ਮਨੁੱਖ ਮਿਲ-ਜੁਲ ਕੇ ਰਹਿਣ ਦਾ ਆਦੀ ਹੈ। ਇਸੇ ਕਰਕੇ ਉਹ ਖ਼ਾਨਦਾਨਾਂ ਵਿਚ ਰਹਿੰਦਾ ਹੈ। ਹਰ ਮਨੁੱਖ ਦੀ ਜ਼ਿੰਦਗੀ 'ਚ ਖ਼ੁਸ਼ੀ ਤੇ ਗ਼ਮੀ ਆਉਂਦੀ ਹੈ, ਜਿਸ ਵਿਚ ਸਾਂਝ ਪਾਉਣਾ ਇਨਸਾਨੀ ਫਿਤਰਤ ਹੈ। ਸਾਂਝੀ ਖ਼ੁਸ਼ੀ ਵਿਚ ਦੂਜੇ ਵੀ ਸ਼ਰੀਕ ਹੋਣ ਵਰਗੇ ਉਤਸਵ, ਆਪਸੀ ਪਿਆਰ-ਮੁਹੱਬਤ, ਭਾਈਚਾਰੇ ਤੇ ਕੌਮੀ ਏਕਤਾ ਦੇ ਪ੍ਰਤੀਕ ਹੁੰਦੇ ਹਨ।।ਹਜ਼ਰਤ ਅਨਸ (ਰਜ਼ੀ.) ਤੋਂ ਸਾਬਿਤ ਹੈ ਕਿ ਰਸੂਲ ਅੱਲਾ (ਸਲ.) ਜਦੋਂ ਮੱਕੇ ਤੋਂ ਹਿਜਰਤ ਕਰ ਕੇ ਮਦੀਨਾ ਪਹੁੰਚੇ ਤਾਂ ਮਦੀਨਾ ਵਾਸੀਆਂ ਨੇ ਉਸ ਸਮੇਂ ਤਿਉਹਾਰਾਂ ਲਈ ਦੋ ਦਿਨ ਨੀਯਤ ਕੀਤੇ ਹੋਏ ਸਨ। ਇਨ੍ਹਾਂ ਦਿਨਾਂ 'ਤੇ ਉਹ ਖ਼ੁਸ਼ੀਆਂ ਮਨਾਉਂਦੇ ਤੇ ਖੇਲ ਤਮਾਸ਼ੇ ਕਰਦੇ ਸਨ। ਹਜ਼ੂਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਇਹ ਜੋ ਦੋ ਦਿਨ ਮਨਾਉਂਦੇ ਹੋ ਇਨ੍ਹਾਂ ਦੀ ਹਕੀਕਤ ਤੇ ਹੈਸੀਅਤ ਕੀ ਹੈ? ਉਨਾਂ ਜਵਾਬ ਦਿੱਤਾ ਕਿ ਅਸੀਂ ਪੁਰਾਣੇ ਸਮੇਂ ਤੋਂ ਆਪਣੇ ਬਾਪ-ਦਾਦਿਆਂ ਵਾਂਗ ਇਹ ਤਿਉਹਾਰ ਮਨਾਉਂਦੇ ਆ ਰਹੇ ਹਾਂ

ਹਜ਼ੂਰ (ਸਲ.) ਨੇ ਫਰਮਾਇਆ ਕਿ ਅੱਲ੍ਹਾ ਨੇ ਤੁਹਾਨੂੰ ਇਨਾਂ ਦੋ ਤਿਉਹਾਰਾਂ ਦੇ ਬਦਲੇ ਦੋ ਹੋਰ ਬਿਹਤਰੀਨ ਤਿਉਹਾਰ ਅਤਾ ਕੀਤੇ ਹਨ।ਹੁਣ ਉਹੀ ਤੁਹਾਡੇ ਕੌਮੀ ਤੇ ਧਾਰਮਿਕ ਤਿਓਹਾਰ ਹਨ -।ਯੌਮ-ਏ-ਈਦ-ਉਲ-ਫਿਤਰ ਤੇ ਯੌਮ-ਏ-ਈਦ-ਉਲ-ਅਜ਼ਹਾ। ਈਦ-ਉਲ-ਫਿਤਰ ਨੂੰ ਸੇਵੀਆਂ ਵਾਲੀ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।ਈਦ। ਈਦ ਤੋਂ ਭਾਵ ਖ਼ੁਸ਼ੀ ਦਾ ਉਹ ਦਿਨ ਹੈ, ਜੋ ਯਾਦਗ਼ਾਰ ਦੇ ਤੌਰ ਤੇ ਮਨਾਇਆ ਜਾਵੇ। 'ਫਿਤਰ' ਤੋਂ ਅਰਥ ਰੋਜ਼ੇ ਖੋਲਣੇ ਜਾਂ ਮੁਕੰਮਲ ਹੋਣ ਤੋਂ ਹੈ।

ਈਦ ਦਾ ਦਿਨ ਖ਼ੁਸ਼ੀ ਤੇ ਰੱਬ ਦੇ ਧੰਨਵਾਦ ਲਈ ਮਨਾਇਆ ਜਾਂਦਾ ਹੈ। ਰਮਜ਼ਾਨ ਦੇ ਰੋਜ਼ਿਆਂ ਵਿਚ ਇਕ ਸੱਚਾ ਮੁਸਲਮਾਨ ਸਵੇਰ ਤੋਂ ਸ਼ਾਮ ਤਕ ਅੱਲ੍ਹਾ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਹੁੰਦੇ ਹੋਏ ਵੀ ਉਨ੍ਹਾਂ ਤੋਂ ਮੂੰਹ ਮੋੜਦਾ ਹੈ, ਇੱਛਾਵਾਂ ਤੋਂ ਦੂਰ ਰਹਿੰਦਾ ਹੈ ਤੇ ਆਪਣੇ ਮਨ ਜਾਂ ਨਫ਼ਸ ਨੂੰ ਕਾਬੂ ਵਿਚ ਰੱਖਦਾ ਹੈ।।ਇਸਲਾਮ ਦੇ ਆਖ਼ਰੀ ਪੈਗ਼ੰਬਰ ਹਜ਼ਰਤ ਮੁਹੰਮਦ ਸਲ. ਨੇ ਫਰਮਾਇਆ ਹੈ, 'ਲੀ ਕੁੱਲੀ ਕੌਮੀ ਈਦ-ਉ-ਹਾਜ਼ਾ ਈਦ-ਉ-ਨਾ' ਭਾਵ ਹਰ ਕੌਮ ਲਈ ਇਕ ਖ਼ੁਸ਼ੀ ਦਾ ਦਿਨ ਹੁੰਦਾ ਹੈ। ਸਾਡੇ ਲਈ ਈਦ ਖ਼ੁਸ਼ੀ ਦਾ ਦਿਨ ਹੈ। ਇਹ ਖ਼ੁਸ਼ੀ ਇਸ ਲਈ ਹੈ ਕਿ ਇਸ ਦਿਨ ਰੱਬ ਦੀ ਭਗਤੀ, ਭਾਵ ਰੋਜ਼ਿਆਂ ਤੋਂ ਫਾਰਗ਼ ਹੋ ਜਾਂਦੇ ਹਾਂ ਅਤੇ ਦੂਸਰਾ ਇਸ ਲਈ ਕਿ ਰੱਬ ਵੱਲੋਂ ਮਾਫ਼ੀ ਦਾ ਪਰਵਾਨਾ ਮਿਲ ਜਾਂਦਾ ਹੈ।

ਈਦ ਦੀ ਰਾਤ ਨੂੰ 'ਲੈਲਾਤੁਲ ਜਾਇਜ਼ਾ', ਭਾਵ ਬਦਲੇ ਦੀ ਰਾਤ ਕਿਹਾ ਜਾਂਦਾ ਹੈ। ਰੱਬ ਫ਼ਰਿਸ਼ਤਿਆਂ ਨੂੰ ਕਹਿੰਦਾ ਹੈ ਕਿ ਗਲੀ-ਮੁਹੱਲਿਆਂ ਵਿਚ ਖੜ੍ਹੇ ਹੋ ਕੇ ਈਦਗ਼ਾਹ ਜਾਣ ਵਾਲਿਆਂ ਨੂੰ 'ਜੀ ਆਇਆਂ ਕਹੋ' ਤੇ ਫਰਿਸ਼ਤੇ ਲੋਕਾਂ ਨੂੰ ਕਹਿੰਦੇ ਹਨ ਕਿ ਚਲੋ ਉਸ ਰੱਬੇ-ਕਰੀਮ ਦੇ ਘਰ ਵੱਲ, ਜੋ ਬੇਹੱਦ ਦੇਣ ਵਾਲਾ ਹੈ ਤੇ ਵੱਡੇ-ਵੱਡੇ ਕਸੂਰ ਮਾਫ਼ ਕਰਨ ਵਾਲਾ ਹੈ,।ਫਿਰ ਈਦ ਦੀ ਨਮਾਜ਼ ਪੜਣ ਉਪਰੰਤ ਜਦ ਲੋਕ ਘਰਾਂ ਨੂੰ ਮੁੜਨ ਲਗਦੇ ਹਨ ਤਾਂ ਰੱਬ ਫ਼ਰਿਸ਼ਤਿਆਂ ਨੂੰ ਪੁੱਛਦਾ ਹੈ ਕਿ ਦੱਸੋ ਉਸ ਮਜ਼ਦੂਰ ਨੂੰ ਕੀ ਬਦਲਾ (ਮਜ਼ਦੂਰੀ) ਦਿੱਤਾ ਜਾਵੇ, ਜਿਸ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੋਵੇ? ਫਰਿਸ਼ਤੇ ਕਹਿੰਦੇ ਹਨ ਕਿ ਉਸ ਨੂੰ ਪੂਰੀ-ਪੁਰੀ ਮਜ਼ਦੂਰੀ ਦਿੱਤੀ ਜਾਵੇ ਤੇ ਉੱਤਰ ਵਜੋਂ ਰੱਬ ਵੱਲੋਂ ਐਲਾਨ ਹੁੰਦਾ ਹੈ ਕਿ 'ਹੇ ਲੋਕੋ, ਮੈਂ ਤੁਹਾਨੂੰ ਮਾਫ਼ ਕਰ ਦਿੱਤਾ ਹੈ ਤੇ ਹੁਣ ਤੁਸੀਂ ਆਪਣੇ ਘਰਾਂ ਨੂੰ ਵਾਪਸ ਚਲੇ ਜਾਵੋ।

ਈਦ ਦਾ ਦਿਨ ਆਪਸੀ ਮੁਹੱਬਤ ਅਤੇ ਬਰਾਬਰੀ ਦਾ ਸਬਕ ਦਿੰਦਾ ਹੈ। ਸਾਡੀ ਅਸਲੀ ਖ਼ੁਸ਼ੀ ਤਦ ਹੀ ਹੈ ਜੇ ਅਸੀਂ ਗ਼ਰੀਬਾਂ, ਯਤੀਮਾਂ, ਬੇਬਸ ਲੋਕਾਂ, ਵਿਧਵਾਵਾਂ ਤੇ ਬੇਸਹਾਰਾ ਲੋਕਾਂ ਨੂੰ ਵੀ ਇਸ ਖ਼ੁਸ਼ੀ 'ਚ ਸ਼ਾਮਿਲ ਕਰਦੇ ਹਾਂ।।ਇਸ ਦੇ ਲਈ 'ਸਦਕਾ-ਏ-ਫਿਤਰ', ਭਾਵ ਇਕ ਕਿੱਲੋ ਛੇ ਸੋ ਤੇਤੀ ਗ੍ਰਾਮ ਕਣਕ ਜਾਂ ਤਿੰਨ ਕਿੱਲੋ ਦੋ ਸੋ ਛਿਆਹਠ ਗ੍ਰਾਮ ਜੌਂ ਜਾਂ ਇਨ੍ਹਾਂ ਦੀ ਕੀਮਤ ਪਰਿਵਾਰ ਦੇ ਹਰ ਮੈਂਬਰਾਂ ਵੱਲੋਂ ਲੋੜਵੰਦਾਂ ਨੂੰ ਈਦ ਦੀ ਨਮਾਜ਼ ਤੋਂ ਪਹਿਲਾਂ ਦੇਣੀ ਜ਼ਰੂਰੀ ਹੈ ਤਾਂ ਜੋ ਉਹ ਵੀ ਇਸ ਖ਼ੁਸ਼ੀ 'ਚ ਸ਼ਾਮਿਲ ਹੋ ਸਕਣ।

ਹਜ਼ਰਤ ਅਬਦੁੱਲਾ ਬਿਨ ਅੱਬਾਸ ਰਜ਼ੀ. ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਸਲ. ਨੇ ਸਦਕਾ-ਏ-ਫਿਤਰ ਜ਼ਰੂਰੀ ਕੀਤਾ ਹੈ ਤਾਂ ਜੋ ਰਮਜ਼ਾਨ ਵਿਚ ਗ਼ਲਤੀ ਨਾਲ ਜਿਹੜੀਆਂ ਬੇਕਾਰ ਗੱਲਾਂ ਕਹੀਆਂ ਜਾਂ ਸੁਣੀਆਂ ਗਈਆਂ ਜਾਂ ਬੁਰੇ ਖ਼ਿਆਲ ਮਨ ਵਿਚ ਆਏ ਹੋਣ, ਉਸ ਨਾਲ ਰੋਜ਼ੇ ਵੀ ਪਾਕ ਹੋ ਜਾਂਦੇ ਹਨ ਤੇ ਗ਼ਰੀਬਾਂ ਨੂੰ ਖਾਣ-ਪੀਣ ਦਾ ਸਮਾਨ ਵੀ ਮਿਲ ਜਾਂਦਾ ਹੈ। ਈਦ ਦੀ ਨਮਾਜ਼ ਅਬਾਦੀ ਤੋਂ ਬਾਹਰ ਖੁੱਲ੍ਹੀ ਥਾਂ 'ਤੇ ਪੜ੍ਹੀ ਜਾਂਦੀ ਹੈ। ਹਜ਼ਰਤ ਮੁਹੰਮਦ (ਸਲ.) ਈਦ ਵਾਲੇ ਦਿਨ ਮੌਜੂਦ ਕੱਪੜਿਆਂ 'ਚੋਂ ਸਭ ਤੋਂ ਵਧੀਆ ਕੱਪੜੇ ਪਹਿਨਦੇ, ਗੁਸਲ ਕਰਦੇ, ਦਾਤਣ ਕਰਦੇ, ਖ਼ੁਸ਼ਬੂ ਲਗਾਉਂਦੇ, ਸਵੇਰੇ ਬਹੁਤ ਜਲਦੀ ਉੱਠਦੇ, ਈਦਗ਼ਾਹ 'ਚ ਬਹੁਤ ਜਲਦ ਪਹੁੰਚਦੇ, ਈਦਗ਼ਾਹ ਜਾਣ ਤੋਂ ਪਹਿਲਾਂ ਛੁਹਾਰੇ ਆਦਿ ਕੋਈ ਮਿੱਠੀ ਚੀਜ਼ ਖਾਂਦੇ, ਈਦ ਦੀ ਨਮਾਜ਼ ਤੋਂ ਪਹਿਲਾਂ ਸਦਕਾ-ਏ-ਫਿਤਰ ਅਦਾ ਕਰਦੇ, ਈਦ ਦੀ ਨਮਾਜ਼ ਈਦਗ਼ਾਹ 'ਚ ਪੜ੍ਹਦੇ, ਈਦਗ਼ਾਹ ਜਾਣ ਤੇ ਆਉਣ ਲਈ ਵੱਖ-ਵੱਖ ਰਸਤੇ ਚੁਣਦੇ, ਰਸਤੇ 'ਚ ਤਕਬੀਰ ਪੜ੍ਹਦੇ ਹੋਏ ਜਾਂਦੇ।

ਈਦ ਦੀ ਨਮਾਜ਼ ਤੋਂ ਬਾਅਦ ਦੁਆ ਕੀਤੀ ਜਾਂਦੀ ਹੈ ਏ ਸਾਡੇ ਰੱਬ! ਜਿਵੇਂ ਇਕ ਮਹੀਨਾ ਤੇਰੀ ਮਰਜ਼ੀ ਵਿਚ ਬਤੀਤ ਕੀਤਾ ਹੈ,।ਭਵਿੱਖ ਵਿਚ ਵੀ ਸਾਨੂੰ ਆਪਣੀ ਮਰਜ਼ੀ ਵਾਲੀ ਜ਼ਿੰਦਗੀ ਬਤੀਤ ਕਰਨ ਦੀ ਤਾਕਤ ਦੇਵੀਂ ਤੇ ਬੱਚਿਆਂ ਨੂੰ ਈਦੀ (ਪੈਸੇ ਆਦਿ) ਤੇ ਬਜ਼ੁਰਗਾਂ ਨੂੰ ਈਦ ਮੁਬਾਰਕ ਆਖਦੇ ਹਨ। ਈਦ ਮਿਲਣ ਦੇ ਜਸ਼ਨ ਹਨ,।ਜਿਨ੍ਹਾਂ ਵਿੱਚ ਹਰ ਧਰਮ ਦੇ ਲੋਕ ਬਿਨਾਂ ਝਿਜਕ ਇਕ ਦੂਜੇ ਨੂੰ ਗਲਵਕੜੀ ਪਾਉਂਦੇ ਹੋਏ ਆਪਸੀ ਭਾਈਚਾਰੇ, ਪਿਆਰ, ਮੁਹੱਬਤ, ਹਮਦਰਦੀ, ਬਰਾਬਰੀ ਤੇ ਇਕ ਦੇਸ਼ ਦੇ ਵਸਨੀਕ ਹੋਣ ਦਾ ਪੈਗ਼ਾਮ ਦਿੰਦੇ ਹੋਏ ਏਕਤਾ ਨੂੰ ਮਜ਼ਬੂਤ ਕਰਦੇ ਹਨ।

- ਪ੍ਰਿੰਸੀਪਲ ਯਾਸੀਨ ਅਲੀ, 92565-57957

Posted By: Harjinder Sodhi