ਮਨੁੱਖੀ ਸੰਵੇਦਨਾਵਾਂ ਕਿਤੇ ਹਾਂ-ਪੱਖੀ ਅਤੇ ਕਿਤੇ ਨਾਂਹ-ਪੱਖੀ ਊਰਜਾ ਦਾ ਸੋਮਾ ਬਣਦੀਆਂ ਹਨ। ਕਰੋਧ ਇਕ ਅਜਿਹਾ ਹੀ ਭਾਵ ਹੈ। ਕਰੋਧ ਇੱਛਾਵਾਂ ਵਿਚ ਅੜਿੱਕਾ ਬਣਨ 'ਤੇ ਪੈਦਾ ਹੁੰਦਾ ਹੈ। ਇਹ ਇੱਛਾਵਾਂ ਬਹੁਤ ਸਰਲ, ਜ਼ਰੂਰੀ ਅਤੇ ਸੁਭਾਵਿਕ ਵੀ ਹੋ ਸਕਦੀਆਂ ਹਨ ਜਾਂ ਫਿਰ ਮੁਸ਼ਕਲ, ਗ਼ੈਰ-ਜ਼ਰੂਰੀ ਅਤੇ ਅਸੁਭਾਵਿਕ ਵੀ ਹੋ ਸਕਦੀਆਂ ਹਨ।

ਮਨੁੱਖੀ ਸੁਭਾਅ ਸਵਾਰਥ ਅਤੇ ਹੰਕਾਰ ਵਰਗੇ ਔਗੁਣਾਂ ਵਿਚ ਨਿਹਿਤ ਰਹਿੰਦਾ ਹੈ। ਦੰਭ 'ਤੇ ਚੋਟ ਜਾਂ ਸਵਾਰਥ ਦੀ ਪੂਰਤੀ ਨਾ ਹੋਣਾ ਇਕ ਵਿਸ਼ੇਸ਼ ਅਵਸਥਾ ਨੂੰ ਜਨਮ ਦਿੰਦਾ ਹੈ ਜੋ ਕਰੋਧ ਹੈ। ਗੁੱਸਾ ਅਸਲ ਵਿਚ ਇੱਛਾਵਾਂ ਦੀ ਪੂਰਤੀ ਨਾ ਹੋਣ 'ਤੇ ਉਪਜਣ ਵਾਲਾ ਪ੍ਰਤੀਕਰਮ ਹੈ। ਜੇਕਰ ਇਸ ਪ੍ਰਤੀਕਰਮ 'ਤੇ ਸਾਡਾ ਕਾਬੂ ਹੈ, ਫਿਰ ਤਾਂ ਕਰੋਧ ਕੋਈ ਮਾੜੇ ਨਤੀਜੇ ਨਹੀਂ ਦਿੰਦਾ ਪਰ ਜੇਕਰ ਇਹ ਬੇਕਾਬੂ ਹੈ ਤਾਂ ਫਿਰ ਭਿਅੰਕਰ ਨਤੀਜੇ ਵੀ ਸਾਹਮਣੇ ਆਉਂਦੇ ਹਨ। ਹਾਲਾਂਕਿ ਕਦੇ-ਕਦਾਈਂ ਗੁੱਸਾ ਜ਼ਰੂਰੀ ਵੀ ਹੋ ਜਾਂਦਾ ਹੈ। ਖ਼ਾਸ ਤੌਰ 'ਤੇ ਉਦੋਂ ਜਦ ਕਾਰਕ ਅਤੇ ਕਾਰਨ ਸਮਾਜਿਕ ਹੋਣ।

ਆਪਣੇ ਨਾਲ ਹੋ ਰਹੇ ਵਾਰ-ਵਾਰ ਜ਼ੁਲਮ ਵਿਰੁੱਧ ਵੀ ਜੇਕਰ ਅਸੀਂ ਸਰਲ ਹਾਂ ਤਾਂ ਲੋਕ ਸਾਨੂੰ ਕਮਜ਼ੋਰ ਤੇ ਕਾਇਰ ਸਮਝਣ ਲੱਗਦੇ ਹਨ। ਸਿੱਟੇ ਵਜੋਂ ਉਹ ਸਾਡਾ ਫ਼ਾਇਦਾ ਵੀ ਚੁੱਕ ਲੈਂਦੇ ਹਨ। ਇਸ ਲਈ ਕੁਝ ਹਾਲਤਾਂ ਵਿਚ ਗੁੱਸੇ ਹੋਣਾ ਜ਼ਰੂਰੀ ਹੋ ਜਾਂਦਾ ਹੈ। ਭਗਵਾਨ ਸ੍ਰੀਕ੍ਰਿਸ਼ਨ ਨੇ ਵੀ ਆਪਣੇ ਹੀ ਭਰਾ ਸ਼ਿਸ਼ੂਪਾਲ ਪ੍ਰਤੀ ਗੁੱਸਾ ਦਿਖਾਇਆ ਸੀ ਪਰ ਅਥਾਹ ਸਮੁੰਦਰ ਜਿੰਨਾ ਸਹਿਣ ਕਰਨ ਤੋਂ ਬਾਅਦ! ਅਰਥਾਤ ਜਦ ਕੋਈ ਗ਼ੈਰ-ਜ਼ਰੂਰੀ ਅਤੇ ਬੇਵਜ੍ਹਾ ਸਾਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਹੈ, ਉਦੋਂ ਉਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਪਰ ਨਿਸ਼ਚਿਤ ਸਮੇਂ ਅਤੇ ਦਾਇਰੇ ਵਿਚ। ਸਾਹਮਣੇ ਵਾਲੇ ਦੀ ਸਮਰੱਥਾ ਦਾ ਮੁਲਾਂਕਣ ਅਤੇ ਆਪਣੀ ਸਥਿਤੀ 'ਤੇ ਵਿਚਾਰ ਕਰਨ ਤੋਂ ਬਾਅਦ ਹੀ ਕਦਮ ਚੁੱਕਣਾ ਸਹੀ ਹੋਵੇਗਾ।

ਨੀਤੀ ਵੀ ਪਹਿਲਾਂ ਸਾਮ, ਦਾਮ ਤੇ ਭੇਤ ਦੀ ਗੱਲ ਕਰਦੀ ਹੈ, ਉਸ ਮਗਰੋਂ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ ਪਰ ਕਰੋਧ ਵਿਚ ਵਿਅਕਤੀ ਸਿੱਧਾ ਸਜ਼ਾ 'ਤੇ ਆ ਜਾਂਦਾ ਹੈ ਜੋ ਉਸ ਦਾ ਵੀ ਨੁਕਸਾਨ ਕਰ ਸਕਦਾ ਹੈ। ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਕਰੋਧ ਸਮੁੱਚੀਆਂ ਆਫ਼ਤਾਂ ਦਾ ਮੂਲ ਕਾਰਨ ਹੈ। ਕਰੋਧ ਧਰਮ ਦਾ ਨਾਸ ਕਰਨ ਵਾਲਾ ਹੈ। ਇਸ ਲਈ ਇਸ ਨੂੰ ਤਿਆਗ ਦਿਓ ਪਰ ਸੰਜਮ ਵਿਚ ਰਹਿ ਕੇ ਅਤੇ ਹਾਂ-ਪੱਖੀ ਕਰੋਧ ਲੋੜ ਪੈਣ 'ਤੇ ਜ਼ਰੂਰੀ ਹੈ। ਨਿਚੋੜ ਇਹ ਨਿਕਲਦਾ ਹੈ ਕਿ ਕਰੋਧ ਤੋਂ ਬਚੋ ਪਰ ਜੇਕਰ ਅੱਤ ਹੀ ਹੋ ਜਾਵੇ ਤਾਂ ਗੁੱਸੇ ਤੋਂ ਪਰਹੇਜ਼ ਨਾ ਕੀਤਾ ਜਾਵੇ।

-ਸਵਾਤੀ।

Posted By: Sunil Thapa