ਸੱਧਰ ਕੀ ਹੁੰਦੀ ਹੈ? ਆਪਣੇ ਕੋਲ ਆਪਣਾ ਇਕ ਸਰੀਰ ਹੈ। ਲੱਤਾਂ, ਬਾਹਾਂ, ਸਿਰ, ਹੱਥ, ਉਂਗਲਾਂ, ਢਿੱਡ ਅਤੇ ਪਿੱਠ ਦੇ ਨਾਲ-ਨਾਲ ਗਰਦਨ, ਅੱਖਾਂ, ਨੱਕ, ਕੰਨ ਆਦਿ ਇਸ ਦੇ ਅੰਗ ਹਨ। ਆਪਣੇ ਕੋਲ ਦਿਲ ਹੈ। ਆਪਣੇ ਕੋਲ ਦਿਮਾਗ ਹੈ। ਸਮਝਦਾਰ ਪੁਰਸ਼ ਨੂੰ ਬੁੱਧੀਮਾਨ ਆਖਿਆ ਜਾਂਦਾ ਹੈ। ਮਨ ਨੂੰ ਬੜਾ ਚੰਚਲ ਮੰਨਿਆ ਜਾਂਦਾ ਹੈ। ਦੇਖਿਆ ਜਾਵੇ ਤਾਂ ਮਨ ਕੋਈ ਅੰਗ ਨਹੀਂ ਹੈ। ਅੱਖਾਂ ਨਾਲ ਆਪਾਂ ਦੇਖਦੇ ਹਾਂ। ਹੱਥਾਂ ਨਾਲ ਕੰਮ ਕਰਦੇ ਹਾਂ। ਕੰਨਾਂ ਨਾਲ ਸੁਣਦੇ ਹਾਂ।

ਨੱਕ ਨਾਲ ਸਾਹ ਲੈਂਦੇ ਅਤੇ ਸੁੰਘਦੇ ਹਾਂ। ਸਰੀਰ ਦੇ ਅੰਗਾਂ ਨੂੰ ਚਮੜੀ ਨੇ ਢੱਕ ਕੇ ਰੱਖਿਆ ਹੋਇਆ ਹੈ। ਚਮੜੀ ਨਾਲ ਜਦੋਂ ਕੋਈ ਤੱਤੀ, ਠੰਢੀ, ਨਰਮ-ਗਰਮ, ਪਥਰੀਲੀ ਤੇ ਕੋਮਲ ਵਸਤੂ ਲੱਗਦੀ ਹੈ ਤਦ ਸਾਡੇ ਅੰਦਰ ਉਸ ਵਸਤੂ ਲਈ ਅਹਿਸਾਸ ਪੈਦਾ ਹੁੰਦਾ ਹੈ। ਨੱਕ, ਕੰਨ, ਅੱਖ ਆਦਿ ਨੂੰ ਇੰਦਰੀਆਂ ਕਿਹਾ ਜਾਂਦਾ ਹੈ। ਮਨ ਨੂੰ ਇਨ੍ਹਾਂ ਇੰਦਰੀਆਂ ਦਾ ਰਾਜਾ ਕਿਹਾ ਜਾਂਦਾ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਮਨ ਕੀ ਹੈ? ਆਦਮੀ ਦੇ ਖ਼ਿਆਲਾਂ ਨੂੰ ਮਨ ਆਖਿਆ ਜਾ ਸਕਦਾ ਹੈ।

ਆਦਮੀ ਦੀ ਇੱਛਾ ਨੂੰ ਮਨ ਆਖਿਆ ਜਾ ਸਕਦਾ ਹੈ। ਆਦਮੀ ਦੀ ਸੋਚ ਅਤੇ ਸਮਝ ਨੂੰ ਮਨ ਆਖਿਆ ਜਾ ਸਕਦਾ ਹੈ। ਆਦਮੀ ਦੀਆਂ ਸੱਧਰਾਂ ਨੂੰ ਮਨ ਆਖਿਆ ਜਾ ਸਕਦਾ ਹੈ। ਆਦਮੀ ਦੇ ਸੁਪਨਿਆਂ ਨੂੰ ਮਨ ਆਖਿਆ ਜਾ ਸਕਦਾ ਹੈ। ਜਾਗ੍ਰਿਤ ਮਨ ਵਿਚਲੀਆਂ ਰੁਚੀਆਂ, ਜਾਗ੍ਰਿਤ ਮਨ ਵਿਚਲੀਆਂ ਸੱਧਰਾਂ, ਜਾਗ੍ਰਿਤ ਮਨ ਵਿਚਲੇ ਸੁਪਨੇ ਅਤੇ ਜਾਗ੍ਰਿਤ ਮਨ ਦੀਆਂ ਇੱਛਾਵਾਂ ਤਾਜ਼ਗੀ ਭਰਪੂਰ ਅਤੇ ਤੰਦਰੁਸਤ ਹੁੰਦੀਆਂ ਹਨ। ਮਾੜੀਆਂ ਅਤੇ ਮੰਦੀਆਂ ਆਦਤਾਂ ਨਾਲ ਆਦਮੀ ਦਾ ਮਨ ਮਾੜਾ ਤੇ ਮੰਦਾ ਬਣਿਆ ਰਹਿੰਦਾ ਹੈ। ਇਸ ਦਾ ਮਤਲਬ ਇਹ ਬਣਦਾ ਹੈ ਕਿ ਮਨ ਏਨਾ ਤਕੜਾ ਨਹੀਂ ਹੁੰਦਾ ਜਿੰਨੀਆਂ ਇੱਛਾਵਾਂ। ਮਨੁੱਖ ਆਪਣੀ ਸੱਧਰ ਨੂੰ ਸੁੰਦਰ ਤੇ ਪੁਖਤਾ ਬਣਾਉਣ ਦਾ ਸਬਕ ਰੁੱਖ ਤੋਂ ਸਿੱਖ ਸਕਦਾ ਹੈ। 'ਪੁਖ਼ਤਾ' ਸ਼ਬਦ ਫਾਰਸੀ ਭਾਸ਼ਾ ਦਾ ਹੈ। ਪੁਖ਼ਤਾ ਲਫ਼ਜ਼ ਦਾ ਅਰਥ ਪੱਕਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਪੁਖ਼ਤਗੀ ਨਾਲ ਤੁਰਦਾ ਹੈ ਤਾਂ ਮੰਜ਼ਿਲ ਪਾ ਹੀ ਲੈਂਦਾ ਹੈ। ਪੁਖ਼ਤਗੀ ਤੋਂ ਭਾਵ ਅਡੋਲ ਹੋ ਕੇ ਤੁਰਨ ਤੋਂ ਹੈ।

ਹਨੇਰੀ ਵਿਚ ਜੋ ਰੁੱਖ ਝੁਕ ਜਾਂਦਾ ਹੈ, ਉਹ ਬਚ ਜਾਂਦਾ ਹੈ। ਝੁਕਿਆ ਰੁੱਖ ਟੁੱਟਦਾ ਨਹੀਂ ਸਗੋਂ ਹਨੇਰੀ ਤੋਂ ਬਾਅਦ ਆਪਣੀ ਥਾਂ 'ਤੇ ਸਥਿਰ ਹੋ ਕੇ ਖੜ੍ਹਾ ਰਹਿੰਦਾ ਹੈ। ਸੱਧਰਾਂ ਤੋਂ ਅਗਾਂਹ ਹੁੰਦਾ ਹੈ ਸੁਪਨਿਆਂ ਦਾ ਸੰਸਾਰ। ਸੁਪਨੇ, ਸੱਧਰਾਂ, ਕਲਪਨਾ ਅਤੇ ਖ਼ਿਆਲਾਂ ਨੂੰ ਜ਼ਿੰਦਗੀ ਦੀ ਤੋਰ ਲਈ ਮਹੱਤਵਪੂਰਨ ਪੁਲਾਂਘਾਂ ਆਖਿਆ ਜਾ ਸਕਦਾ ਹੈ। ਬਸ, ਸਾਨੂੰ ਹੁਣ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਕੋਲ ਆਪਣੀਆਂ ਸੋਹਣੀਆਂ ਸੱਧਰਾਂ ਅਤੇ ਸੋਹਣੇ ਸੁਪਨੇ ਜ਼ਰੂਰ ਹੋਣੇ ਚਾਹੀਦੇ ਹਨ।

-ਓਮ ਪ੍ਰਕਾਸ਼ ਗਾਸੋ।

ਸੰਪਰਕ : 94635-61123

Posted By: Jagjit Singh