ਇਹ ਆਮ ਕਿਹਾ ਜਾਂਦਾ ਹੈ ਕਿ ਨੇਤਰ” ਤੇ ਸਿਗਨੇਚਰ” ਕਦੇ ਬਦਲਦੇ ਨਹੀਂ ਪਰ ਇਹ ਕਹਿਣਾ ਅੱਜ ਦੇ ਜ਼ਮਾਨੇ 'ਚ ਗ਼ਲਤ ਸਾਬਤ ਹੋ ਰਿਹਾ ਹੈ ਕਿਉਂਕਿ ਦੋਵਾਂ ਨੂੰ ਹੀ ਬਦਲਣ ਵਾਸਤੇ ਸਿਰਫ਼ ਇਕ ਸੱਟ ਦੀ ਲੋੜ ਹੁੰਦੀ ਹੈ। ਜੇਕਰ ਉਹ ਦਿਲ 'ਤੇ ਲੱਗੇ ਤਾਂ ਬੰਦੇ ਦਾ ਨੇਚਰ” ਬਦਲ ਦਿੰਦੀ ਹੈ ਅਤੇ ਜੇਕਰ ਉਂਗਲ 'ਤੇ ਲੱਗੇ ਤਾਂ ਸਿਗਨੇਚਰ ਬਦਲ ਦਿੰਦੀ ਹੈ। ਵਾਹ ਲੱਗਦੀ ਨੂੰ ਕੋਈ ਵੀ ਕਿਸੇ ਨਾਲ ਵਿਗਾੜਨੀ ਨਹੀਂ ਚਾਹੁੰਦਾ ਪਰ ਕਈ ਵਾਰ ਮਤਲਬ ਵਾਸਤੇ ਕੋਈ ਕਿਸੇ ਨਾਲ ਚਾਹੁੰਦਿਆਂ ਹੋਇਆਂ ਵੀ ਵਿਗਾੜ ਨਹੀਂ ਪਾਉਂਦਾ। ਆਪਣਾ ਉੱਲੂ ਸਿੱਧਾ ਕਰਨ ਵਾਸਤੇ ਮੁਫ਼ਤੋ-ਮੁਫ਼ਤੀ ਮਿੱਠੀਆਂ ਗੋਲ਼ੀਆਂ ਵਰਤਾਉਂਦਾ ਰਹਿੰਦਾ ਹੈ ਅਤੇ ਪਿੱਠ ਪਿੱਛੇ ਨਿੰਦਿਆ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕਰਦਾ ਰਹਿੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਮੂੰਹ 'ਤੇ ਕੁਝ ਹੋਰ, ਪਿੱਠ ਪਿੱਛੇ ਕੁਝ ਹੋਰ। ਜਦ ਹਲਕਾ ਜਿਹਾ ਮੀਂਹ ਲਗਾਤਾਰ ਪੈਂਦਾ ਰਹਿੰਦਾ ਹੈ ਤਾਂ ਉਸ ਨੂੰ ਕਿਣਮਿਣ ਜਾਂ ਬੂੰਦਾ-ਬਾਂਦੀ ਕਿਹਾ ਜਾਂਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸ਼ਬਦਾਂ ਨੂੰ ਬਣਾਉਣ/ਘੜਨ ਵਾਲੇ ਨੇ ਕਿਣਮਿਣ 'ਚ ਕਿਣ ਤੇ ਮਿਣ ਦੀ ਅਤੇ ਇਸ ਦੇ ਨਾਲ ਹੀ ਬੂੰਦਾਬਾਂਦੀ 'ਚ ਬੂੰਦਾ” ਅਤੇ ਬਾਂਦੀ ਦੀ ਪਛਾਣ ਵਾਸਤੇ ਕੀ ਮਾਪਦੰਡ ਅਪਣਾਇਆ ਹੋਵੇਗਾ! ਆਈਲੈਟਸ ਕਰ ਕੇ ਇਕ ਪਾੜ੍ਹਾ ਕੈਨੇਡਾ ਚਲਾ ਗਿਆ। ਕਈ ਦਿਨ ਉਡੀਕ ਕਰਨ ਤੋਂ ਬਾਅਦ ਪਿਓ ਨੇ ਮੁੰਡੇ ਦੀ ਰਾਜ਼ੀ-ਖ਼ੁਸ਼ੀ ਪੁੱਛਣ ਵਾਸਤੇ ਫੋਨ ਕੀਤਾ। ਅੱਗੋਂ ਫੋਨ ਚੁੱਕਦਿਆਂ ਹੀ ਆਪਣੇ ਪਿਓ ਦੀ ਆਵਾਜ਼ ਪਛਾਣ ਕੇ ਪਾੜ੍ਹਾ ਕਹਿੰਦਾ,''ਡੈਡੀ ਪੈਰੀਂ ਪੈਨਾ।'' ਅੱਗੋਂ ਬਾਪ ਕਹਿੰਦਾ, ''ਪੈਰੀਂ ਤੂੰ ਕਾਹਨੂੰ ਪਈ ਜਾਨੈ। ਪੈਰੀਂ ਤਾਂ ਮੈਂ ਪੈਨਾ ਉਨ੍ਹਾਂ ਦੇ ਜਿਨ੍ਹਾਂ ਤੋਂ ਥੱਬਾ ਨੋਟਾਂ ਦਾ ਕਰਜ਼ਾ ਚੁੱਕ ਕੇ ਤੈਨੂੰ ਬਾਹਰ ਭੇਜਿਆ ਅਤੇ ਤੂੰ ਹੁਣ ਫੋਨ ਕਰਨੋਂ ਵੀ ਜਾਂਦਾ ਲੱਗਾ।'' ਜਿਨ੍ਹਾਂ ਲੋਕਾਂ ਨੇ ਤੁਹਾਡੇ ਨਾਲ ਬਹੁਤ ਬੁਰੀ ਕੀਤੀ ਪਰ ਤੁਸੀਂ ਉਨ੍ਹਾਂ ਨੂੰ ਅੱਗੋਂ ਕੁਝ ਨਹੀਂ ਕਿਹਾ ਤਾਂ ਸਮਝੋ ਕਿ ਤੁਸੀਂ ਬਹੁਤ ਚੰਗਾ ਕੀਤਾ ਕਿਉਂਕਿ ਵਕਤ ਬਦਲਦਿਆਂ ਦੇਰ ਨਹੀਂ ਲੱਗਦੀ। ਇੰਤਜ਼ਾਰ ਕਰੋ, ਬੁਰਾ ਕਰਨ ਵਾਲੇ ਇਕ ਦਿਨ ਤੁਹਾਡਾ ਬੁਰਾ ਕਰਨ ਵਾਸਤੇ ਬਹੁਤ ਪਛਤਾਉਣਗੇ। ਕੁਦਰਤ ਬਹੁਤ ਬੇਅੰਤ, ਸ਼ਕਤੀਸ਼ਾਲੀ ਤੇ ਵਿਲੱਖਣ ਹੈ। ਹਾਲਾਤ ਨੂੰ ਇਸ ਤਰ੍ਹਾਂ ਬਦਲਦੀ ਹੈ ਕਿ ਇਕ ਵਾਰ ਤਾਂ ਸਭ ਦੰਗ ਰਹਿ ਜਾਂਦੇ ਹਨ। ਤੁਹਾਡੀ ਜ਼ਿੰਦਗੀ 'ਚੋਂ ਉਨ੍ਹਾਂ ਲੋਕਾਂ ਨੂੰ ਆਪਣੇ-ਆਪ ਮਨਫ਼ੀ ਕਰ ਦਿੰਦੀ ਹੈ ਜੋ ਜਾਂ ਤਾਂ ਤੁਹਾਡੇ ਕਾਬਲ ਨਹੀਂ ਹੁੰਦੇ ਜਾਂ ਸਿਰਫ਼ ਆਪੋ-ਆਪਣਾ ਉੱਲੂ ਸਿੱਧਾ ਕਰਨ ਹਿਤ ਤੁਹਾਡੇ ਨਾਲ ਜੁੜੇ ਰਹਿਣ ਦਾ ਪਾਖੰਡ ਕਰ ਰਹੇ ਹੁੰਦੇ ਹਨ। -ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ। (+44 7806 945964)

Posted By: Susheel Khanna