ਅਸੀਂ ਕੋਈ ਵੀ ਕੰਮ ਅੱਧੇ-ਅਧੂਰੇ ਮਨ ਨਾਲ ਕਰਦੇ ਹਾਂ ਤਾਂ ਉਸ ਵਿਚ ਸਫਲਤਾ ਮਿਲਣੀ ਸੁਭਾਵਿਕ ਤੌਰ ’ਤੇ ਸ਼ੱਕੀ ਹੋ ਜਾਂਦੀ ਹੈ। ਸਫਲਤਾ ਉਦੋਂ ਹੀ ਸੰਭਵ ਹੈ ਜਦ ਪੂਰੀ ਨਿਸ਼ਠਾ ਨਾਲ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਤੇ ਉੱਦਮ ਕਰੀਏ ਪਰ ਅਸੀਂ ਤਾਂ ਹਰ ਮਾਮਲੇ ਵਿਚ ਸਹੂਲਤ ਭਾਲਦੇ ਹਾਂ। ਉਸ ਨੂੰ ਆਸਾਨੀ ਨਾਲ ਹਾਸਲ ਕਰਨ ਦੀ ਉਮੀਦ ਰੱਖਦੇ ਹਾਂ। ਇੱਥੋਂ ਤਕ ਕਿ ਕਿਸੇ ਦੂਰ-ਦੁਰਾਡੇ ਸਥਿਤ ਤੀਰਥ ’ਤੇ ਜਾਣ ਲਈ ਲੰਬੀ ਯਾਤਰਾ ਤਾਂ ਕਰਦੇ ਹਾਂ ਪਰ ਆਪਣੇ ਰੁਤਬੇ ਦਾ ਇਸਤੇਮਾਲ ਕਰ ਕੇ ਉੱਥੇ ਜਲਦ ਤੋਂ ਜਲਦ ਦਰਸ਼ਨ ਕਰਨ ਲਈ ਤਤਪਰ ਰਹਿੰਦੇ ਹਾਂ। ਭਾਵੇਂ ਹੀ ਤਮਾਮ ਲੋਕ ਦਰਸ਼ਨਾਂ ਲਈ ਪਹਿਲਾਂ ਤੋਂ ਹੀ ਕਤਾਰ ਵਿਚ ਲੱਗੇ ਹੋਣ ਪਰ ਕੁਝ ਲੋਕ ਵੀਆਈਪੀ ਦਰਸ਼ਨ ਕਰ ਕੇ ਪਰਤ ਜਾਂਦੇ ਹਨ। ਕੀ ਪਰਮਾਤਮਾ ਨੂੰ ਮਿਲਣ ਦਾ ਇਹ ਸਹੀ ਅਤੇ ਸ਼ਰਧਾ ਨਾਲ ਭਰਪੂਰ ਤਰੀਕਾ ਹੈ। ਜਦ ਅਸੀਂ ਪਰਮਾਤਮਾ ਦੇ ਰੂਬਰੂ ਹੋਣ ਦੀ ਸਥਿਤੀ ਵਿਚ ਇੰਨੇ ਸੁਵਿਧਾਵਾਦੀ ਹੋ ਸਕਦੇ ਹਾਂ ਤਾਂ ਫਿਰ ਜੀਵਨ ਦੇ ਹੋਰ ਕੰਮਾਂ-ਕਾਰਾਂ ਦੇ ਵਿਸ਼ੇ ਵਿਚ ਤਾਂ ਕੀ ਕਿਹਾ ਜਾਵੇ? ਸਹੀ ਤਰੀਕਾ ਤਾਂ ਇਹੀ ਹੈ ਕਿ ਸਾਨੂੰ ਆਪਣਾ ਹਰੇਕ ਕੰਮ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਸੌ ਸਾਲ ਤਕ ਜਿਊਂਦੇ ਰਹਾਂਗੇ ਪਰ ਪਰਮਾਤਮਾ ਨੂੰ ਰੋਜ਼ਾਨਾ ਪ੍ਰਾਰਥਨਾ ਇੰਜ ਕਰੀਏ ਜਿਵੇਂ ਕੱਲ੍ਹ ਸਾਡੇ ਜੀਵਨ ਦਾ ਆਖ਼ਰੀ ਦਿਨ ਹੋਵੇ। ਜਦ ਅਸੀਂ ਪਰਮਾਤਮਾ ਪ੍ਰਤੀ ਇੰਨੇ ਪਵਿੱਤਰ ਅਤੇ ਪਰਉਪਕਾਰੀ ਬਣ ਕੇ ਪੇਸ਼ ਹੋਵਾਂਗੇ ਤਦ ਉਸ ਦੇ ਨਾਲ ਜੁੜਨ ਵਿਚ ਸਮਰੱਥ ਹੋ ਸਕਾਂਗੇ। ਬਦਕਿਸਮਤੀ ਨਾਲ ਅੱਜ-ਕੱਲ੍ਹ ਭਗਵਾਨ ਦੀ ਅਰਾਧਨਾ ਦਾ ਸਬੰਧ ਵੀ ਸਵਾਰਥ ਨਾਲ ਜੁੜ ਗਿਆ ਹੈ। ਜਦ ਕਦੇ ਕੁਝ ਚਾਹੀਦਾ ਹੈ ਤਾਂ ਭਗਵਾਨ ਦੇ ਅੱਗੇ ਹੱਥ ਫੈਲਾ ਕੇ ਮੰਗ ਲਿਆ। ਚੇਤੇ ਰਹੇ ਕਿ ਮੰਗਣ ਨਾਲ ਭਗਵਾਨ ਦੇਣ ਵਾਲਾ ਨਹੀਂ ਹੈ। ਉਹ ਤਾਂ ਉਨ੍ਹਾਂ ਨੂੰ ਹੀ ਦਿੰਦਾ ਹੈ ਜੋ ਇਕਾਗਰਤਾ ਅਤੇ ਪਵਿੱਤਰਤਾ ਨਾਲ ਆਪਣਾ ਕਰਮ ਕਰਦੇ ਹਨ ਜਿਨ੍ਹਾਂ ਵਿਚ ਪਰਉਪਕਾਰ ਦੀ ਭਾਵਨਾ ਹੁੰਦੀ ਹੈ। ਜੋ ਪਾਤਰ ਹੁੰਦੇ ਹਨ। ਅਸਲੀਅਤ ਇਹੀ ਹੈ ਕਿ ਸਾਰੇ ਤਰ੍ਹਾਂ ਦੇ ਮੋਹ ਦਾ ਤਿਆਗ ਕਰ ਕੇ ਹੀ ਪਰਮਾਤਮਾ ਨਾਲ ਰੂਬਰੂ ਹੋਣ ਦੀ ਪਾਤਰਤਾ ਮਿਲਦੀ ਹੈ। ਇਸ ਦੇ ਲਈ ਖ਼ੁਦ ਨੂੰ ਇਕਸਾਰਤਾ ਦੇ ਭਾਵ ਨਾਲ ਪਰਮਾਤਮਾ ਦੀ ਭਗਤੀ ਦੇ ਰਾਹ ’ਤੇ ਤੋਰਨਾ ਹੁੰਦਾ ਹੈ। ਇਸੇ ਰਸਤੇ ’ਤੇ ਸਾਨੂੰ ਉਸ ਯਥਾਰਥ ਦਾ ਅਹਿਸਾਸ ਹੁੰਦਾ ਹੈ ਕਿ ਪਰਮਾਤਮਾ ਨਾਲ ਇਕਮਿਕ ਹੋਣਾ ਹੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਹਕੀਕੀ ਖ਼ੁਸ਼ਹਾਲੀ ਹੈ।-ਲਲਿਤ ਗਰਗ।

Posted By: Shubham Kumar