ਸ਼ਾਸਤਰਾਂ ਵਿਚ ਵਰਣਨ ਕੀਤਾ ਗਿਆ ਹੈ-ਸ਼ਰਧਾਵਾਨ ਲਭਤੇ ਗਿਆਨ। ਸ਼ਰਧਾਵਾਨ ਨੂੰ ਹੀ ਗਿਆਨ ਦਾ ਲਾਭ ਪ੍ਰਾਪਤ ਹੁੰਦਾ ਹੈ। ਸੰਸਾਰ ਦੇ ਕਿਸੇ ਵੀ ਮਾਰਗ ਅਤੇ ਖੇਤਰ ਵਿਚ ਟੀਚੇ ਦੀ ਪ੍ਰਾਪਤੀ ਅਤੇ ਮੁਹਾਰਤ ਹਾਸਲ ਕਰਨ ਲਈ ਸ਼ਰਧਾ ਨੂੰ ਮੁੱਖ ਦੱਸਿਆ ਜਾਂਦਾ ਹੈ। ਭਗਵਾਨ ਦੀ ਪ੍ਰਾਪਤੀ ਲਈ ਸ਼ਰਧਾ ਹੀ ਲਾਜ਼ਮੀ ਹੈ। ਸ਼ਰਧਾ ਨਾਲ ਅਸੰਭਵ ਨੂੰ ਸੰਭਵ ਬਣਾਉਣਾ ਸਰਲ ਹੈ। ਜਿੱਥੇ ਸ਼ਰਧਾ ਹੈ, ਉੱਥੇ ਕੁਝ ਵੀ ਪ੍ਰਾਪਤ ਕਰਨਾ ਔਖਾ ਨਹੀਂ ਹੈ। ਸ਼ਰਧਾ ਦੀ ਭੁੱਖ ਜਦ ਵਿਅਕਤੀ ਦੇ ਹਿਰਦੇ ਵਿਚ ਜਾਗਦੀ ਹੈ ਤਾਂ ਟੀਚਾ ਪ੍ਰਾਪਤੀ, ਹਰ ਸੁਪਨਾ ਸਾਕਾਰ ਕਰਨ ਦੀ ਵਿਆਕੁਲਤਾ ਮਨ ਵਿਚ ਛਾ ਜਾਂਦੀ ਹੈ ਅਤੇ ਮਨ ਵਿਚ ਇਕ ਜਨੂੰਨ ਦੀ ਤਰੰਗ ਉੱਠਦੀ ਹੈ। ਜਦ ਤਕ ਉਸ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਦੋਂ ਤਕ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਸੱਚੇ ਮਨ ਨਾਲ ਕੀਤੀ ਗਈ ਪੁਕਾਰ ਰੂਪੀ ਪ੍ਰਾਰਥਨਾ ਜ਼ਰੂਰ ਪਰਵਾਨ ਚੜ੍ਹਦੀ ਹੈ। ਪਰਮਾਤਮਾ ਕਿਸੇ ਦੀ ਪ੍ਰਾਰਥਨਾ ਨੂੰ ਨਾ ਤਾਂ ਠੁਕਰਾਉਂਦਾ ਹੈ ਅਤੇ ਨਾ ਹੀ ਨਜ਼ਰਅੰਦਾਜ਼ ਕਰਦਾ ਹੈ। ਉਹ ਤਾਂ ਭਗਤ ਦੇ ਸ਼ਰਧਾ-ਭਾਵ ਦਾ ਭੁੱਖਾ ਹੁੰਦਾ ਹੈ। ਭਗਤ ਦੀ ਸ਼ਰਧਾ ਕਮਜ਼ੋਰ ਨਹੀਂ, ਮਜ਼ਬੂਤ ਹੋਣੀ ਚਾਹੀਦੀ ਹੈ। ਭਗਤੀ ਦੇ ਮਾਰਗ 'ਤੇ ਭਗਤ ਦੀ ਸ਼ਰਧਾ ਦੀ ਪਰਖ ਹੁੰਦੀ ਹੈ। ਜਿਨ੍ਹਾਂ ਦੀ ਸ਼ਰਧਾ ਮਜ਼ਬੂਤ ਹੁੰਦੀ ਹੈ, ਉਹ ਪਰਮਾਤਮਾ ਦੀ ਪ੍ਰਾਪਤੀ ਦੇ ਟੀਚੇ ਵਿਚ ਸਫ਼ਲ ਹੁੰਦੇ ਹਨ। ਸ਼ਰਧਾ ਹੀ ਪ੍ਰੇਮ, ਭਗਤੀ, ਵਿਸ਼ਵਾਸ ਦਾ ਸਭ ਤੋਂ ਵੱਡਾ ਆਧਾਰ ਹੈ। ਸ਼ਰਧਾ ਕਾਰਨ ਹੀ ਯੱਗ, ਤਪ, ਪੂਜਾ, ਦਾਨ ਕੀਤੇ ਜਾਂਦੇ ਹਨ। ਆਮ ਤੌਰ 'ਤੇ ਸਾਰੇ ਦੇਖਦੇ ਹਨ ਹਨ ਕਿ ਬਰਸਾਤ ਵਿਚ ਪਾਣੀ ਉੱਥੇ ਹੀ ਇਕੱਠਾ ਹੁੰਦਾ ਹੈ ਜਿੱਥੇ ਟੋਆ ਹੁੰਦਾ ਹੈ। ਚੱਟਾਨਾਂ 'ਤੇ ਇਕ ਬੂੰਦ ਵੀ ਪਾਣੀ ਨਹੀਂ ਟਿਕਦਾ ਅਤੇ ਜਿਸ ਘੜੇ ਦਾ ਮੂੰਹ ਉੱਪਰ ਵੱਲ ਹੁੰਦਾ ਹੈ, ਉਸ ਵਿਚ ਨੱਕੋ-ਨੱਕ ਪਾਣੀ ਭਰ ਜਾਂਦਾ ਹੈ ਅਤੇ ਟੇਢੇ-ਮੇਢੇ, ਉਲਟੇ ਪਏ ਘੜੇ ਵਿਚ ਪਾਣੀ ਦੀ ਥੋੜ੍ਹੀ ਮਾਤਰਾ ਵੀ ਨਹੀਂ ਹੁੰਦੀ। ਸ਼ਰਧਾ ਸਦਕਾ ਹਰ ਪ੍ਰਾਪਤੀ ਸੰਭਵ ਹੈ। ਸ਼ਰਧਾ ਨਹੀਂ ਤਾਂ ਕੁਝ ਵੀ ਨਹੀਂ। ਠੀਕ ਉਸੇ ਤਰ੍ਹਾਂ ਜਿੱਦਾਂ ਜੇ ਸਾਰੇ ਬੱਦਲ ਮਿਲ ਕੇ ਮੋਹਲੇਧਾਰ ਵਰਖਾ ਕਰਨ ਤਾਂ ਚੱਟਾਨ 'ਤੇ ਪਾਣੀ ਨਹੀਂ ਟਿਕੇਗਾ। ਭਗਵਾਨ ਦੀ ਕਿਰਪਾ ਸ਼ਰਧਾਲੂ ਹੀ ਮਾਣਦੇ ਹਨ। ਸ਼ਰਧਾ ਹੀ ਪ੍ਰਾਪਤੀ ਦੀ ਪਾਤਰਤਾ ਹੈ। ਇਕਲੱਵਿਆ ਸ਼ਰਧਾ ਦੇ ਬਲਬੂਤੇ ਗੁਰੂ ਦਰੋਣਾਚਾਰੀਆ ਦਾ ਬੁੱਤ ਬਣਾ ਕੇ ਅਰਜਨ ਤੋਂ ਵੀ ਵੱਡਾ ਧਨੁਸ਼ਧਾਰੀ ਬਣਿਆ ਸੀ। ਸ਼ਰਧਾ ਹੋਵੇ ਤਾਂ ਅੰਬਰ ਤੋਂ ਤਾਰੇ ਤੋੜੇ ਜਾ ਸਕਦੇ ਹਨ ਅਤੇ ਪਰਬਤਾਂ ਵਿਚੋਂ ਵੀ ਰਾਹ ਬਣਾਇਆ ਜਾ ਸਕਦਾ ਹੈ। ਇਸ ਵਾਸਤੇ ਇਹੋ ਕਰਨਾ ਹੁੰਦਾ ਹੈ ਕਿ ਆਪਣੇ ਸ਼ਬਦਕੋਸ਼ ਤੋਂ ਅਸੰਭਵ ਸ਼ਬਦ ਨੂੰ ਬਾਹਰ ਕੱਢ ਦਿੱਤਾ ਜਾਵੇ।

-ਮੁਕੇਸ਼ ਰਿਸ਼ੀ।

Posted By: Rajnish Kaur