-ਨਵਦੀਪ ਸਿੰਘ ਭਾਟੀਆ

ਆਮ ਕਿਹਾ ਜਾਂਦਾ ਹੈ ਕਿ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਸਾਨੂੰ ਗ਼ਲਤੀ ਦਰ ਗ਼ਲਤੀ ਕਰਨ ਦਾ ਲਾਇਸੈਂਸ ਮਿਲ ਗਿਆ ਹੈ। ਕਈ ਵਾਰ ਕੀਤੀ ਗਈ ਨਿੱਕੀ ਜਿਹੀ ਗ਼ਲਤੀ ਵੀ ਬਹੁਤ ਭਾਰੂ ਸਿੱਧ ਹੁੰਦੀ ਹੈ ਜਿਸ ਕਾਰਨ ਇਨਸਾਨ ਨੂੰ ਤਾਉਮਰ ਪਛਤਾਉਣਾ ਪੈ ਸਕਦਾ ਹੈ। ਮੰਨਿਆ ਕਿ ਸਾਡੇ ਕੋਲੋਂ ਸਮਾਜ 'ਚ ਵਿਚਰਦਿਆਂ ਜਾਣੇ-ਅਨਜਾਣੇ ਕੋਈ ਨਾ ਕੋਈ ਗ਼ਲਤੀ ਹੁੰਦੀ ਰਹਿੰਦੀ ਹੈ। ਕੁਝ ਗ਼ਲਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਰਨ ਦੀ ਸਾਡੀ ਕੋਈ ਮਨਸ਼ਾ ਨਹੀਂ ਹੁੰਦੀ, ਇਹ ਅਚਾਨਕ ਹੋ ਜਾਂਦੀਆਂ ਹਨ।

ਕੁਝ ਗ਼ਲਤੀਆਂ ਅਜਿਹੀਆਂ ਹੁੰਦੀਆਂ ਹਨ ਜੋ ਸਾਡੀ ਬੇਵਕੂਫ਼ੀ ਜਾਂ ਨਾਸਮਝੀ ਕਾਰਨ ਹੋ ਜਾਂਦੀਆਂ ਹਨ। ਇਨ੍ਹਾਂ ਦਾ ਅਸਰ ਕੁਝ ਚਿਰ ਲਈ ਸਾਡੇ 'ਤੇ ਜ਼ਰੂਰ ਪੈਂਦਾ ਹੈ ਅਤੇ ਅਸੀਂ ਉਸ ਦੇ ਸਿੱਟਿਆਂ ਨੂੰ ਫਿਰ ਭੁੱਲ ਜਾਂਦੇ ਹਾਂ। ਉਹੀ ਗ਼ਲਤੀਆਂ ਕੁਝ ਅਰਸੇ ਬਾਅਦ ਫਿਰ ਹੋ ਜਾਂਦੀਆਂ ਹਨ ਜਿਸ ਕਾਰਨ ਅਸੀਂ ਪਛਤਾਉਣ ਲੱਗਦੇ ਹਾਂ। ਵਾਰ-ਵਾਰ ਗ਼ਲਤੀਆਂ ਕਰਨਾ ਸਾਡੀ ਸਿਆਣਪ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਸਾਨੂੰ ਸੋਚਣਾ ਚਾਹੀਦਾ ਹੈ ਕਿ ਕਿਉਂ ਸਾਡੇ ਕੋਲੋਂ ਵਾਰ-ਵਾਰ ਗ਼ਲਤੀਆਂ ਹੋਈ ਜਾ ਰਹੀਆਂ ਹਨ। ਕਿਉਂ ਅਸੀਂ ਆਪਣੀਆਂ ਪਿਛਲੀਆਂ ਗ਼ਲਤੀਆਂ ਅਤੇ ਤਜਰਬਿਆਂ ਤੋਂ ਕੁਝ ਨਹੀਂ ਸਿੱਖਿਆ? ਜੇਕਰ ਅਸੀਂ ਗ਼ਲਤੀਆਂ ਤੋਂ ਸਬਕ ਨਹੀਂ ਸਿੱਖਦੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਬਿਰਤੀ ਪਸ਼ੂ ਸਮਾਨ ਹੈ। ਗ਼ਲਤੀਆਂ ਬਾਰੇ ਕਿਆ ਖ਼ੂਬ ਲਿਖਿਆ ਗਿਆ ਹੈ :'ਜੋ ਕਭੀ ਗ਼ਲਤੀ ਨਾ ਕਰੇ, ਉਸੇ ਭਗਵਾਨ ਕਹਤੇ ਹੈਂ। ਜੋ ਗ਼ਲਤੀ ਕਰਕੇ ਸੁਧਾਰੇ, ਉਸੇ ਇਨਸਾਨ ਕਹਤੇ ਹੈਂ। ਜੋ ਗ਼ਲਤੀ ਪੇ ਗ਼ਲਤੀ ਕਰੇ, ਉਸੇ ਹੈਵਾਨ ਕਹਤੇ ਹੈਂ।' ਅਸੀ ਰੱਬ ਨਹੀਂ ਬਣ ਸਕਦੇ। ਇਨਸਾਨ ਜਾਂ ਹੈਵਾਨ ਜ਼ਰੂਰ ਬਣ ਸਕਦੇ ਹਾਂ। ਜੇ ਪਹਿਲਾਂ ਕੀਤੀ ਗ਼ਲਤੀ ਨੂੰ ਨਾ ਦੁਹਰਾਈਏ ਤੇ ਪੁਰਾਣੀਆਂ ਗ਼ਲਤੀਆਂ ਤੋਂ ਕੁਝ ਸਿੱਖ ਲਈਏ ਤਾਂ ਅਸੀਂ ਇਨਸਾਨਾਂ ਵਾਲੀ ਸ਼੍ਰੇਣੀ 'ਚ ਆ ਜਾਂਦੇ ਹਾਂ। ਜਦੋਂ ਬੰਦਾ ਗ਼ਲਤੀਆਂ ਕਰੀ ਜਾਵੇ ਤਾਂ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ, 'ਕੀ ਕਰੀ ਜਾਨੈ? ਜਾਨਵਰ ਏਂ ਤੂੰ?' ਦੁਨੀਆ 'ਚ ਸਭ ਤੋਂ ਵੱਧ ਅਕਲਮੰਦ ਜੀਵ ਮਨੁੱਖ ਨੂੰ ਮੰਨਿਆ ਗਿਆ ਹੈ ਪਰ ਜੇ ਉਹ ਗ਼ਲਤੀਆਂ ਕਾਰਨ ਵਾਰ-ਵਾਰ ਨਾਕਾਮ ਹੁੰਦਾ ਹੈ ਤਾਂ ਸਾਰਾ ਕਸੂਰ ਉਸ ਦਾ ਹੀ ਹੁੰਦਾ ਹੈ।

ਸਾਨੂੰ ਚਾਹੀਦਾ ਹੈ ਕਿ ਜ਼ਿੰਦਗੀ 'ਚ ਫ਼ੈਸਲੇ ਲੈਣ ਤੋਂ ਪਹਿਲਾਂ ਅਕਲ ਤੋਂ ਜ਼ਰੂਰ ਕੰਮ ਲਈਏ ਤੇ ਵਾਰ-ਵਾਰ ਗ਼ਲਤੀ ਕਰਨ ਤੋਂ ਗੁਰੇਜ਼ ਕਰੀਏ।

(98767-29056)।

Posted By: Jagjit Singh