ਭੋਜਨ ਧਰਤੀ 'ਤੇ ਸਭ ਪ੍ਰਾਣੀਆਂ ਦੇ ਸਰੀਰ ਦੇ ਪੋਸ਼ਣ ਲਈ ਲਾਜ਼ਮੀ ਹੈ ਕਿਉਂਕਿ ਇਸ ਨਾਲ ਤਨ ਨੂੰ ਤਾਕਤ ਮਿਲਦੀ ਹੈ ਅਤੇ ਮਨ ਨੂੰ ਸੰਸਕਾਰ। ਇਹ ਸਾਡੇ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਪਵਿੱਤਰ ਰੱਖਦਾ ਹੈ ਪਰ ਭੋਜਨ ਦੀ ਸ਼ੁੱਧਤਾ ਅਤੇ ਇਸ ਨੂੰ ਪਕਾਉਣ ਦੇ ਤੌਰ-ਤਰੀਕੇ 'ਤੇ ਮਨ ਦੀ ਸਿਹਤ ਅਤੇ ਚਿੱਤ ਦੀ ਪਵਿੱਤਰਤਾ ਨਿਰਭਰ ਕਰਦੀ ਹੈ।

ਆਯੁਰਵੇਦ ਦੇ ਜਾਣਕਾਰਾਂ ਦਾ ਇਹ ਮੰਨਣਾ ਹੈ ਕਿ ਭੋਜਨ ਦੀਆਂ ਸ਼ੁੱਧੀਆਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ-ਖੇਤਰ ਸ਼ੁੱਧੀ, ਦ੍ਰਵ ਸ਼ੁੱਧੀ, ਕਾਲ ਸ਼ੁੱਧੀ ਅਤੇ ਭਾਵ ਸ਼ੁੱਧੀ। ਭੋਜਨ ਬਣਾਉਂਦੇ ਸਮੇਂ ਜਾਂ ਖਾਂਦੇ ਸਮੇਂ ਸਾਨੂੰ ਖੇਤਰ ਅਰਥਾਤ ਸਥਾਨ ਦੀ ਸ਼ੁੱਧਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਪਵਿੱਤਰ ਤੇ ਸਾਫ਼-ਸੁਥਰੇ ਸਥਾਨ 'ਤੇ ਬਣਾਇਆ ਗਿਆ ਅਤੇ ਗ੍ਰਹਿਣ ਕੀਤਾ ਗਿਆ ਭੋਜਨ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਸਾਤਵਿਕ ਬਣਾਉਂਦਾ ਹੈ। ਲਿਹਾਜ਼ਾ ਰਸੋਈ ਵਿਚ ਇਸ਼ਨਾਨ ਨਾ ਕੀਤੇ, ਗੰਦੇ ਅਤੇ ਰੋਗੀ ਵਿਅਕਤੀ ਨੂੰ ਪ੍ਰਵੇਸ਼ ਨਹੀਂ ਕਰਨਾ ਚਾਹੀਦਾ। ਦ੍ਰਵ ਸ਼ੁੱਧੀ ਦਾ ਮਤਲਬ ਇਹ ਹੈ ਕਿ ਭੋਜਨ ਬਣਾਉਣ ਲਈ ਜ਼ਰੂਰੀ ਸਮੱਗਰੀ ਕਿਨ੍ਹਾਂ ਸਾਧਨਾਂ ਤੋਂ ਪ੍ਰਾਪਤ ਕੀਤੀ ਗਈ ਹੈ। ਮਾੜੀ ਸੋਚ, ਅਧਰਮ ਅਤੇ ਪਾਪ ਦੇ ਧਨ ਨਾਲ ਜੁਟਾਇਆ ਭੋਜਨ ਸਾਡੇ ਮਨ ਤੇ ਆਤਮਾ ਦੋਵਾਂ ਨੂੰ ਦੂਸ਼ਿਤ ਕਰਦਾ ਹੈ। ਪਵਿੱਤਰਤਾ, ਮਿਹਨਤ ਅਤੇ ਇਮਾਨਦਾਰੀ ਵਾਲੀ ਕਮਾਈ ਨਾਲ ਜੁਟਾਇਆ ਭੋਜਨ ਮਨ ਨੂੰ ਤੰਦਰੁਸਤ ਰੱਖਦਾ ਹੈ ਅਤੇ ਆਤਮਾ ਨੂੰ ਸ਼ੁੱਧ ਕਰਦਾ ਹੈ। ਕਾਲ ਸ਼ੁੱਧੀ ਦਾ ਅਰਥ ਇਹ ਹੈ ਕਿ ਭੋਜਨ ਨੂੰ ਸਹੀ ਸਮੇਂ ਖਾਣਾ। ਨਿਯਮਿਤ ਰੂਪ ਨਾਲ ਅਤੇ ਭੁੱਖ ਲੱਗਣ 'ਤੇ ਹੀ ਭੋਜਨ ਗ੍ਰਹਿਣ ਕਰਨਾ ਸ਼ਾਸਤਰਾਂ ਵਿਚ ਉੱਤਮ ਮੰਨਿਆ ਗਿਆ ਹੈ। ਸੂਰਜ ਚੜ੍ਹਨ ਤੋਂ ਬਾਅਦ ਅਤੇ ਸੂਰਜ ਅਸਤ ਹੋਣ ਤੋਂ ਪਹਿਲਾਂ ਖਾਧਾ ਗਿਆ ਭੋਜਨ ਹੀ ਲਾਭਦਾਇਕ ਹੁੰਦਾ ਹੈ। ਇਸ ਦੇ ਇਲਾਵਾ ਭੋਜਨ 'ਤੇ ਮਨੁੱਖੀ ਮਨੋਭਾਵਾਂ ਦਾ ਵੀ ਬੜਾ ਅਸਰ ਪੈਂਦਾ ਹੈ। ਕਰੋਧ, ਲੋਭ, ਕਾਮ, ਚਿੰਤਾ, ਤਣਾਅ, ਭੈਅ ਅਤੇ ਹੋਰ ਮਾੜੇ ਮਨੁੱਖੀ ਮਨੋਭਾਵਾਂ ਦੀ ਮੌਜੂਦਗੀ ਵਿਚ ਬਣਾਇਆ ਗਿਆ ਅਤੇ ਖਾਧਾ ਗਿਆ ਭੋਜਨ ਮਨ ਅਤੇ ਸਰੀਰ ਨੂੰ ਉਲਟ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ।

ਇਸ ਲਈ ਜਦ ਕਦੇ ਤੁਸੀਂ ਇਸ ਤਰ੍ਹਾਂ ਦੀ ਮਨੋਦਸ਼ਾ ਵਿਚ ਹੋਵੋ ਤਾਂ ਭੋਜਨ ਨਾ ਤਾਂ ਖਾਣਾ ਚਾਹੀਦਾ ਹੈ ਅਤੇ ਨਾ ਹੀ ਬਣਾਉਣਾ। ਪ੍ਰਸਿੱਧ ਕਵੀ ਆਸਕਰ ਵਾਈਲਡ ਨੇ ਇਕ ਵਾਰ ਕਿਹਾ ਸੀ ਕਿ ਇਕ ਚੰਗੇ ਡਿਨਰ ਮਗਰੋਂ ਵਿਅਕਤੀ ਕਿਸੇ ਨੂੰ ਵੀ ਮਾਫ਼ ਕਰ ਸਕਦਾ ਹੈ। ਤਾਂ ਫਿਰ ਕੀ ਇਹ ਜ਼ਰੂਰੀ ਨਹੀਂ ਕਿ ਭੋਜਨ ਨੂੰ ਮਹਿਜ਼ ਭੁੱਖ ਸ਼ਾਂਤ ਕਰਨ ਦੇ ਸਾਧਨ ਵਜੋਂ ਨਹੀਂ ਬਲਕਿ ਮਨੁੱਖ ਦੇ ਆਤਮਿਕ ਸੁਧਾਰ ਅਤੇ ਸੱਭਿਆਚਾਰਕ ਉੱਥਾਨ ਦੇ ਸਭ ਤੋਂ ਮਜ਼ਬੂਤ ਮਾਧਿਅਮ ਦੇ ਰੂਪ ਵਿਚ ਪੋਸ਼ਿਤ ਅਤੇ ਸਨਮਾਨਿਤ ਕੀਤਾ ਜਾਣਾ ਚਾਹੀਦੈ?

-ਸ੍ਰੀਪ੍ਰਕਾਸ਼ ਸ਼ਰਮਾ।

Posted By: Sukhdev Singh