ਇਕ ਵਾਰ ਦੀ ਗੱਲ ਹੈ ਕਿ ਇਕ ਬਜ਼ੁਰਗ ਔਰਤ ਕਿਤਿਓਂ ਆ ਰਹੀ ਸੀ ਕਿ ਤਦ ਹੀ ਉਸ ਨੇ ਤਿੰਨ ਮਜ਼ਦੂਰਾਂ ਨੂੰ ਇਮਾਰਤ ਬਣਾਉਂਦੇ ਹੋਏ ਦੇਖਿਆ। ਉਸ ਨੇ ਪਹਿਲੇ ਮਜ਼ਦੂਰ ਨੂੰ ਪੁੱਛਿਆ, ''ਤੁਸੀਂ ਕੀ ਕਰ ਰਹੇ ਹੋ?'' ਮਜ਼ਦੂਰ ਨੇ ਰੁੱਖੇ ਜਿਹੇ ਲਹਿਜ਼ੇ ਵਿਚ ਕਿਹਾ, ''ਦਿਖਾਈ ਨਹੀਂ ਦੇ ਰਿਹਾ ਕਿ ਇੱਟਾਂ ਢੋਅ ਰਿਹਾ ਹਾਂ।'' ਫਿਰ ਉਹ ਦੂਜੇ ਮਜ਼ਦੂਰ ਕੋਲ ਗਈ ਅਤੇ ਉਸ ਨੂੰ ਉਹੀ ਸਵਾਲ ਕੀਤਾ ਕਿ ਤੁਸੀਂ ਕੀ ਕਰ ਰਹੇ ਹੋ? ਦੂਜੇ ਮਜ਼ਦੂਰ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਿਹਨਤ-ਮਜ਼ਦੂਰੀ ਕਰ ਰਿਹਾ ਹਾਂ। ਖ਼ੁਸ਼ੀ ਨਾਲ ਤਾਂ ਲੱਗਾ ਨਹੀਂ। ਫਿਰ ਔਰਤ ਤੀਜੇ ਮਜ਼ਦੂਰ ਕੋਲ ਗਈ ਅਤੇ ਮੁੜ ਉਹੀ ਸਵਾਲ ਕੀਤਾ, ''ਤੁਸੀਂ ਕੀ ਕਰ ਰਹੇ ਹੋ?'' ਉਸ ਵਿਅਕਤੀ ਨੇ ਬੜੇ ਉਤਸ਼ਾਹ ਨਾਲ ਜਵਾਬ ਦਿੱਤਾ ਕਿ ਮੈਂ ਇਸ ਸ਼ਹਿਰ ਦਾ ਸਭ ਤੋਂ ਸ਼ਾਨਦਾਰ ਮੰਦਰ ਬਣਾ ਰਿਹਾ ਹਾਂ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਤਿੰਨਾਂ ਵਿਚੋਂ ਕਿਹੜਾ ਸਭ ਤੋਂ ਵੱਧ ਖ਼ੁਸ਼ ਹੋਵੇਗਾ। ਦਰਅਸਲ, ਕੰਮ ਦੇ ਸਥਾਨ 'ਤੇ ਖ਼ੁਸ਼ ਰਹਿਣਾ ਔਖਾ ਕੰਮ ਨਹੀਂ ਹੈ। ਅਸੀਂ ਆਪਣਾ ਕੰਮ ਕਰਦੇ ਸਮੇਂ ਖ਼ੁਸ਼ ਵੀ ਰਹੀਏ, ਇਸ ਲਈ ਸਭ ਤੋਂ ਵਧੀਆ ਸਥਿਤੀ ਤਾਂ ਇਹ ਹੈ ਕਿ ਅਸੀਂ ਆਪਣੀ ਆਦਤ ਨੂੰ ਹੀ ਆਪਣਾ ਪ੍ਰੋਫੈਸ਼ਨ ਬਣਾ ਲਈਏ। ਪਰ ਕਿਉਂਕਿ ਅਜਿਹਾ ਜ਼ਿਆਦਾਤਰ ਮਾਮਲਿਆਂ ਵਿਚ ਸੰਭਵ ਨਹੀਂ ਤਾਂ ਕਿਉਂ ਨਾ ਉਸ ਤੀਜੇ ਮਜ਼ਦੂਰ ਦੀ ਤਰ੍ਹਾਂ ਆਪਣੇ ਪ੍ਰੋਫੈਸ਼ਨ ਨੂੰ ਹੀ ਆਪਣੀ ਆਦਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਤੁਸੀਂ ਜੋ ਵੀ ਕਰ ਰਹੇ ਹੋ, ਜੇ ਤੁਸੀਂ ਉਸ ਦੇ ਹਕੀਕੀ ਮਹੱਤਵ ਨੂੰ ਸਮਝ ਸਕੋਗੇ ਤਾਂ ਉਸ ਵਿਚ ਆਨੰਦ ਵੀ ਲੱਭ ਸਕੋਗੇ। ਸਟੀਵ ਜਾਬਜ਼ ਨੇ ਇਕ ਵਾਰ ਕਿਹਾ ਸੀ ਕਿ ਤੁਹਾਡਾ ਕੰਮ ਤੁਹਾਡੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਹੋਵੇਗਾ ਜਿਸ ਵਿਚ ਤੁਹਾਡੀ ਸੰਤੁਸ਼ਟੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਤੁਸੀਂ ਆਪਣੇ ਕੰਮ ਨੂੰ ਕਿੰਨਾ ਵੱਡਾ ਸਮਝਦੇ ਹੋ। ਇਕ ਗੱਲ ਸਦਾ ਯਾਦ ਰੱਖੋ, ਲਗਨ ਦੇ ਨਾਲ ਕੀਤਾ ਗਿਆ ਤੁਹਾਡਾ ਹਰੇਕ ਕੰਮ ਇਕ ਸਿਰਜਣਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਕ ਕਵੀ ਦੀ ਕਵਿਤਾ, ਇਕ ਗੀਤਕਾਰ ਦਾ ਗੀਤ ਜਾਂ ਇਕ ਪੇਂਟਰ ਦੀ ਪੇਂਟਿੰਗ। ਇਸ ਲਈ ਉਸੇ ਸਿਰਜਣਾ ਦੀ ਭਾਵਨਾ ਨਾਲ ਤੁਸੀਂ ਆਪਣੇ ਕੰਮ ਨੂੰ ਪੂਰਾ ਕਰੋ। ਬੇਸ਼ੱਕ ਸਿਰਜਣਾ ਤੋਂ ਵੱਧ ਕੇ ਕੋਈ ਸੁੱਖ ਨਹੀਂ, ਕੋਈ ਖ਼ੁਸ਼ੀ ਨਹੀਂ। ਇਕ ਅੰਤਿਮ ਗੱਲ, ਤੁਸੀਂ ਸੈਨਿਕ ਹੋ, ਅਧਿਆਪਕ ਹੋ ਜਾਂ ਫਿਰ ਇਕ ਸਫ਼ਾਈ ਕਰਮੀ। ਤੁਹਾਡਾ ਕੰਮ ਸਮਾਜ ਲਈ ਸਮਾਨ ਰੂਪ ਨਾਲ ਮਹੱਤਵਪੂਰਨ ਹੈ। ਤਾਂ ਫਿਰ ਵੱਡਾ ਸਵਾਲ ਇਹ ਹੈ ਕਿ ਜੇਕਰ ਅਜਿਹਾ ਹੀ ਹੈ ਤਾਂ ਫਿਰ ਤੁਸੀਂ ਖ਼ੁਸ਼ ਕਿਉਂ ਨਹੀਂ ਹੁੰਦੇ?

-ਚੰਦਨ ਕਰਨ।

Posted By: Susheel Khanna