ਉਮੀਦ ਸਾਡੇ ਸਾਰਿਆਂ ਦੇ ਜੀਵਨ ਦੀ ਪ੍ਰੇਰਨਾ ਹੁੰਦੀ ਹੈ। ਇਹੀ ਉਮੀਦ ਕਈ ਮਾਅਨਿਆਂ ਵਿਚ ਜਿਊਣ ਦਾ ਅਸਲ ਆਧਾਰ ਵੀ ਹੁੰਦੀ ਹੈ। ਜੇਕਰ ਇਹ ਉਮੀਦ ਹੀ ਕਮਜ਼ੋਰ ਪੈ ਜਾਵੇ ਜਾਂ ਟੁੱਟ ਜਾਵੇ ਤਾਂ ਜੀਵਨ ਮਕਸਦਹੀਣ ਅਤੇ ਫ਼ਜ਼ੂਲ ਜਿਹਾ ਲੱਗਣ ਲੱਗਦਾ ਹੈ। ਆਸ਼ਾਵਾਦੀ ਸੋਚ ਹੀ ਸਾਨੂੰ ਉਹ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ ਜਿਸ ਨਾਲ ਸਾਨੂੰ ਕਠਿਨਾਈਆਂ ਅਤੇ ਜੀਵਨ ਵਿਚਲੀਆਂ ਅਸਫਲਤਾਵਾਂ ਨਾਲ ਜੂਝਣ ਵਿਚ ਵੀ ਡਰ ਨਹੀਂ ਲੱਗਦਾ ਬਲਕਿ ਅਸੀਂ ਉਨ੍ਹਾਂ ਨੂੰ ਹੀ ਡਰਾਉਣ ਲਈ ਕਾਹਲੇ ਪੈ ਜਾਂਦੇ ਹਾਂ। ਸਵੇਟ ਮਾਡਰਨ ਕਹਿੰਦੇ ਹਨ, ‘ ਜਿਸ ਵਿਅਕਤੀ ਵਿਚ ਸਫਲਤਾ ਲਈ ਉਮੀਦ ਅਤੇ ਆਤਮ-ਵਿਸ਼ਵਾਸ ਹੈ, ਉਹੀ ਵਿਅਕਤੀ ਜੀਵਨ ਦੀਆਂ ਸਾਰੀਆਂ ਕਠਿਨਾਈਆਂ ਨੂੰ ਸਹਾਰਦਾ ਹੋਇਆ, ਹੱਸਦਾ-ਖੇਡਦਾ ਜੀਵਨ ਦੇ ਉੱਚ ਸਿਖ਼ਰ ’ਤੇ ਪੁੱਜ ਜਾਣ ਦੇ ਸਮਰੱਥ ਹੁੰਦਾ ਹੈ। ਡਰ ਅਤੇ ਉਮੀਦ ਦਾ ਮਿਸ਼ਰਨ ਬੜਾ ਖ਼ਤਰਨਾਕ ਅਤੇ ਕਾਰਗਰ ਹੁੰਦਾ ਹੈ। ਇਹ ਬੜਾ ਆਪਾ-ਵਿਰੋਧੀ ਕਥਨ ਹੈ ਅਤੇ ਇਸ ਨੂੰ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਉਮੀਦ ਦੇ ਹੁੰਦੇ ਹੋਏ ਵੀ ਜੇਕਰ ਡਰ ਬਣਿਆ ਰਹੇ ਤਾਂ ਮਨੁੱਖ ਅੱਧੇ-ਅਧੂਰੇ ਮਨ ਨਾਲ ਕਾਰਜ ਕਰਦਾ ਹੈ ਅਤੇ ਆਪਣੀ ਅਸਫਲਤਾ ਦੀ ਪਟਕਥਾ ਖ਼ੁਦ ਹੀ ਲਿਖਦਾ ਹੈ। ਇਮਰਸਨ ਦਾ ਕਥਨ ਹੈ ਕਿ ਸੰਸਾਰ ਦੀਆਂ ਵੱਡੀਆਂ ਤੋਂ ਵੱਡੀਆਂ ਜੰਗਾਂ ਵਿਚ ਵੀ ਇੰਨੇ ਲੋਕ ਨਹੀਂ ਹਾਰਦੇ ਜਿੰਨੇ ਸਿਰਫ਼ ਘਬਰਾਹਟ ਕਾਰਨ ਹਾਰ ਜਾਂਦੇ ਹਨ। ਇਸ ਲਈ ਆਪਣੇ ’ਤੇ ਭਰੋਸਾ ਰੱਖ ਕੇ ਤੁਸੀਂ ਦੁਨੀਆ ਵਿਚ ਵੱਡੇ ਤੋਂ ਵੱਡਾ ਕੰਮ ਸਹਿਜਤਾ ਨਾਲ ਕਰਨ ਵਿਚ ਸਮਰੱਥ ਹੋ ਕੇ ਆਪਣਾ ਜੀਵਨ ਸਫਲ ਬਣਾ ਸਕਦੇ ਹੋ। ਡਰ ਆਤਮ-ਵਿਸ਼ਵਾਸ ਨੂੰ ਹਰ ਲੈਂਦਾ ਹੈ। ਆਤਮ-ਵਿਸ਼ਵਾਸ ਦੀ ਅਣਹੋਂਦ ਕਾਰਨ ਅਸੀਂ ਲਾਚਾਰ ਜਿਹੇ ਹੋ ਜਾਂਦੇ ਹਾਂ। ਜੇਕਰ ਅਸੀਂ ਇਸ ਦੇ ਦੂਜੇ ਪੱਖ ’ਤੇ ਨਜ਼ਰ ਮਾਰੀਏ ਤਾਂ ਦੇਖਾਂਗੇ ਕਿ ਡਰ ਦੇ ਬਾਵਜੂਦ ਅਸੀਂ ਉਮੀਦ ਦਾ ਪੱਲਾ ਫੜੀ ਰੱਖੀਏ ਤਾਂ ਡਰ ਜਾਂਦਾ ਰਹੇਗਾ ਜਾਂ ਘੱਟ ਹੋ ਜਾਵੇਗਾ। ਉਮੀਦ ਦਾ ਦਾਮਨ ਫੜ ਕੇ ਰੱਖਣ ਸਦਕਾ ਸਵੈ-ਭਰੋਸਾ ਟੁੱਟੇਗਾ ਨਹੀਂ ਅਤੇ ਅਸੀਂ ਪੂਰੇ ਮਨੋਯੋਗ ਨਾਲ ਕੰਮ ਕਰਾਂਗੇ ਅਤੇ ਆਪਣੀ ਸਫਲਤਾ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਾਂਗੇ। ਮਹਾਤਮਾ ਗਾਂਧੀ ਨੇ ਵੀ ਕਿਹਾ ਹੈ ਕਿ ਉਮੀਦ ਅਮਰ ਹੈ ਅਤੇ ਉਸ ਦੀ ਅਰਾਧਨਾ ਕਦੇ ਨਿਸਫ਼ਲ ਨਹੀਂ ਹੁੰਦੀ। ਇਹ ਵੀ ਕਿਹਾ ਗਿਆ ਹੈ ਕਿ ਉਮੀਦ ਨਾਲ ਹੀ ਸੰਸਾਰ ਚੱਲਦਾ ਹੈ। ਇਸ ਲਈ ਬਿਨਾਂ ਦੇਰੀ ਕੀਤਿਆਂ ਆਪਣੇ ਡਰ ਨੂੰ ਤਿਆਗ ਕੇ ਆਪਣੀ ਸੰਕਲਪ ਸ਼ਕਤੀ ਨਾਲ ਆਤਮ-ਵਿਸ਼ਵਾਸ ਦੀ ਅਲਖ ਜਗਾਉਣ ਲਈ ਤਤਪਰ ਹੋ ਜਾਈਏ ਅਤੇ ਜੀਵਨ ਨੂੰ ਸਾਰਥਕ ਬਣਾਈਏ।

-ਨਰਪੇਂਦਰ ਅਭਿਸ਼ੇਕ ਨਰਪ

Posted By: Jatinder Singh