ਤਿਆਗ ਦੀ ਮਹਿਮਾ ਦਾ ਗੁਣਗਾਨ ਸਾਰਿਆਂ ਨੇ ਕੀਤਾ ਹੈ। ਤਿਆਗ ਵਿਚ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਦੀ ਸਮਰੱਥਾ ਹੈ। ਪੇਟ-ਪ੍ਰਜਣਨ ਨਾਲ ਜੁੜਿਆ ਜੀਵਨ ਤਾਂ ਸਾਰੇ ਜਿਊਂਦੇ ਹਨ। ਜਲ ਜੀਵ, ਥਲ ਜੀਵ, ਆਕਾਸ਼ੀ ਵਿਚ ਉੱਡਣ ਵਾਲੇ ਜਿੰਨੇ ਵੀ ਜੀਵ ਹਨ, ਸਾਰਿਆਂ ਦਾ ਜੀਵਨ ਜਿਊਣਾ ਆਪੋ-ਆਪਣਾ ਕਰਤੱਬ ਹੈ ਪਰ ਇਨ੍ਹਾਂ ਜੀਵਾਂ ਵਿਚ ਮਨੁੱਖੀ ਜਾਮਾ ਪਾਉਣਾ ਕੁਝ ਹੋਰ ਹੀ ਵਿਸ਼ੇਸ਼ ਮਾਣ ਵਾਲੀ ਗੱਲ ਹੈ। ਪਰਮਾਤਮਾ ਨੇ ਇਹ ਮਨੁੱਖੀ ਸਰੀਰ ਸਿਰਫ਼ ਸਵਾਰਥ ਭਰਿਆ ਜੀਵਨ ਜਿਊਣ ਲਈ ਨਹੀਂ ਦਿੱਤਾ ਹੈ। ਇਹ ਜ਼ਿੰਦਗੀ ਖ਼ੁਦ ਨੂੰ ਸਮਝਣ ਅਤੇ ਜਾਣਨ ਲਈ ਪ੍ਰਾਪਤ ਹੋਇਆ ਹੈ। ਜਦ ਅਸੀਂ ਖ਼ੁਦ ਨੂੰ ਸਮਝ ਸਕਦੇ ਹਾਂ, ਉਦੋਂ ਹੀ ਪਰਮਾਤਮਾ ਨੂੰ ਸਮਝ ਸਕਦੇ ਹਾਂ ਅਤੇ ਜੀਵਨ ਦੇ ਮਕਸਦ ਨੂੰ ਵੀ। ਖ਼ੁਦ ਨੂੰ ਜੋ ਜਾਣਦਾ ਹੈ, ਉਹੀ ਪਰਮਾਤਮਾ ਦੇ ਦੱਸੇ ਹੋਏ ਮਾਰਗ ’ਤੇ ਚੱਲ ਕੇ ਜੀਵਨ ਦਾ ਉਦੇਸ਼ ਪੂਰ ਕਰ ਪਾਉਂਦਾ ਹੈ। ਪਰਮਾਤਮਾ ਨੂੰ ਹਾਸਲ ਕਰਨਾ ਸਾਡੇ ਮਨੁੱਖੀ ਜੀਵਨ ਦਾ ਮੁੱਖ ਮਕਸਦ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਸਾਨੂੰ ਖ਼ੁਦ ਨੂੰ ਪਰਮਾਤਮਾ ਨਾਲ ਜੋੜਨਾ ਹੋਵੇਗਾ ਪਰ ਮਨੁੱਖ ਦਾ ਚੰਚਲ ਮਨ ਪਰਮਾਤਮਾ ਨਾਲ ਜੁੜਨਾ ਪਸੰਦ ਨਹੀਂ ਕਰਦਾ ਹੈ। ਮਨੁੱਖ ਦਾ ਮਨ ਪੂਜਾ-ਪਾਠ, ਜਪ, ਤਪ, ਸਤਿਸੰਗ ਵਿਚ ਨਾ ਜੁੜ ਕੇ ਸੰਸਾਰ ਦੇ ਭੋਗਾਂ ਵਿਚ ਰਮਿਆ ਰਹਿਣਾ ਪਸੰਦ ਕਰਦਾ ਹੈ। ਇਹ ਭੋਗ ਬਿਰਤੀ ਜੀਵਨ ਨੂੰ ਨਸ਼ਟ ਕਰ ਦਿੰਦੀ ਹੈ। ਲੋਭ, ਲਾਲਚ, ਮੋਹ, ਮਾਇਆ, ਕਾਮਨਾ-ਵਾਸਨਾ ਦਾ ਚੱਕਰਵਾਤ ਮਨ ਨੂੰ ਪਰਮਾਤਮਾ ਦੀ ਭਗਤੀ ਵਿਚ ਲੱਗਣ ਨਹੀਂ ਦਿੰਦਾ ਹੈ। ਦੁੱਖ ਦੀ ਗੱਲ ਹੈ ਕਿ ਇਸ ਪਲ ਭਰ ਦੇ ਸੁੱਖ ਦੀ ਲਾਲਸਾ ਵਿਚ ਮਨ ਹਕੀਕੀ ਸੁੱਖ ਤੋਂ ਦੂਰ ਰਹਿੰਦਾ ਹੈ। ਸਾਡੇ ਰਿਸ਼ੀਆਂ-ਮੁਨੀਆਂ ਨੇ ਯੋਗਾ ਨੂੰ ਈਸ਼ਵਰ ਦੀ ਪ੍ਰਾਪਤੀ ਦਾ ਸਰਵੋਤਮ ਉਪਾਅ ਦੱਸਿਆ ਹੈ। ਯੋਗਾ-ਅਭਿਆਸ ਨਾਲ ਚੰਚਲ ਮਨ ਨੂੰ ਕਾਬੂ ਕਰਨ, ਭੋਗ-ਬਿਰਤੀ ਦਾ ਤਿਆਗ ਕਰਨ ਅਤੇ ਖ਼ੁਦ ਨੂੰ ਜਾਣਨ ਵਿਚ ਮਦਦ ਮਿਲਦੀ ਹੈ। ਭੋਗ ਬਿਰਤੀ ਦਾ ਤਿਆਗ ਯੋਗਾ ਦੇ ਮਾਰਗ ’ਤੇ ਅੱਗੇ ਵਧਣ ਦਾ ਮੁੱਖ ਉਪਾਅ ਹੈ। ਇਹ ਭੋਗ ਬਿਰਤੀ ਬਾਹਰਲੀ ਦ੍ਰਿਸ਼ਟੀ ਕਾਰਨ ਹੁੰਦੀ ਹੈ ਪਰ ਜਦ ਅਸੀਂ ਯੋਗਾ ਜ਼ਰੀਏ ਅੰਤਰ-ਮਨ ਵਿਚ ਝਾਕਣ ਅਤੇ ਧਿਆਨ ਲਗਾਉਣ ਦਾ ਫ਼ੈਸਲਾ ਕਰਦੇ ਹਾਂ ਤਾਂ ਮਨ ਹੌਲੀ-ਹੌਲੀ ਹਕੀਕੀ ਸੁੱਖ ਅਤੇ ਆਨੰਦ ਨੂੰ ਪ੍ਰਾਪਤ ਕਰਨ ਲੱਗਦਾ ਹੈ। ਇਸ ਸਦਕਾ ਅਖ਼ੀਰ ਪਰਮਾਤਮਾ ਨਾਲ ਰੂਬਰੂ ਹੋਣਾ ਸੰਭਵ ਹੋ ਜਾਂਦਾ ਹੈ ਅਤੇ ਮਨੁੱਖ ਵਿਚ ਚਮਤਕਾਰੀ ਤਬਦੀਲੀਆਂ ਆਉਣ ਲੱਗਦੀਆਂ ਹਨ।-ਮੁਕੇਸ਼ ਰਿਸ਼ੀ।
Posted By: Shubham Kumar