਾਗਰਣ ਗੱਤਕਾ ਮੁਕਾਬਲੇ ਦੇ ਜੇਤੂ ਦਾ ਖ਼ਿਤਾਬ ਕਿਸ ਦੇ ਸਿਰ ਸਜੇਗਾ, ਇਹ ਤਾਂ ਵਕਤ ਦੀ ਬੁੱਕਲ ਅੰਦਰ ਹੀ ਛੁਪਿਆ ਹੋਇਆ ਹੈ ਪ੍ਰੰਤੂ ਇਸ ਦੇ ਨਾਲ-ਨਾਲ ਇਹ ਵੀ ਵੇਖਣਾ ਦਿਲਚਸਪ ਹੋਵੇਗਾ ਕਿ ਤੀਸਰੇ ਪੰਜਾਬੀ ਜਾਗਰਣ ਗੱਤਕਾ ਕੱਪ ਦੇ ਜੇਤੂ ਇਸ ਵਾਰ ਆਪਣੇ ਖ਼ਿਤਾਬ ਨੂੰ ਬਚਾਉਣ ਵਿਚ ਸਫਲ ਹੋਣਗੇ ਜਾਂ ਕੋਈ ਨਵੀਂ ਟੀਮ ਵੱਡਾ ਉਲਟਫੇਰ ਕਰ ਕੇ ਇਹ ਖ਼ਿਤਾਬ ਆਪਣੇ ਨਾਂ ਕਰਦੀ ਹੈ। ਆਓ, ਜਾਣਦੇ ਹਾਂ ਤੀਸਰੇ ਪੰਜਾਬੀ ਜਾਗਰਣ ਗੱਤਕਾ ਕੱਪ ਦੇ ਫਾਈਨਲ ਵਿਚ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੀਆਂ ਟੀਮਾਂ ਬਾਰੇ, ਜੋ ਇਸ ਵਾਰ ਹੋਣ ਵਾਲੇ ਮੁਕਾਬਲਿਆਂ ਵਿਚ ਜਿੱਤ ਦੀਆਂ ਪ੍ਰਮੁੱਖ ਦਾਅਵੇਦਾਰ ਹਨ।

ਅਕਾਲ ਸਹਾਇ ਗੱਤਕਾ ਅਕੈਡਮੀ, ਲੁਧਿਆਣਾ

ਤੀਸਰੇ ਪੰਜਾਬੀ ਜਾਗਰਣ ਗੱਤਕਾ ਕੱਪ ਵਿਚ ਲੜਕਿਆਂ ਦੀ ਟੀਮ ਦੇ ਪ੍ਰਦਰਸ਼ਨ ਮੁਕਾਬਲਿਆਂ ਵਿਚ ਅਕਾਲ ਸਹਾਇ ਗੱਤਕਾ ਅਕੈਡਮੀ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਗੱਤਕਾ ਕੋਚ ਅਮਨਜੀਤ ਸਿੰਘ ਭੱਟੀ ਦੀ ਅਗਵਾਈ ਵਿਚ ਕੋਚਿੰਗ ਲੈ ਰਹੇ ਗੱਤਕੇ ਦੇ ਖਿਡਾਰੀ ਕਿਸੇ ਵੀ ਪੱਖੋਂ ਕਿਸੇ ਨਾਲੋਂ ਘੱਟ ਨਹੀਂ। ਸਰੀਰਕ ਚੁਸਤੀ-ਫੁਰਤੀ, ਲਚਕ ਅਤੇ ਗਤੀ ਨਾਲ ਆਪਣੀ ਟੀਮ ਨੂੰ ਜਿੱਤ ਦੇ ਨੇੜੇ ਲਿਜਾਣ ਦਾ ਮਾਦਾ ਇਹ ਟੀਮ ਬਾਖ਼ੂਬੀ ਰੱਖਦੀ ਹੈ। ਪਿਛਲੇ ਸਾਲ ਜਦੋਂ ਇਸ ਟੀਮ ਨੇ ਜਿੱਤ ਹਾਸਲ ਕੀਤੀ ਸੀ ਤਾਂ ਉਸ ਸਮੇਂ ਇਸ ਟੀਮ ਵਿਚ ਕਰਮਵੀਰ ਸਿੰਘ, ਮਧੁਰਬੈਨ ਸਿੰਘ, ਰਮਨਦੀਪ ਸਿੰਘ, ਮਨਜੋਤ ਸਿੰਘ, ਵਿਕਰਮ ਸਿੰਘ, ਕਰਮਵੀਰ ਸਿੰਘ, ਗਗਨਦੀਪ ਸਿੰਘ, ਜੋਬਨਜੀਤ ਸਿੰਘ, ਸੁਰਿੰਦਰਪਾਲ ਸਿੰਘ ਤੇ ਨਵਜੋਤ ਸਿੰਘ ਸ਼ਾਮਲ ਸਨ। ਇਸ ਵਾਰ ਵੀ ਇਨ੍ਹਾਂ ਖਿਡਾਰੀਆਂ ਦੇ ਨਾਲ ਹੀ ਅਕਾਲ ਸਹਾਇ ਗੱਤਕਾ ਅਕੈਡਮੀ ਵੱਲੋਂ ਇਸ ਮੁਕਾਬਲੇ ਵਿਚ ਭਾਗ ਲੈਣ ਦੀ ਸੰਭਾਵਨਾ ਹੈ। ਹਰ ਰੋਜ਼ ਬਿਨਾਂ ਨਾਗਾ ਪ੍ਰੈਕਟਿਸ ਹੀ ਇਸ ਟੀਮ ਦੀ ਜਿੱਤ ਦਾ ਮੁੱਖ ਕਾਰਨ ਹੈ ਅਤੇ ਇਸ ਵਾਰ ਕੁਝ ਨਾ ਕੁਝ ਨਵਾਂ ਕਰਨ ਲਈ ਇਹ ਟੀਮ ਮੈਦਾਨ ਵਿਚ ਉਤਰੇਗੀ।

ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਗੱਤਕਾ ਅਖਾੜਾ, ਖਰੜ

ਲੜਕਿਆਂ ਦੇ ਮੁਕਾਬਲਿਆਂ ਵਿਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਦਾ ਨਾਂ ਸੀ ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਗਤਕਾ ਅਖਾੜਾ, ਖਰੜ।

ਪੁਰਾਣੇ ਗੱਤਕਾ ਉਸਤਾਦਾਂ ਵਿਚ ਬੜੀ ਇੱਜ਼ਤ ਨਾਲ ਲਏ ਜਾਣ ਵਾਲੇ ਨਾਂ ਸਵਰਗੀ ਸ. ਧਰਮ ਸਿੰਘ ਪਾਉਂਟਾ ਸਾਹਿਬ ਦੇ ਜਵਾਈ ਸ. ਜਗਦੀਸ਼ ਸਿੰਘ ਕੁਰਾਲੀ ਦੀ ਅਗਵਾਈ ਹੇਠ ਚੱਲ ਰਹੇ ਇਸ ਅਖਾੜੇ ਨੇ ਵੀ ਗੱਤਕੇ ਦੇ ਖੇਤਰ ਵਿਚ ਚੰਗੀ ਧਾਕ ਜਮਾਈ ਹੈ।

ਕੋਚ ਹਰਮਨਜੋਤ ਸਿੰਘ ਦੀ ਅਗਵਾਈ ਵਿਚ ਭਾਗ ਲੈਣ ਵਾਲੀ ਇਸ ਟੀਮ ਵਿਚ ਵਿਕਾਸ ਸਿੰਘ, ਜਗਦੀਪ ਸਿੰਘ, ਰਮਨਜੋਤ ਸਿੰਘ, ਇਸ਼ਵਿੰਦਰ ਸਿੰਘ, ਕੁਲਵੀਰ ਸਿੰਘ, ਕਮਲ ਸਿੰਘ, ਹਰਮੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਨੇ ਭਾਗ ਲਿਆ ਸੀ। ਜ਼ਿਕਰਯੋਗ ਹੈ ਕਿ ਇਸ ਟੀਮ ਦਾ ਖਿਡਾਰੀ ਵਿਕਾਸ ਸਿੰਘ ਹਿੰਦੂ ਧਰਮ ਨਾਲ ਸਬੰਧਤ ਹੈ, ਜੋ ਹੁਣ ਗੱਤਕਾ ਸਿੱਖ ਕੇ ਆਪ ਵੀ ਅਤੇ ਉਸ ਦਾ ਸਾਰਾ ਪਰਿਵਾਰ ਸਿੰਘ ਸਜ ਚੁੱਕਾ ਹੈ। ਇਹ ਟੀਮ ਵੀ ਚੌਥੇ ਗੱਤਕਾ ਕੱਪ ਦੀ ਪ੍ਰਬਲ ਦਾਅਵੇਦਾਰ ਹੈ।

ਨਿਰਵੈਰ ਖ਼ਾਲਸਾ ਗੱਤਕਾ ਅਖਾੜਾ, ਰਾਜਪੁਰਾ

ਲੜਕਿਆਂ ਦੇ ਮੁਕਾਬਲਿਆਂ ਵਿਚ ਤੀਸਰਾ ਸਥਾਨ ਨਿਰਵੈਰ ਖ਼ਾਲਸਾ ਗੱਤਕਾ ਅਖਾੜਾ, ਰਾਜਪੁਰਾ ਦੀ ਟੀਮ ਨੇ ਪ੍ਰਾਪਤ ਕੀਤਾ ਸੀ। ਜਥੇਦਾਰ ਕੁਲਦੀਪ ਸਿੰਘ ਦੀ ਕੋਚਿੰਗ ਹੇਠ ਚੱਲ ਰਹੇ ਇਸ ਅਖਾੜੇ ਦੇ ਖਿਡਾਰੀ ਵੀ ਆਪਣੀ ਦਮਦਾਰ ਅਤੇ ਸ਼ਾਨਦਾਰ ਖੇਡ ਲਈ ਜਾਣੇ ਜਾਂਦੇ ਹਨ। ਸਰੀਰਕ ਪੱਖੋਂ ਚੰਗੇ ਜੁੱਸਿਆਂ ਵਾਲੇ ਖ਼ਾਲਸਾਈ ਬਾਣੇ ਵਿਚ ਸਜੇ ਸਿੰਘ ਜਦੋਂ ਮੈਦਾਨ ਵਿਚ ਆ ਕੇ ਜੈਕਾਰੇ ਗੂੰਜਾਉਂਦੇ ਹਨ ਤਾਂ ਖ਼ਾਲਸਾਈ ਫ਼ੌਜ ਦਾ ਭੁਲੇਖਾ ਪਾਉਂਦੇ ਹਨ। ਇਸ ਟੀਮ ਵਿਚ ਪਿਛਲੇ ਸਾਲ ਹਰਮਨਜੀਤ ਸਿੰਘ, ਸਨਮਪ੍ਰੀਤ ਸਿੰਘ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਦਸਮੇਸ਼ ਸਿੰਘ, ਗੁਰਜੀਤ ਸਿੰਘ, ਪਰਵਿੰਦਰ ਸਿੰਘ ਨੇ ਭਾਗ ਲਿਆ ਸੀ।

ਇਹ ਟੀਮ ਇਸ ਵਾਰ ਹੋਰ ਵਧੀਆ ਤਿਆਰੀ ਕਰ ਕੇ ਮੈਦਾਨ ਵਿਚ ਉਤਰੇਗੀ ਅਤੇ ਅਕਾਲ ਸਹਾਇ ਅਕੈਡਮੀ ਅਤੇ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਲਈ ਚੁਣੌਤੀ ਪੇਸ਼ ਕਰ ਸਕਦੀ ਹੈ।

ਮੀਰੀ ਪੀਰੀ ਗੱਤਕਾ ਅਖਾੜਾ, ਡੇਹਲੋਂ

ਜੇਕਰ ਲੜਕੀਆਂ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਮੀਰੀ ਪੀਰੀ ਗੱਤਕਾ ਅਖਾੜਾ ਡੇਹਲੋਂ ਨੇ ਪਹਿਲਾ ਸਾਥਾਨ ਹਾਸਲ ਕੀਤਾ ਸੀ। ਰਘੁਵੀਰ ਸਿੰਘ ਡੇਹਲੋਂ ਅਤੇ ਉਨ੍ਹਾਂ ਦੀ ਧਰਮ ਪਤਨੀ ਰੁਪਿੰਦਰ ਕੌਰ ਦੀ ਅਗਵਾਈ ਹੇਠ ਚੱਲ ਰਹੇ ਇਸ ਅਖਾੜੇ ਦੀਆਂ ਗੱਤਕਾ ਖਿਡਾਰਨਾਂ ਦੀ ਖੇਡ ਬਿਲਕੁਲ ਲੜਕਿਆਂ ਵਰਗੀ ਹੈ। ਗੁਰੂ ਦੇ ਬਾਣੇ ਵਿਚ ਸਜੀਆਂ ਇਨ੍ਹਾਂ ਖਿਡਾਰਨਾਂ ਦੀ ਖੇਡ ਨੂੰ ਵੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ ਹੈ। ਪਿਛਲੇ ਸਾਲ ਹੋਏ ਗੱਤਕਾ ਮੁਕਾਬਲਿਆਂ ਵਿਚ ਗਗਨਪ੍ਰੀਤ ਕੌਰ, ਸੁਖਵਿੰਦਰ ਕੌਰ, ਵੀਰਇੰਦਰ ਕੌਰ, ਹਰਮਨਜੋਤ ਕੌਰ, ਦਿਲਪ੍ਰੀਤ ਕੌਰ, ਇਸ਼ਵਿੰਦਰ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਗੁਰਲੀਨ ਕੌਰ, ਮੁਸਕਾਨਪ੍ਰੀਤ ਕੌਰ ਨੇ ਹਿੱਸਾ ਲਿਆ ਸੀ। ਇਸ ਵਾਰ ਚੌਥੇ ਪੰਜਾਬੀ ਜਾਗਰਣ ਗੱਤਕਾ ਕੱਪ ਦੀਆਂ ਪ੍ਰਮੁੱਖ ਦਾਅਵੇਦਾਰ ਟੀਮਾਂ ਵਿੱਚੋਂ ਇਕ ਟੀਮ ਮੀਰੀ ਪੀਰੀ ਗੱਤਕਾ ਅਖਾੜਾ ਹੀ ਹੈ। ਆਪਣੀ ਅਣਥੱਕ ਮਿਹਨਤ ਅਤੇ ਲਗਨ ਨੂੰ ਆਪਣੀ ਕਾਮਯਾਬੀ ਦਾ ਰਾਜ਼ ਦੱਸਣ ਵਾਲੀਆਂ ਇਹ ਖਿਡਾਰਨਾਂ ਬਾਣੀ ਦਾ ਜਾਪ ਕਰਦੀਆਂ ਹੋਈਆਂ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨਾਲ ਜੂਝਦੀਆਂ ਹੋਈਆਂ ਅੱਗੇ ਵਧ ਰਹੀਆਂ ਹਨ।

ਮਾਤਾ ਭਾਗ ਕੌਰ ਜੀ ਗੱਤਕਾ ਅਖਾੜਾ, ਸ੍ਰੀ ਮੁਕਤਸਾਰ ਸਾਹਿਬ

ਲੜਕੀਆਂ ਦੇ ਮੁਕਾਬਲਿਆਂ 'ਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਦਾ ਨਾਂ ਸੀ ਮਾਤਾ ਭਾਗ ਕੌਰ ਜੀ ਗੱਤਕਾ ਅਖਾੜਾ ਸ੍ਰੀ ਮੁਕਤਸਾਰ ਸਾਹਿਬ। ਅਖਾੜੇ ਦੇ ਨਾਂ ਵਾਂਗ ਜਦੋਂ ਇਹ ਖਿਡਾਰਨਾਂ ਸਿੱਖੀ ਸਰੂਪ ਵਿਚ ਹੱਥ 'ਚ ਤੇਗ਼ ਫੜੀ ਮੈਦਾਨ ਵਿਚ ਗਰਜਦੀਆਂ ਹਨ ਤਾਂ ਮਾਤਾ ਭਾਗ ਕੌਰ ਦੀਆਂ ਵਾਰਿਸ ਪ੍ਰਤੀਤ ਹੁੰਦੀਆਂ ਹਨ। ਗੁਰੂ ਨਾਨਕ ਕਾਲਜ ਫਾਰ ਗਰਲਜ਼, ਮੁਕਤਸਾਰ ਸਾਹਿਬ ਦੀਆਂ ਇਹ ਵਿਦਿਆਰਥਣਾਂ ਜਿੱਥੇ ਪੜ੍ਹਾਈ 'ਚ ਮੱਲਾਂ ਮਾਰ ਰਹੀਆਂ ਹਨ ਉੱਥੇ ਗਤਕੇ ਦੀ ਦੁਨੀਆ 'ਚ ਵੀ ਚੰਗਾ ਨਾਮਣਾ ਖੱਟਿਆ ਹੈ। ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਦੀ ਸਰਪ੍ਰਸਤੀ ਹੇਠ ਅਤੇ ਸ. ਗੁਰਲਾਲ ਸਿੰਘ ਦੀ ਕੋਚਿੰਗ ਹੇਠ ਚੱਲ ਰਹੇ ਇਸ ਅਖਾੜੇ ਦੀਆਂ ਖਿਡਾਰਨਾਂ ਨੇ ਹਰੇਕ ਮੁਕਬਲੇ ਵਿਚ ਧਾਕ ਜਮਾਈ ਹੈ। ਚੌਥੇ ਪੰਜਾਬੀ ਜਾਗਰਣ ਕੱਪ ਦੀਆਂ ਜੇਤੂ ਟੀਮਾਂ ਵਿਚ ਪ੍ਰਮੁੱਖ ਦਾਅਵਾ ਰੱਖਣ ਵਾਲੀ ਇਹ ਟੀਮ ਪਿਛਲੀ ਵਾਰ ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਨਵਦੀਪ ਕੌਰ, ਪਾਇਲ ਕੌਰ, ਸਿਮਰਨਜੀਤ ਕੌਰ, ਹਰਸ਼ਰਨ ਕੌਰ ਨਾਲ ਮੈਦਾਨ ਵਿਚ ਉਤਰੀ ਸੀ। ਇਸ ਵਾਰ ਵੀ ਇਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।

ਭੁਝੰਗ ਰਵਿਦਾਸ ਸੇਵਾ ਸੁਸਾਇਟੀ ਗੱਤਕਾ ਅਖਾੜਾ, ਰੋਪੜ

ਲੜਕੀਆਂ ਦੇ ਮੁਕਾਬਲੇ ਵਿਚ ਤੀਸਰੇ ਸਥਾਨ 'ਤੇ ਰਹੀ ਟੀਮ ਦਾ ਨਾਂ ਭੁਝੰਗ ਰਵਿਦਾਸ ਸੇਵਾ ਸੁਸਾਇਟੀ ਗੱਤਕਾ ਅਖਾੜਾ, ਰੋਪੜ ਹੈ। ਬਾਬੂ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਇਸ ਅਖਾੜੇ ਦੀ ਟੀਮ ਵਿਚ ਅਰਸ਼ਦੀਪ ਕੌਰ, ਜਸਪ੍ਰੀਤ ਕੌਰ, ਸੀਮਾ ਭਾਰਤੀ, ਹਰਪ੍ਰੀਤ ਕੌਰ, ਵੰਦਨਾ ਕੌਰ ਸ਼ਾਮਲ ਸਨ। ਉਮਰ ਪੱਖੋਂ ਭਾਵੇਂ ਇਹ ਖਿਡਾਰਨਾਂ ਘੱਟ ਉਮਰ ਦੀਆਂ ਸਨ ਪ੍ਰੰਤੂ ਜਜ਼ਬੇ ਅਤੇ ਖੇਡ ਭਾਵਨਾ ਵਿਚ ਕੋਈ ਕਮੀ ਨਹੀਂ ਸੀ। ਵਿੱਤੀ ਪੱਖੋਂ ਕਮਜ਼ੋਰ ਪਰਿਵਾਰਾਂ ਵਿੱਚੋਂ ਨਿਕਲ ਕੇ ਆਈਆਂ ਇਹ ਖਿਡਾਰਨਾਂ ਸੱਚਮੁੱਚ ਦਸਮ ਪਾਤਸ਼ਾਹ ਦੀ ਖੇਡ ਨੂੰ ਪ੍ਰਫੁੱਲਤ ਕਰ ਰਹੀਆਂ ਹਨ। ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਟੀਮ ਪਿਛਲੇ ਸਾਲ ਦੇ ਮੁਕਾਬਲੇ ਵਧੀਆ ਤਿਆਰੀ ਨਾਲ ਆਵੇਗੀ ਅਤੇ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਕਰ ਕੇ ਦੂਸਰੀਆਂ ਟੀਮਾਂ ਨੂੰ ਚੁਣੌਤੀ ਦੇਵੇਗੀ।

J ਬਲਜਿੰਦਰ ਸਿੰਘ ਤੂਰ

93176-35584

Posted By: Harjinder Sodhi