ਹੰਕਾਰ ਮਨੁੱਖ ਦੇ ਪੰਜ ਵਿਕਾਰਾਂ 'ਚੋਂ ਪੰਜਵੇਂ ਨੰਬਰ 'ਤੇ ਆਉਂਦਾ ਹੈ। ਜਿੱਥੇ ਇਹ ਦੂਜਿਆਂ ਨੂੰ ਤੰਗ ਕਰਦਾ ਹੈ, ਉੱਥੇ ਹੀ ਹੰਕਾਰੀ ਮਨੁੱਖ ਨੂੰ ਵੀ ਛੇਤੀ ਹੀ ਸਬਕ ਸਿਖਾ ਦਿੰਦਾ ਹੈ। ਮਨੁੱਖ ਜਿੰਨੀ ਛੋਟੀ ਸੋਚ ਵਾਲਾ ਹੁੰਦਾ ਹੈ, ਉਸ ਦਾ ਹੰਕਾਰ ਓਨਾ ਹੀ ਵੱਡਾ ਹੁੰਦਾ ਹੈ। ਕਈ ਮਨੁੱਖ ਹੰਕਾਰ ਵਿਚ ਆ ਕੇ ਦਾਨਵ ਦਾ ਰੂਪ ਧਾਰਨ ਵਿਚ ਦੇਰੀ ਨਹੀਂ ਕਰਦੇ। ਕਿਸੇ ਕੋਲ ਜੇ ਥੋੜ੍ਹੀ-ਬਹੁਤੀ ਦੌਲਤ ਤੇ ਸ਼ੋਹਰਤ ਆ ਜਾਵੇ, ਫਿਰ ਉਹ ਨਿੱਕੇ ਜਿਹੇ ਘਰ ਨੂੰ ਕੋਠੀ, ਮਹਿਲ ਜਾਂ ਬੰਗਲਾ ਦੱਸਣ ਲੱਗਦਾ ਹੈ। ਅਜਿਹਾ ਵਿਵਹਾਰ ਉਹ ਹੰਕਾਰ ਕਾਰਨ ਕਰਦਾ ਹੈ। ਪੁਰਾਣੇ ਮਿੱਤਰ ਅਤੇ ਖ਼ਾਸ ਰਿਸ਼ਤੇ-ਨਾਤੇ ਭੁੱਲ ਕੇ ਉਹ ਗਰੂਰ ਵਿਚ ਦੂਜਿਆਂ ਦੇ ਮਨਾਂ ਨੂੰ ਦੁਖੀ ਕਰਦਾ ਰਹਿੰਦਾ ਹੈ। ਹੰਕਾਰੀ ਵਿਅਕਤੀ ਪਿਆਰ ਦੀਆਂ ਭਾਵਨਾਵਾਂ ਦੀ ਡੂੰਘਾਈ ਨਹੀਂ ਮਾਪ ਸਕਦਾ ਕਿਉਂਕਿ ਉਸ ਦੀ ਸੋਚ ਦਾ ਦਾਇਰਾ ਛੋਟਾ ਹੋ ਜਾਂਦਾ ਹੈ। ਉਹ ਆਪੇ ਤੋਂ ਬਾਹਰ ਹੋ ਕੇ ਸੋਝੀ ਗੁਆ ਬੈਠਦਾ ਹੈ। ਅਖੀਰ ਪਰਮਾਤਮਾ ਹੰਕਾਰੀ ਮਨੁੱਖ ਨੂੰ ਅਜਿਹੀ ਸਜ਼ਾ ਦਿੰਦਾ ਹੈ ਕਿ ਉਸ ਦੀ ਹਾਲਤ 'ਤੇ ਤਰਸ ਕਰਨ ਵਾਲਾ ਕੋਈ ਨਹੀਂ ਬਹੁੜਦਾ। ਸੋ, ਹੰਕਾਰ ਰੂਪੀ ਨਸ਼ੇ ਤੋਂ ਬਚਣ ਵਿਚ ਹੀ ਭਲਾਈ ਹੈ। ਮਨੁੱਖ ਦੀ ਹਵਾ ਜਿੰਨੀ ਖ਼ਰਾਬ ਹੁੰਦੀ ਹੈ, ਓਨਾ ਹੀ ਉਸ ਦੇ ਮੂਧੇ ਮੂੰਹ ਡਿੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜੋਕੇ ਰਿਸ਼ਤਿਆਂ ਵਿਚ ਆਏ ਫਿੱਕੇਪਣ ਦਾ ਕਾਰਨ ਵੀ ਬੇਲੋੜੇ ਪੈਸੇ ਦਾ ਹੰਕਾਰ ਹੀ ਬਣਦਾ ਹੈ। ਨੈਤਿਕ ਕਦਰਾਂ-ਕੀਮਤਾਂ ਦੀ ਹੰਕਾਰੀ ਵਿਅਕਤੀ ਪ੍ਰਵਾਹ ਨਹੀਂ ਕਰਦੇ। ਹੰਕਾਰ ਰਿਸ਼ਤਿਆਂ ਵਿਚ ਦੀਵਾਰ ਵਾਂਗ ਆ ਖੜ੍ਹਦਾ ਹੈ। ਹੰਕਾਰ ਤੋਂ ਬਚਣ ਲਈ ਆਪਣਾ ਅਤੀਤ ਅਤੇ ਔਕਾਤ ਹਮੇਸ਼ਾ ਯਾਦ ਰੱਖੋ। ਕਿਸੇ ਦੀ ਆਤਮਾ ਨੂੰ ਕਦੇ ਵੀ ਦੁਖੀ ਨਾ ਕੀਤਾ ਜਾਵੇ। ਮਨ ਮੰਦਰ ਨੂੰ ਸੁੰਦਰ ਵਿਚਾਰਾਂ ਨਾਲ ਸਜਾਉਣਾ ਚਾਹੀਦਾ ਹੈ। ਚੰਗੇ ਵਿਚਾਰਾਂ ਅਤੇ ਚੰਗੀ ਸੰਗਤ ਸਦਕਾ ਹੀ ਹੰਕਾਰ ਤੋਂ ਬਚਿਆ ਜਾ ਸਕਦਾ ਹੈ। ਆਪਣੀ ਮਾਨਸਿਕ ਅਤੇ ਸਰੀਰਕ ਊਰਜਾ ਈਰਖਾ, ਨਿੰਦਾ ਅਤੇ ਹੰਕਾਰ ਵਰਗੇ ਵਿਕਾਰਾਂ ਦੇ ਵੱਸ ਪੈ ਕੇ ਨਸ਼ਟ ਨਾ ਕਰੋ। ਅਜਿਹੇ ਵਿਕਾਰਾਂ ਤੋਂ ਬਚਣਾ ਹੀ ਚੰਗਾ ਹੈ। ਚੰਗੇ ਲੋਕਾਂ ਦੀ ਸੰਗਤ ਨਾਲ ਹੰਕਾਰ ਤੋਂ ਬਚਿਆ ਜਾ ਸਕਦਾ ਹੈ। ਕਦੇ ਵੀ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਯਤਨ ਨਾ ਕਰੋ। ਆਪੇ ਤੋਂ ਬਾਹਰ ਹੋ ਕੇ ਕਿਸੇ ਦੀ ਆਤਮਾ ਨੂੰ ਦੁਖੀ ਕਰਨਾ, ਕਿਸੇ ਦਾ ਹੱਕ ਮਾਰਨਾ ਚੰਗੀ ਗੱਲ ਨਹੀਂ। ਉਕਤ ਸਭ ਦਾ ਨਿਚੋੜ ਇਹੀ ਹੈ ਕਿ ਹੰਕਾਰ ਤੋਂ ਰਹਿਤ ਹੋ ਕੇ ਨਵੇਂ ਅਤੇ ਪੁਰਾਣੇ ਰਿਸ਼ਤਿਆਂ ਦੀਆਂ ਗੰਢਾਂ ਨੂੰ ਮਜ਼ਬੂਤ ਕੀਤਾ ਜਾਵੇ। ਅਮੀਨ!

-ਸਨੇਹਇੰਦਰ ਸਿੰਘ ਮੀਲੂ (95308-85356)

Posted By: Jagjit Singh