ਇਕ ਵਾਰ ਕਿਸੇ ਨੇ ਆਦਿਗੁਰੂ ਸ਼ੰਕਰਾਚਾਰੀਆ ਨੂੰ ਇਕ ਵਿਅਕਤੀ ਦਾ ਨਾਂ ਲੈ ਕੇ ਕਿਹਾ ਕਿ ਉਹ ਤੁਹਾਡੇ ਲਈ ਗ਼ੈਰ-ਮਰਿਆਦਤ ਲਫ਼ਜ਼ਾਂ ਦਾ ਇਸਤੇਮਾਲ ਕਰ ਰਿਹਾ ਸੀ। ਇਸ 'ਤੇ ਉਨ੍ਹਾਂ ਕਿਹਾ, ''ਨਹੀਂ ਨਹੀਂ, ਉਹ ਮੇਰੇ ਲਈ ਅਪਸ਼ਬਦਾਂ ਦੀ ਵਰਤੋਂ ਨਹੀਂ ਕਰ ਰਿਹਾ ਸੀ ਕਿਉਂਕਿ ਜੇ ਮੇਰੇ ਪੰਜ ਤੱਤਾਂ ਨਾਲ ਬਣੇ ਸਰੀਰ ਲਈ ਕੁਝ ਕਹਿ ਰਿਹਾ ਸੀ ਤਾਂ ਇਹ ਤਾਂ ਨਿੰਦਣਯੋਗ ਹੈ ਹੀ। ਇਸ ਅੰਦਰ ਸ਼ੁੱਧਤਾ ਨਹੀਂ ਹੈ। ਜੇ ਉਹ ਇਸ ਸਰੀਰ ਵਿਚ ਮੌਜੂਦ ਆਤਮਾ ਦੀ ਨਿੰਦਾ ਕਰ ਰਿਹਾ ਸੀ ਤਾਂ ਜੋ ਈਸ਼ਵਰ ਦਾ ਅੰਸ਼ ਮੇਰੇ ਵਿਚ ਹੈ, ਉਹੀ ਸਭ ਵਿਚ ਹੈ। ਜੇ ਇਸ ਤਰ੍ਹਾਂ ਦਾ ਵਿਵੇਕ ਕਿਸੇ ਵਿਚ ਜਾਗ੍ਰਿਤ ਹੋ ਜਾਵੇ ਤਾਂ ਫਿਰ ਉਸ ਨੂੰ ਦੁਨੀਆ ਦੀ ਕੋਈ ਤਾਕਤ ਪ੍ਰਭਾਵਿਤ ਨਹੀਂ ਕਰ ਸਕਦੀ ਕਿਉਂਕਿ ਸਰੀਰਕ ਖਿੱਚ ਵਿਚ ਕਿੰਨੇ ਬਰਬਾਦ ਹੋ ਜਾਂਦੇ ਹਨ। ਧਰਮ ਗ੍ਰੰਥਾਂ ਵਿਚ ਕਾਮਦੇਵ ਦੁਆਰਾ ਬਾਣ ਚਲਾਉਣ ਦਾ ਪ੍ਰਸੰਗ ਆਉਂਦਾ ਹੈ। ਜਦ ਕਾਮਦੇਵ ਨੇ ਮਹਾਦੇਵ ਦੇ ਤਪੱਸਿਆ ਰੂਪੀ ਵਿਵੇਕ ਨੂੰ ਤਬਾਹ ਕਰਨ ਲਈ ਬਾਣ ਚਲਾਇਆ ਤਾਂ ਮਹਾਦੇਵ ਨੇ ਕਾਮਦੇਵ ਦੇ ਬਾਣ ਨੂੰ ਤਬਾਹ ਕਰ ਦਿੱਤਾ ਪਰ ਗੋਸਵਾਮੀ ਤੁਲਸੀਦਾਸ ਲਿਖਦੇ ਹਨ ਕਿ ਕਾਮਦੇਵ ਦੇ ਬਾਣ ਚੱਲਦੇ ਹੀ ਪੂਰੀ ਸ੍ਰਿਸ਼ਟੀ ਕਾਮ ਨਾਲ ਭਰਪੂਰ ਹੋ ਗਈ। ਕਾਮਦੇਵ ਦੇ ਬਾਣ ਤੋਂ ਜੋ ਤਰੰਗਾਂ ਨਿਕਲੀਆਂ, ਉਨ੍ਹਾਂ ਦੀ ਲਪੇਟ ਵਿਚ ਸਭ ਆ ਗਏ। ਉਕਤ ਧਾਰਮਿਕ ਕਥਾ ਨੂੰ ਵਰਤਮਾਨ ਹਵਾਲਿਆਂ ਵਿਚ ਦੇਖਿਆ ਜਾਵੇ ਤਾਂ ਤਮਾਮ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਸਦਕਾ ਕਾਮ-ਭਾਵਨਾ ਹੀ ਨਹੀਂ, ਅਸ਼ਲੀਲਤਾ ਦੀਆਂ ਤਰੰਗਾਂ ਵੀ ਵਾਯੂਮੰਡਲ ਵਿਚ ਪ੍ਰਵਾਹਿਤ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਲਪੇਟ ਵਿਚ ਵੱਖ-ਵੱਖ ਉਮਰ ਵਰਗ ਦੇ ਲੋਕ ਆ ਰਹੇ ਹਨ। ਲਿਹਾਜ਼ਾ ਜਿਸ ਦੇਸ਼ ਨੇ ਨਾਰੀ ਦੀ ਪੂਜਾ ਨੂੰ ਸਰਬੋਤਮ ਦੱਸਿਆ ਅਤੇ ਜਿੱਥੇ ਨਾਰੀ ਦਾ ਸਨਮਾਨ ਹੁੰਦਾ ਹੈ ਉੱਥੇ ਦੇਵਤਿਆਂ ਦਾ ਵਾਸ ਦੱਸਿਆ ਗਿਆ ਹੈ, ਉਸ ਮੁਲਕ ਵਿਚ ਆਏ ਦਿਨ ਨਾਰੀ ਦੀ ਆਬਰੂ ਤਾਰ-ਤਾਰ ਹੋ ਰਹੀ ਹੈ। ਇੱਥੋਂ ਤਕ ਕਿ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਅਤੇ ਅਨੇਕ ਸਾਧੂ-ਸੰਤ ਵਿਵੇਕ ਗੁਆ ਬੈਠੇ ਹੋਣ, ਅਜਿਹੀ ਹਾਲਤ ਵਿਚ ਪਰਿਵਾਰ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਮਰਿਆਦਾ ਲਈ ਪਰਿਵਾਰਕ ਮੈਂਬਰ ਸੁਚੇਤ ਰਹਿਣ। ਮੌਜੂਦਾ ਭੌਤਿਕਵਾਦੀ ਯੁੱਗ ਵਿਚ ਘਰ ਦੇ ਜ਼ਿੰਮੇਵਾਰ ਲੋਕ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤਕ ਪੈਸੇ ਦੇ ਪਿੱਛੇ ਭੱਜ ਰਹੇ ਹਨ। ਘਰ ਦੇ ਮੈਂਬਰਾਂ ਵਿਚ ਚੰਗਾ ਪਰਿਵਾਰਕ ਮਾਹੌਲ ਨਹੀਂ ਬਣ ਰਿਹਾ। 'ਆਪਣੀ ਡਫਲੀ ਆਪਣਾ ਰਾਗ' ਵਾਲੀ ਕਹਾਵਤ ਲਾਗੂ ਹੋ ਰਹੀ ਹੈ। ਸੋ ਇਸ 'ਤੇ ਰੋਕ ਲਈ ਨੈਤਿਕ ਸਿੱਖਿਆ ਘਰ ਦੇ ਬਜ਼ੁਰਗ ਛੋਟਿਆਂ ਨੂੰ ਦੇਣ। ਤਾਂ ਹੀ ਦੇਸ਼, ਸਮਾਜ ਅਤੇ ਪਰਿਵਾਰ ਦੀ ਮਰਿਆਦਾ ਬਣੀ ਰਹੇਗੀ। ਭਾਰਤ ਨੇ ਵਿਸ਼ਵ ਵਿਚ ਸ੍ਰੇਸ਼ਠ ਰਹਿਣਾ ਹੈ ਤਾਂ ਨਾਰੀ ਸਨਮਾਨ ਨੂੰ ਤਰਜੀਹ ਦੇਣੀ ਹੋਵੇਗੀ। -ਸਲਿਲ ਪਾਂਡੇ।

Posted By: Jagjit Singh