ਹਰੇਕ ਵਿਅਕਤੀ ਵਿਚ ਕੋਈ ਨਾ ਕੋਈ ਖ਼ਾਸ ਹੁਨਰ ਜ਼ਰੂਰ ਹੁੰਦਾ ਹੈ ਜੋ ਲੋਕਾਂ ਨੂੰ ਇਕ-ਦੂਜੇ ਤੋਂ ਅੱਗੇ ਕਰਦਾ ਹੈ। ਜੀਵਨ ਦੇ ਕਿਸੇ ਵੀ ਖੇਤਰ ਵਿਚ ਸਫ਼ਲਤਾ ਹਾਸਲ ਕਰਨ ਲਈ ਹਰੇਕ ਵਿਅਕਤੀ ਨੂੰ ਸਭ ਤੋਂ ਪਹਿਲਾਂ ਆਪਣੇ ਖ਼ਾਸ ਹੁਨਰ ਨੂੰ ਪਛਾਣ ਕੇ ਉਸੇ ਖੇਤਰ ਵਿਚ ਅੱਗੇ ਵਧਣਾ ਚਾਹੀਦਾ ਹੈ। ਜੀਵਨ ਵਿਚ ਸਫ਼ਲਤਾ ਦਾ ਮੂਲ ਮੰਤਰ ਇਹੋ ਹੈ ਕਿ ਆਪਣੇ ਅੰਦਰ ਲੁਕੇ ਹੋਏ ਹੁਨਰ ਦਾ ਪਤਾ ਲਗਾਇਆ ਜਾਵੇ ਅਤੇ ਉਸ ਦੇ ਵਿਕਾਸ 'ਤੇ ਧਿਆਨ ਦੇਣਾ ਚਾਹੀਦਾ ਹੈ। ਸਵਾਲ ਇਹ ਹੈ ਕਿ ਆਪਣੇ ਹੁਨਰ ਨੂੰ ਕਿੱਦਾਂ ਪਛਾਣਿਆ ਜਾਵੇ। ਜਿਸ ਕੰਮ ਨੂੰ ਅਸੀਂ ਸਰਲਤਾ ਨਾਲ ਸਹਿਜੇ ਹੀ ਸਿਰੇ ਚਾੜ੍ਹ ਸਕੀਏ ਅਤੇ ਜਿਸ ਦੇ ਨਤੀਜੇ ਦੀ ਚਿੰਤਾ ਕੀਤੇ ਬਿਨਾਂ ਅਸੀਂ ਆਨੰਦ ਅਤੇ ਖ਼ੁਸ਼ੀ ਦਾ ਅਹਿਸਾਸ ਕਰੀਏ, ਉਹੋ ਕੰਮ ਸਾਡੇ ਲਈ ਮਾਫ਼ਕ ਹੈ। ਹਾਲਾਂਕਿ ਇਹ ਵੀ ਜ਼ਰੂਰੀ ਨਹੀਂ ਹੈ ਕਿ ਕਿਸੇ ਕੰਮ ਨੂੰ ਅਸੀਂ ਪੂਰਾ ਮਨ ਲਾ ਕੇ ਕਰੀਏ ਪਰ ਸਾਨੂੰ ਸ਼ੁਰੂਆਤ ਵਿਚ ਹੀ ਮਨ-ਮਾਫ਼ਕ ਸਫ਼ਲਤਾ ਮਿਲ ਜਾਵੇ। ਇਸ ਦੇ ਬਾਵਜੂਦ ਸਾਨੂੰ ਉਸੇ ਖੇਤਰ ਵਿਚ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਕਿਉਂਕਿ ਜਿਵੇਂ-ਜਿਵੇਂ ਸਾਡਾ ਹੁਨਰ ਉੱਘੜਦਾ ਜਾਵੇਗਾ ਤਾਂ ਸਾਨੂੰ ਸਫ਼ਲਤਾ ਮਿਲਦੀ ਜਾਵੇਗੀ। ਬਹੁਤ ਘੱਟ ਲੋਕ ਜਨਮ ਤੋਂ ਹੀ ਹੁਨਰਮੰਦ ਹੁੰਦੇ ਹਨ ਜਦਕਿ ਜ਼ਿਆਦਾਤਰ ਨੂੰ ਆਪਣੇ ਹੁਨਰ ਦੇ ਵਿਕਾਸ ਲਈ ਲਗਾਤਾਰ ਕੋਸ਼ਿਸ਼ ਕਰਨੀ ਪੈਂਦੀ ਹੈ। ਮਤਲਬ ਇਹ ਕਿ ਕਿਸੇ ਕੰਮ ਲਈ ਹੁਨਰ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਵਿਚ ਮਾਹਿਰ ਹੀ ਹੋਈਏ। ਕਿਸੇ ਦੇ ਹੁਨਰ ਨੂੰ ਪਛਾਣਨਾ ਔਖਾ ਕੰਮ ਜ਼ਰੂਰ ਹੈ ਪਰ ਹਰ ਵਿਅਕਤੀ ਲਈ ਇਹੋ ਸਭ ਤੋਂ ਅਹਿਮ ਵੀ ਹੈ। ਮਹਾਨ ਦਾਰਸ਼ਨਿਕ ਸੁਕਰਾਤ ਦਾ ਕਹਿਣਾ ਹੈ ਕਿ ਆਪਣੇ ਖ਼ਾਸ ਹੁਨਰ ਨੂੰ ਜਾਣਨਾ ਅਤੇ ਉਸ ਦਾ ਲਗਾਤਾਰ ਵਿਕਾਸ ਕਰਨਾ ਹੀ ਅਸਲ ਵਿਚ ਸਾਡੇ ਜੀਵਨ ਦਾ ਮਕਸਦ ਹੋਣਾ ਚਾਹੀਦਾ ਹੈ। ਜੇ ਅਸੀਂ ਅਜਿਹਾ ਕਰ ਲੈਂਦੇ ਹਾਂ, ਤਦੇ ਸਹੀ ਮਾਅਨੇ ਵਿਚ ਅਸੀਂ ਸਫ਼ਲ ਹੋ ਸਕਾਂਗੇ। ਦਰਅਸਲ, ਮੌਜੂਦਾ ਸਮੇਂ ਹੋਰਾਂ ਦੇ ਮਗਰ ਲੱਗ ਕੇ ਜ਼ਿਆਦਾਤਰ ਲੋਕ ਆਪਣੇ ਹੁਨਰ ਨੂੰ ਪਛਾਣ ਨਹੀਂ ਸਕਦੇ ਜਾਂ ਫਿਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ। ਸਾਡੇ 'ਚੋਂ ਬਹੁਤ ਸਾਰੇ ਲੋਕ ਆਪਣੇ ਹੁਨਰ ਨੂੰ ਹਮੇਸ਼ਾ ਐਵੇਂ ਹੀ ਸਮਝਦੇ ਹਨ। ਅਜਿਹੇ ਲੋਕ ਉਸ ਦੇ ਵਿਕਾਸ ਦੀ ਥਾਂ ਉਸ ਨੂੰ ਛੁਪਾਉਂਦੇ ਹਨ। ਸੱਚ ਇਹ ਹੈ ਕਿ ਦੁਨੀਆ ਵਿਚ ਹਰ ਛੋਟੇ-ਵੱਡੇ ਕੰਮ ਦਾ ਆਪਣਾ ਮਹੱਤਵ ਹੈ। ਜਿਸ ਕੰਮ ਨੂੰ ਅਸੀਂ ਛੋਟਾ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਅਸਲ ਵਿਚ ਕਈ ਲੋਕ ਉਸੇ ਖੇਤਰ ਵਿਚ ਮਸ਼ਹੂਰ ਹੁੰਦੇ ਹਨ। ਇਹ ਜਾਣ ਲਵੋ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਗੋਂ ਮਹੱਤਵਪੂਰਨ ਇਹ ਹੈ ਕਿ ਅਸੀਂ ਕਿਸੇ ਕੰਮ ਨੂੰ ਕਿੰਨਾ ਮਨ ਲਾ ਕੇ ਕਰਦੇ ਹਾਂ।

ਅਚਾਰੀਆ ਅਨਿਲ ਵਤਸ।

Posted By: Sarabjeet Kaur