ਵਿਰਲੇ-ਟਾਵੇਂ ਪਰਿਵਾਰ ਐਸੇ ਹੁੰਦੇ ਹਨ, ਜਿਨ੍ਹਾਂ 'ਤੇ ਕਾਦਰ ਦੀ ਵਿਸ਼ੇਸ਼ ਮਿਹਰ ਹੁੰਦੀ ਹੈ। ਅਜਿਹੇ ਪਰਿਵਾਰਾਂ ਵਿਚ ਹੀ ਸ਼ਾਮਲ ਹੈ ਡਾਕਟਰ ਗੁਰਨਾਮ ਸਿੰਘ ਦਾ ਪਰਿਵਾਰ, ਜਿਸ ਨੂੰ ਗੁਰੂ ਦੀ ਕੀਰਤੀ ਗਾਇਨ ਕਰਨ ਦਾ ਸੁਭਾਗ ਪਿਤਾ ਪੁਰਖੀ ਰੂਪ 'ਚ ਪ੍ਰਾਪਤ ਹੋਇਆ। ਡਾ. ਗੁਰਨਾਮ ਸਿੰਘ ਦੇ ਪਿਤਾ ਸ਼੍ਰੋਮਣੀ ਰਾਗੀ ਭਾਈ ਉੱਤਮ ਸਿੰਘ ਪਤੰਗ ਸਨ। ਅੱਗੋਂ ਉਨ੍ਹਾਂ ਦੇ ਤਿੰਨ ਪੁੱਤਰਾਂ ਡਾ. ਗੁਰਨਾਮ ਸਿੰਘ, ਡਾ. ਜਾਗੀਰ ਸਿੰਘ ਤੇ ਡਾ. ਬਚਿੱਤਰ ਸਿੰਘ (ਤਿੰਨੋਂ ਸ਼੍ਰੋਮਣੀ ਰਾਗੀ) 'ਤੇ ਵੀ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ। ਇਨ੍ਹਾਂ ਨੇ ਗੁਰਬਾਣੀ ਗਾਇਨ ਦੇ ਨਾਲ-ਨਾਲ ਗੁਰਮਤਿ ਸੰਗੀਤ ਪ੍ਰਤੀ ਮਾਣਮੱਤੇ ਖੋਜ ਕਾਰਜ ਕੀਤੇ ਹਨ।

ਡਾ. ਗੁਰਨਾਮ ਸਿੰਘ ਗੁਰਮਤਿ ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਸਿੰਘ, ਆਗਰਾ ਘਰਾਣੇ ਦੇ ਪਦਮਸ਼੍ਰੀ ਉਸਤਾਦ ਸੋਹਨ ਸਿੰਘ, ਪਟਿਆਲਾ ਘਰਾਣਾ ਦੇ ਉਸਤਾਦ ਬਾਕਿਰ ਹੁਸੈਨ ਤੇ ਪ੍ਰਿੰਸੀਪਲ ਐੱਸਐੱਸ ਕਰੀਰ ਦੇ ਲਾਡਲੇ ਸ਼ਿਸ਼ ਰਹੇ ਹਨ। ਡਾ. ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ 'ਚ ਵੱਖ-ਵੱਖ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 122 ਖੋਜ ਪੱਤਰ ਤੇ 200 ਤੋਂ ਵੱਧ ਖੋਜ ਲੇਖ ਲਿਖੇ ਹਨ, ਜਿਨ੍ਹਾਂ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਪ੍ਰਕਾਸ਼ਕਾਂ ਨੇ ਛਾਪਿਆ ਹੈ। ਉਨ੍ਹਾਂ ਦੇ ਵਿਸ਼ੇਸ਼ ਕਾਰਜਾਂ 'ਚੋਂ ਯੂਜੀਸੀ ਪ੍ਰਾਜੈਕਟ ਲਈ 9 ਵੀਡੀਓ ਲੈਕਚਰ, 26 ਆਡੀਓ ਰਿਕਾਰਡਿੰਗਜ਼, 4 ਵੀਡੀਓ ਰਿਕਾਰਡਿੰਗਜ਼, 5 ਡਾਕੂਮੈਂਟਰੀ ਫ਼ਿਲਮਾਂ, 6 ਸਿਗਨੇਚਰ ਧੁਨਾਂ ਆਦਿ ਤਿਆਰ ਕਰਨਾ ਸ਼ਾਮਲ ਹੈ।

ਸਿੱਖ ਮਿਊਜ਼ੀਕਾਲੋਜੀ, ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਉਨ੍ਹਾਂ ਦੀ ਖੋਜ ਵਿਸ਼ਵ ਪੱਧਰੀ ਮੰਨੀ ਜਾਂਦੀ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗਾਂ ਦੇ ਮੁਖੀ ਰਹੇ ਹਨ। ਇਸ ਮਗਰੋਂ ਪਟਿਆਲਾ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਵਿਭਾਗ ਦੇ ਬਾਨੀ ਤੇ ਮੁਖੀ ਵਜੋਂ ਉਨ੍ਹਾਂ ਦੇ ਕਾਰਜ ਤੇ ਪ੍ਰਾਪਤੀਆਂ ਵੀ ਬੇਹੱਦ ਜ਼ਿਕਰਯੋਗ ਹਨ। ਸਾਲ 2003 ਵਿਚ ਉਨ੍ਹਾਂ ਨੇ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ ਦੀ ਚੇਅਰਪਰਸਨ ਡਾ. ਜਸਬੀਰ ਕੌਰ ਖ਼ਾਲਸਾ ਦੇ ਵਿੱਤੀ ਸਹਿਯੋਗ ਨਾਲ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਕਰਵਾਈ। 2005 ਵਿਚ ਤਤਕਾਲੀ ਉਪ ਕੁਲਪਤੀ ਡਾ. ਐੱਸਐੱਸ ਬੋਪਾਰਾਏ ਦੀ ਸਰਪ੍ਰਸਤੀ ਹੇਠ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਵਿਭਾਗ ਦੀ ਸ਼ੁਰੂਆਤ ਕੀਤੀ ਗਈ। 2007 ਵਿੱਚ ਇਥੇ ਗੁਰਮਤਿ ਸੰਗੀਤ ਭਵਨ ਦੀ ਸਥਾਪਨਾ ਕੀਤੀ ਗਈ। 2010 ਵਿਚ ਸੰਤ ਸੁੱਚਾ ਸਿੰਘ ਆਰਕਾਈਵਜ ਆਫ ਮਿਊਜ਼ਿਕ, 2011 ਵਿਚ ਅਖੰਡ ਕੀਰਤਨੀ ਜਥਾ ਸਰੀ (ਕੈਨੇਡਾ) ਦੇ ਵਿੱਤੀ ਸਹਿਯੋਗ ਨਾਲ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ 2014 ਵਿਚ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ, 2016 ਵਿਚ ਸਵਰਗੀ ਰਾਗੀ ਭਾਈ ਅਵਤਾਰ ਸਿੰਘ ਦਿੱਲੀ ਦੇ ਪਰਿਵਾਰ ਦੇ ਮਾਲੀ ਸਹਿਯੋਗ ਨਾਲ ਭਾਈ ਜਵਾਲਾ ਰਾਗੀ ਆਡੀਟੋਰੀਅਮ ਅਤੇ 2017 ਵਿਚ ਤੇਜ ਪ੍ਰਤਾਪ ਸੰਧੂ ਦੇ ਸਹਿਯੋਗ ਨਾਲ 'ਰਾਗ ਰਤਨ ਆਰਟ ਗੈਲਰੀ' ਦੀ ਸਥਾਪਨਾ ਕਰਵਾਈ।

ਇਸ ਤੋਂ ਇਲਾਵਾ ਉਨ੍ਹਾਂ ਨੇ 2003 ਤੋਂ 'ਗੁਰਮਤਿ ਸੰਗੀਤ ਉਤਸਵ' ਆਰੰਭ ਕਰਵਾਇਆ, ਜਿਹੜਾ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਸ਼ਾਸਤਰੀ ਸੰਗੀਤ ਨੂੰ ਹੱਲਾਸ਼ੇਰੀ ਦੇਣ ਲਈ ਯੂਨੀਵਰਸਿਟੀ ਵਿਚ 'ਭਾਈ ਮਰਦਾਨਾ ਜੀ ਸ਼ਾਸਤਰੀ ਸੰਗੀਤ ਸੰਮੇਲਨ' ਆਰੰਭ ਕਰਵਾਇਆ। ਪੰਜਾਬ ਦੇ ਸ਼ਾਸਤਰੀ ਸੰਗੀਤਕਾਰਾਂ ਲਈ 'ਪੰਜਾਬ ਸੰਗੀਤ ਰਤਨ ਐਵਾਰਡ' ਦੀ ਸਥਾਪਨਾ ਕੀਤੀ। 'ਪਦਮਸ਼੍ਰੀ ਉਸਤਾਦ ਸੋਹਨ ਸਿੰਘ ਸੰਮ੍ਰਿਤੀ ਸਮਾਰੋਹ' ਦੀ ਸ਼ੁਰੂਆਤ ਤੇ ਸ਼ਾਸਤਰੀ ਸੰਗੀਤ ਵਿਚ ਪ੍ਰਚਲਿਤ ਪੰਜਾਬੀ ਬੰਦਿਸ਼ਾਂ ਬਾਰੇ 'ਪੰਜਾਬੀ ਬੰਦਿਸ਼ਾਂ' ਪੁਸਤਕ ਦਾ ਪ੍ਰਕਾਸ਼ਨ ਕਰਵਾਇਆ। ਡਾ. ਗੁਰਨਾਮ ਸਿੰਘ ਅਮਰੀਕਾ ਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਸੰਗੀਤ ਤੇ ਗੁਰਮਤਿ ਸੰਗੀਤ ਕੇਂਦਰ ਚਲਾ ਰਹੇ ਹਨ, ਉੱਥੇ ਗੁਰਮਤਿ ਸੰਗੀਤ ਦਰਬਾਰ, ਸਿਖਲਾਈ ਵਰਕਸ਼ਾਪ, ਪ੍ਰਤਿਯੋਗਤਾਵਾਂ ਤੇ ਸੈਮੀਨਾਰ ਵੀ ਕਰਵਾਉਂਦੇ ਹਨ।

ਡਾ. ਗੁਰਨਾਮ ਸਿੰਘ ਦੇ ਸ਼ਾਗਿਰਦਾਂ ਦਾ ਘੇਰਾ ਵਿਸ਼ਵ ਪੱਧਰੀ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਲੈ ਕੇ ਅਮਰੀਕਾ ਦੇ ਵ੍ਹਾਈਟ ਹਾਊਸ ਤਕ ਉਨ੍ਹਾਂ ਦੇ ਸ਼ਾਗਿਰਦ ਕਾਰਜਸ਼ੀਲ ਹਨ। ਉਨ੍ਹਾਂ ਦੀ ਅਗਵਾਈ ਹੇਠ ਅਣਗਿਣਤ ਵਿਦਿਆਰਥੀਆਂ ਨੇ ਪੀਐੱਚਡੀ ਤੇ ਹੋਰ ਖੋਜ ਕਾਰਜ ਕੀਤੇ। ਉਨ੍ਹਾਂ ਦੇ ਸ਼ਾਗਿਰਦ ਅਨੇਕਾਂ ਤਾਲੀਮੀ ਅਦਾਰਿਆਂ 'ਚ ਬਤੌਰ ਡੀਨ, ਪ੍ਰੋਫੈਸਰ, ਟੀਚਰ, ਗਾਇਕ, ਸੰਗੀਤ ਨਿਰਦੇਸ਼ਕ ਤੇ ਨਿਰਮਾਤਾ ਵਜੋਂ ਨਾਮਣਾ ਖੱਟ ਰਹੇ ਨੇ।

ਡਾ. ਸਾਹਿਬ ਨੇ ਗੁਰੂ ਘਰ ਦੇ ਤੰਤੀ ਸਾਜ਼ਾਂ ਦੀ ਸਿਖਲਾਈ ਗੁਰਮਤਿ ਸੰਗੀਤ ਵਿਚ ਲਾਗੂ ਕਰਵਾਈ। ਉਨ੍ਹਾਂ ਨੇ ਰਬਾਬ ਬਾਰੇ ਖੋਜ ਕਰ ਕੇ ਘਾੜਤ ਘੜਵਾਈ, ਟ੍ਰੇਨਿੰਗ ਵਰਕਸ਼ਾਪਾਂ ਲਗਵਾਈਆਂ ਤੇ ਰਬਾਬੀ ਉਸਤਾਦਾਂ ਨੂੰ ਲੱਭਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ੁਦ ਤਾਊਸ ਗਾਇਨ ਸ਼ੁਰੂ ਕੀਤਾ ਤੇ ਅਨੇਕਾਂ ਵਿਦਿਆਰਥੀ ਤਿਆਰ ਕੀਤੇ, ਜਿਹੜੇ ਸ੍ਰੀ ਹਰਿਮੰਦਰ ਸਾਹਿਬ ਵਿਚ ਰਾਗੀਆਂ ਨਾਲ ਸੰਗਤ ਕਰਦੇ ਹਨ।

ਉਨ੍ਹਾਂ ਦੀ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 2001 ਵਿਚ ਉਨ੍ਹਾਂ ਨੂੰ 'ਸ਼੍ਰੋਮਣੀ ਰਾਗੀ ਐਵਾਰਡ' ਦਿੱਤਾ ਗਿਆ। 2003 ਵਿਚ ਸੰਗੀਤ ਨਾਟਕ ਅਕੈਡਮੀ ਵੱਲੋਂ ਸੀਨੀਅਰ ਫੈਲੋਸ਼ਿਪ ਦਿੱਤੀ ਗਈ। 2010 ਵਿਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ, 2011 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਐਵਾਰਡ, 2017 ਵਿਚ ਭਾਈ ਨੰਦ ਲਾਲ ਗੁਰ ਹਰਜਸ ਸਨਮਾਨ, ਵਿਸਮਾਦ ਨਾਦ ਜਵੱਦੀ ਟਕਸਾਲ ਵੱਲੋਂ ਗੁਰਮਤਿ ਸੰਗੀਤ ਐਵਾਰਡ, ਹਰਿਵੱਲਭ ਸੰਗੀਤ ਸੰਮੇਲਨ ਵੱਲੋਂ ਬੈਸਟ ਰਾਗੀ ਐਵਾਰਡ ਅਤੇ ਐਜੂਕੇਸ਼ਨਜ਼ ਤੇ ਚੀਫ ਖ਼ਾਲਸਾ ਦੀਵਾਨ ਵੱਲੋਂ ਵਿਸ਼ੇਸ਼ ਐਵਾਰਡ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀਆਂ ਵਿਸ਼ਵ ਵਿਆਪੀ ਸੰਗੀਤਕ ਖ਼ਿਦਮਾਤ ਦੇ ਪੇਸ਼-ਏ-ਨਜ਼ਰ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਇਸ ਸਾਲ 6 ਫਰਵਰੀ ਨੂੰ ਕੌਮੀ ਪੱਧਰ ਦੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਨਵਾਜਿਆ ਗਿਆ।

ਡਾ. ਗੁਰਨਾਮ ਸਿੰਘ ਦੀ ਅਗਵਾਈ ਹੇਠ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਰੰਤਰ ਯਤਨ ਕਰ ਰਹੇ ਜਸਬੀਰ ਸਿੰਘ ਜਵੱਦੀ ਕਲਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਸੰਨ 1991 ਵਿਚ ਜਵੱਦੀ ਵਿਖੇ ਸੰਤ ਸੁੱਚਾ ਸਿੰਘ ਵੱਲੋਂ ਕਰਵਾਏ ਪਹਿਲੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਮੇਂ ਬੀਬੀ ਜਸਬੀਰ ਕੌਰ (ਸਚਖੰਡ ਵਾਸੀ) ਦੀ ਪ੍ਰੇਰਨਾ ਸਦਕਾ ਜਸਬੀਰ ਸਿੰਘ ਨੇ ਅਣਥੱਕ ਸੇਵਾਵਾਂ ਨਿਭਾਈਆਂ ਤੇ ਓਦੋਂ ਤੋਂ ਹੁਣ ਤਕ ਤਨਦੇਹੀ ਨਾਲ ਇਹ ਸੇਵਾਵਾਂ ਨਿਭਾ ਰਹੇ ਨੇ। ਇਸੇ ਨੂੰ ਵੇਖਦਿਆਂ ਡਾ. ਗੁਰਨਾਮ ਸਿੰਘ ਉਨਾਂ ਨੂੰ ਆਪਣੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੈ ਗਏ।

ਡਾ. ਗੁਰਨਾਮ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਬਤੌਰ ਪ੍ਰੋਫੈਸਰ ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੇ ਆਪਣਾ ਅਕਾਦਮਿਕ ਸਫ਼ਰ 1983 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਆਰੰਭ ਕੀਤਾ ਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ਇਲਾਵਾ ਹਾਫਸਟਰਾ ਯੂਨੀਵਰਸਿਟੀ (ਅਮਰੀਕਾ) ਦੇ ਵਿਜ਼ਟਿੰਗ ਸਕਾਲਰ, ਫੈਕਲਟੀ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਮਿਕ ਦੇ ਉੱਚ ਅਹੁਦਿਆਂ ਤੋਂ ਇਲਾਵਾ ਅਕਾਦਮਿਕ ਕੌਂਸਲ, ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਵੀ ਰਹੇ। ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਸਰਕਰਦਾ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।

J ਤੀਰਥ ਸਿੰਘ ਢਿੱਲੋਂ

98154-61710

Posted By: Harjinder Sodhi