ਪੁਰਾਣੀਆਂ ਖ਼ਰਾਬ ਆਦਤਾਂ ’ਚ ਤਬਦੀਲੀ ਕੀਤੇ ਬਿਨਾਂ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੈ। ਭਾਵੇਂ ਹੀ ਸਫਲਤਾ ਭੌਤਿਕ ਜਗਤ ਨਾਲ ਜੁੜੀ ਹੋਵੇ ਜਾਂ ਅਧਿਆਤਮਕ ਜਗਤ ਨਾਲ। ਦਰਅਸਲ ਆਪਣੀਆਂ ਆਦਤਾਂ ਕਾਰਨ ਹੀ ਤੁਸੀਂ ਵਰਤਮਾਨ ਅਵਸਥਾ ਪ੍ਰਾਪਤ ਕੀਤੀ ਹੈ। ਅੱਜ ਦੀਆਂ ਆਦਤਾਂ ਤੁਹਾਡੇ ਪੁਰਾਣੇ ਵਿਚਾਰਾਂ ਅਤੇ ਸੰਸਕਾਰਾਂ ’ਤੇ ਆਧਾਰਤ ਹੁੰਦੀਆਂ ਹਨ। ਜੇ ਵਰਤਮਾਨ ਵਿਚ ਤੁਸੀਂ ਸਫਲਤਾ ਚਾਹੁੰਦੇ ਹੋ ਤਾਂ ਪਹਿਲਾ ਕੰਮ ਇਹੀ ਹੈ ਕਿ ਤੁਹਾਨੂੰ ਆਪਣੀਆਂ ਪੁਰਾਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਉਸ ਮਗਰੋਂ ਆਪਣੇ ਟੀਚੇ ਪ੍ਰਤੀ ਪੂਰੀ ਜਾਣਕਾਰੀ ਰੱਖਣ ਤੇ ਸਾਵਧਾਨੀਆਂ ਜਾਣਨ ’ਚ ਜੋ ਸਫਲ ਹੋਏ ਹਨ, ਉਨ੍ਹਾਂ ਨਾਲ ਸੰਪਰਕ ਕਰਨਾ ਹੋਵੇਗਾ। ਤੁਹਾਨੂੰ ਉਨ੍ਹਾਂ ਦੇ ਕੰਮਾਂ-ਕਾਰਾਂ ’ਤੇ ਨਜ਼ਰ ਰੱਖਣੀ ਹੋਵੇਗੀ। ਫਿਰ ਟੀਚਾ ਪ੍ਰਾਪਤੀ ਨੂੰ ਉਪ ਟੀਚਿਆਂ ਅਰਥਾਤ ਰੋਜ਼ਾਨਾ, ਮਹੀਨਾਵਾਰ, ਤਿਮਾਹੀ ਵਿਚ ਵੰਡਣਾ ਹੋਵੇਗਾ। ਇਸ ਤੋਂ ਬਾਅਦ ਹੀ ਸਮੀਖਿਆ ਵੀ ਕਰਨੀ ਹੋਵੇਗੀ ਕਿ ਅਸੀਂ ਦਿੱਲੀ ਤਾਂ ਜਾਣਾ ਚਾਹੁੰਦੇ ਹਾਂ ਪਰ ਕਿਤੇ ਚੰਡੀਗੜ੍ਹ ਜਾਂ ਹੋਰ ਕਿਤੇ ਜਾਣ ਵਾਲੀ ਬੱਸ ਵਿਚ ਤਾਂ ਨਹੀਂ ਬੈਠ ਗਏ ਹਾਂ। ਸਫਲਤਾ ਦਾ ਹੋਰ ਪਹਿਲੂ ਹੈ ਇਕਾਗਰਤਾ ਜਾਂ ਧਿਆਨ ਨੂੰ ਇਕ ਜਗ੍ਹਾ ਟਿਕਾਉਣਾ ਕਿਉਂਕਿ ਇਕ ਸਮੇਂ ਵਿਚ ਇਕ ਤੋਂ ਵੱਧ ਕੰਮਾਂ ਵਿਚ ਊਰਜਾ ਲਾਉਣਾ ਮੂਰਖਤਾ ਅਤੇ ਭਟਕਣ ਦਾ ਪ੍ਰਤੀਕ ਹੈ। ਆਪਣੀ ਸਮਰੱਥਾ ਅਤੇ ਮੁਹਾਰਤ ਨੂੰ ਇਕ ਸਮੇਂ ਵਿਚ ਸੌ ਫ਼ੀਸਦੀ ਇਕ ਹੀ ਕੰਮ ਵਿਚ ਲਾਓ। ਇਕਾਗਰਤਾ ਕਾਰਨ ਹੀ ਸੂਰਜ ਦੀਆਂ ਕਿਰਨਾਂ ਉੱਤਲ ਲੈਂਜ਼ ਦੁਆਰਾ ਕਾਗਜ਼ ਨੂੰ ਸਾੜ ਦਿੰਦੀਆਂ ਹਨ। ਸਫਲਤਾ ਦਾ ਸੂਤਰ ਸਰਲ ਹੈ-ਸਹੀ ਚੀਜ਼ ਕਰੋ, ਸਹੀ ਤਰੀਕੇ ਨਾਲ ਕਰੋ, ਸਹੀ ਸਮੇਂ ’ਤੇ ਕਰੋ। ਤੁਸੀਂ ਆਪਣੇ ਕੰਮ ਨੂੰ ਅਨੁਸ਼ਾਸਨ ਅਤੇ ਹਾਂ-ਪੱਖੀ ਦ੍ਰਿਸ਼ਟੀਕੋਣ ਨਾਲ ਕਰੋ। ਜੇ ਤੁਸੀਂ ਸੋਚ ਲਿਆ ਹੈ ਕਿ ਇਸ ਡਾਕਟਰ ਦੀ ਦਵਾਈ ਬੇਕਾਰ ਹੈ ਤਾਂ ਤੈਅ ਮੰਨੋ ਕਿ ਉਸ ਦੀ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕੇਗੀ ਪਰ ਦੂਜੇ ਨੂੰ ਠੀਕ ਕਰ ਦੇਵੇਗੀ। ਹਾਂ-ਪੱਖੀ ਦ੍ਰਿਸ਼ਟੀਕੋਣ ਵੀ ਨੈਤਿਕ ਕਦਰਾਂ-ਕੀਮਤਾਂ ਨਾਲ ਭਰਿਆ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੂਸਰਿਆਂ ਪ੍ਰਤੀ ਬੁਰਾ ਸੋਚਣ ਦੀ ਬਿਰਤੀ ਛੱਡਣੀ ਹੋਵੇਗੀ। ਦੂਜਿਆਂ ਪ੍ਰਤੀ ਉਪਕਾਰੀ ਬਣਨਾ ਹੋਵੇਗਾ। ਇਸ ਤੋਂ ਵੀ ਵਧ ਕੇ ਇਹ ਜਾਣਨਾ ਹੋਵੇਗਾ ਕਿ ਲੋਕਾਂ ਨੂੰ ਨਾਲ ਲੈ ਕੇ ਕਿਵੇਂ ਚੱਲਿਆ ਜਾਵੇ। ਇਨ੍ਹਾਂ ਸਭ ਆਦਤਾਂ ਨੂੰ ਅਪਣਾਉਣ ਨਾਲ ਸਫਲਤਾ ਆਸਾਨੀ ਨਾਲ ਪ੍ਰਾਪਤ ਹੋ ਜਾਵੇਗੀ।

-ਐੱਸਬੀ ਸੈਣੀ।

Posted By: Shubham Kumar