ਵਿੱਦਿਆ ਗਿਆਨ ਦਾ ਸੋਮਾ ਹੈ ਜਦਕਿ ਸਿੱਖਿਆ ਮਹਿਜ਼ ਪੁਸਤਕ ਪੋਸ਼ਕ ਹੈ। ਗਿਆਨ ਦੀ ਕਮੀ ਵਿਚ ਸਿੱਖਿਆ ਮਹਿਜ਼ ਕਾਗ਼ਜ਼ਾਂ ਦਾ ਢੇਰ ਹੈ। ਸ੍ਰੀਰਾਮ ਨੂੰ ਹੰਕਾਰ ਦਾ ਗਿਆਨ ਸੀ ਅਤੇ ਰਾਵਣ ਨੂੰ ਗਿਆਨ ਦਾ ਹੰਕਾਰ ਸੀ। ਗਿਆਨ, ਸੰਜਾਮ ਅਤੇ ਨੈਤਿਕ ਕਦਰਾਂ-ਕੀਮਤਾਂ 'ਤੇ ਆਧਾਰਿਤ ਵਿੱਦਿਆ ਕਲਿਆਣਕਾਰੀ ਹੈ। ਇਹੀ ਨਹੀਂ, ਹੰਕਾਰ ਵਰਗੇ ਮਾੜੇ ਭਾਵ ਖ਼ਾਤਮਾ ਕਰ ਕੇ ਜਗਿਆਸਾ ਪੈਦਾ ਕਰਨੀ ਵਿੱਦਿਆ ਦਾ ਕੰਮ ਹੈ, ਨਾ ਕਿ ਸਿੱਖਿਆ ਦਾ।

ਗਿਆਨ ਦੀ ਕਮੀ ਵਿਚ ਵਿਅਕਤੀ ਪਸ਼ੂ ਸਮਾਨ ਹੋ ਜਾਂਦਾ ਹੈ। ਲੋਕਾਂ ਦੇ ਭਲੇ ਦੀ ਕਾਮਨਾ ਦੀ ਪੂਰਤੀ ਕਰ ਕੇ ਵਿੱਦਿਆ ਮਨੁੱਖ ਨੂੰ ਮਾੜੇ ਭਾਵਾਂ ਤੋਂ ਦੂਰ ਕਰਦੀ ਹੋਈ ਉਸ ਦੇ ਅੰਦਰ ਆਨੰਦ ਦੀ ਬੀਜ ਬੀਜਦੀ ਹੈ ਅਤੇ ਪਾਖੰਡ, ਨਫ਼ਰਤ ਅਤੇ ਈਰਖਾ ਦਾ ਨਾਸ ਕਰ ਕੇ ਵਿੱਦਿਆ ਸਚਿਦਾਨੰਦ ਦੇ ਦੁਆਰ ਖੋਲ੍ਹਦੀ ਹੈ। ਇਸ ਲਈ ਕਿਹਾ ਵੀ ਗਿਆ ਹੈ 'ਸਾ ਵਿੱਦਿਆ ਯਾ ਵਿਮੁਕਤਯੇ' ਅਰਥਾਤ ਵਿੱਦਿਆ ਨਿਮਰਤਾ ਪ੍ਰਦਾਨ ਕਰਦੀ ਹੈ। ਨਿਮਰਤਾ ਕਾਰਨ ਪਾਤਰਤਾ ਆਉਂਦੀ ਹੈ, ਪਾਤਰਤਾ ਕਾਰਨ ਧਨ-ਦੌਲਤ ਆਉਂਦੀ ਹੈ, ਧਨ ਨਾਲ ਧਰਮ ਹੁੰਦਾ ਹੈ ਅਤੇ ਧਰਮ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਨਿਮਰਤਾ ਹਿਰਦੇ ਨੂੰ ਮੋਮ ਦੀ ਤਰ੍ਹਾਂ ਪਿਘਲਾ ਦਿੰਦੀ ਹੈ। ਗੁਰੂ ਵਿੱਦਿਆ ਦਿੰਦਾ ਹੈ ਜਦਕਿ ਅਧਿਆਪਕ ਸਿੱਖਿਆ ਦਿੰਦਾ ਹੈ। ਗਿਆਨ ਅੰਧਕਾਰ ਨੂੰ ਹਰਾਉਂਦਾ ਹੈ ਅਤੇ ਸਿੱਖਿਆ ਜੀਵਨ ਨੂੰ ਸੁਰਮਈ ਬਣਾਉਂਦੀ ਹੈ। ਸਿੱਖਿਆ ਜੀਵਨ ਨੂੰ ਯੰਤਰਮੁਖੀ ਬਣਾਉਂਦੀ ਹੈ ਅਤੇ ਵਿੱਦਿਆ ਸੱਤਿਅਮ, ਸ਼ਿਵਮ ਅਤੇ ਸੁੰਦਰਮ ਦੀ ਧਾਰਨਾ ਨੂੰ ਸਾਕਾਰ ਕਰ ਕੇ ਚੇਤਨਾ ਪ੍ਰਦਾਨ ਕਰਦੀ ਹੈ। ਵਿੱਦਿਆ ਦ੍ਰਿਸ਼ਟੀ ਵਿਆਪਕ ਕਰ ਕੇ ਮੁਕਤੀ ਪ੍ਰਾਪਤ ਕਰਵਾਉਂਦੀ ਹੈ। ਵਿੱਦਿਆ ਅਰਜਨ ਦਾ ਪਰਵ ਹੈ। ਮਨੁੱਖ ਦੇ ਤਮਾਮ ਦਰਦਾਂ ਦਾ ਕਾਰਨ ਅਨਪੜ੍ਹਤਾ ਹੀ ਹੈ। ਜੇਕਰ ਅਨਪੜ੍ਹਤਾ ਦੂਰ ਹੋ ਜਾਵੇ ਤਾਂ ਦੁੱਖ ਵੀ ਆਪਣੇ-ਆਪ ਦੂਰ ਹੋ ਜਾਣਗੇ।

ਸਭ ਵਸਤਾਂ ਵਿਚ ਸ੍ਰੇਸ਼ਠ ਵਿੱਦਿਆ ਨੂੰ ਮੰਨਿਆ ਗਿਆ ਹੈ। ਵਿੱਦਿਆ ਅਜਿਹਾ ਧਨ ਹੈ ਜਿਸ ਨੂੰ ਜਿੰਨਾ ਖ਼ਰਚਾ ਇਹ ਓਨਾ ਹੀ ਵੱਧਦਾ ਜਾਂਦਾ ਹੈ। ਹਲੀਮੀ ਨਾਲ ਮਨੁੱਖ ਯੋਗਤਾ ਪ੍ਰਾਪਤ ਕਰਦਾ ਹੈ। ਆਪਣਾ ਯੋਗਤਾ ਦੇ ਦਮ 'ਤੇ ਮਨੁੱਖ ਧਨ ਪ੍ਰਾਪਤ ਕਰਦਾ ਹੈ ਅਤੇ ਧਨ ਨਾਲ ਧਾਰਮਿਕ, ਸਮਾਜਿਕ ਅਤੇ ਅਧਿਆਤਮਕ ਕਾਰਜ ਸੰਪੰਨ ਹੁੰਦੇ ਹਨ। ਧਾਰਮਿਕ ਕੰਮ ਨਾਲ ਅਸੀਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਵਿੱਦਿਆ ਦਾ ਮੂਲ ਮਕਸਦ ਮਨੁੱਖ ਨੂੰ ਗਿਆਨਵਾਨ ਬਣਾ ਕੇ ਉਸ ਦੇ ਜੀਵਨ ਦੀ ਜਟਿਲਤਾ ਨੂੰ ਦੂਰ ਕਰਨਾ ਹੈ।

-ਦੇਵੇਂਦਰਰਾਜ ਸੁਥਾਰ

Posted By: Jagjit Singh