ਕਈ ਲੋਕ ਹਾਰ ਤੋਂ ਡਰ ਜਾਂਦੇ ਹਨ ਪਰ ਹਾਰਨਾ ਕਮਜ਼ੋਰੀ ਨਹੀਂ ਹੈ। ਮੁਕਾਬਲੇ ਅਜਿਹੀ ਅਦਭੁਤ ਚੀਜ਼ ਹਨ ਜੋ ਵਿਅਕਤੀ ਨੂੰ ਲਗਾਤਾਰ ਤਾਕਤਵਰ ਬਣਾਈ ਰੱਖਦੇ ਹਨ ਅਤੇ ਉਸ ਨੂੰ ਨਵੀਆਂ-ਨਵੀਆਂ ਚੁਣੌਤੀਆਂ ਨਾਲ ਸਿੱਝਣ ਲਈ ਸ਼ਕਤੀ ਦਿੰਦੇ ਹਨ। ਇਹ ਦੂਜਿਆਂ ਨਾਲ ਆਪਣੀ ਤੁਲਨਾ ਕਰਨ ਦੀ ਭਾਵਨਾ ਨੂੰ ਤਾਕਤ ਦਿੰਦੇ ਹਨ ਜਿਸ ਸਦਕਾ ਹਾਰ-ਜਿੱਤ ਦਾ ਮਤਲਬ ਬਦਲ ਜਾਂਦਾ ਹੈ। ਕਦੇ ਵੀ ਇਹ ਸੋਚਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਕਿ ਹਾਰਨਾ ਅਤੇ ਕਮਜ਼ੋਰ ਹੋਣਾ ਇੱਕੋ ਚੀਜ਼ ਹੈ। ਸਿਹਤਮੰਦ ਮਾਨਸਿਕਤਾ ਵਾਲੇ ਮੁਕਾਬਲੇ ਅਜਿਹੀ ਤੰਗ ਸੋਚ ਤੋਂ ਪਰੇ ਰਹਿੰਦੇ ਹਨ। ਤੁਸੀਂ ਹਾਰਨ ਜਾਂ ਜਿੱਤਣ ਤੋਂ ਬਾਅਦ ਉਹੀ ਰਹਿੰਦੇ ਹੋ ਜੋ ਤੁਸੀਂ ਸੀ। ਜੀਵਨ ਚੱਲਦਾ ਰਹਿੰਦਾ ਹੈ। ਸ਼ੁਰੂਆਤੀ ਧੱਕਾ ਸਹਿਣ ਤੋਂ ਬਾਅਦ ਤੁਸੀਂ ਸ਼ਾਂਤੀ ਨਾਲ ਬੈਠ ਕੇ ਸੋਚ ਸਕਦੇ ਹੋ ਕਿ ਭੁੱਲ-ਚੁੱਕ ਕਿੱਥੇ ਹੋਈ ਹੈ ਅਤੇ ਕਿਹੜੇ ਮਾਮਲਿਆਂ ਵਿਚ ਤੁਸੀਂ ਜ਼ਿਆਦਾ ਤਾਕਤਵਰ ਹੋ? ਆਮ ਤੌਰ 'ਤੇ ਅਸੀਂ ਨਿੱਜੀ ਕਾਰਨਾਂ ਕਾਰਨ ਆਪਣੇ ਦਿਮਾਗ 'ਚ ਮੁਕਾਬਲੇ ਦੀ ਕਲਪਨਾ ਕਰ ਲੈਂਦੇ ਹਾਂ। ਮੁਕਾਬਲਾ ਹੋਵੇਗਾ ਤਾਂ ਹਾਰ-ਜਿੱਤ ਤਾਂ ਹੋਣੀ ਹੀ ਹੈ। ਕਿਸੇ ਵੀ ਕੰਮ 'ਚ ਕਦੇ ਵੀ ਨਾ ਜਿੱਤ ਦੀ ਗਾਰੰਟੀ ਹੁੰਦੀ ਹੈ, ਨਾ ਹਾਰ ਦੀ। ਜਿਸ ਤਰ੍ਹਾਂ ਖੇਡ ਦੇ ਮੈਦਾਨ 'ਚ ਚੰਗਾ ਖਿਡਾਰੀ ਉਸ ਨੂੰ ਮੰਨਿਆ ਜਾਂਦਾ ਹੈ ਜਿਸ 'ਚ ਹਾਰ ਨੂੰ ਸਹਾਰਨ ਦਾ ਮਾਦਾ ਹੋਵੇ, ਠੀਕ ਉਸੇ ਤਰ੍ਹਾਂ ਜੋ ਲੋਕ ਜੀਵਨ 'ਚ ਹਾਰ ਨੂੰ ਹਾਂ-ਪੱਖੀ ਸੋਚ ਨਾਲ ਸਵੀਕਾਰ ਕਰਦੇ ਹਨ ਤੇ ਉਸ ਤੋਂ ਬਾਅਦ ਨਿਰਾਸ਼ ਨਾ ਹੋ ਕੇ ਕਾਮਯਾਬੀ ਲਈ ਉੱਠ ਖੜ੍ਹੇ ਹੁੰਦੇ ਹਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ। ਜੇ ਢੇਰੀ ਢਾਹ ਕੇ ਬੈਠ ਗਏ ਤਾਂ ਕਾਮਯਾਬੀ ਦੂਰ ਹੁੰਦੀ ਜਾਵੇਗੀ। ਅੱਜਕੱਲ੍ਹ ਜ਼ਿਆਦਾਤਰ ਲੋਕ ਅਜਿਹੇ ਹੀ ਮਿਲਣਗੇ ਜੋ ਨਿਰਾਸ਼ਾ-ਹਤਾਸ਼ਾ ਦਾ ਸ਼ਿਕਾਰ ਹਨ। ਕਈ ਤਾਂ ਮਸਲਿਆਂ ਅੱਗੇ ਹਥਿਆਰ ਸੁੱਟ ਕੇ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ। ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਲੋਕ ਹੋਰਾਂ ਦੀ ਜਾਨ ਲੈਣ ਤੋਂ ਬਾਅਦ ਆਤਮਘਾਤ ਕਰ ਲੈਂਦੇ ਹਨ। ਅਜਿਹੇ ਲੋਕਾਂ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਉਨ੍ਹਾਂ ਨੇ ਜੀਵਨ ਵਿਚ ਮੁਸ਼ਕਲਾਂ ਤੋਂ ਹਾਰ ਮੰਨ ਲਈ ਹੁੰਦੀ ਹੈ। ਜੇ ਲੋਕ ਜ਼ਿੰਦਗੀ ਦੀ ਉਲਝੀ ਤਾਣੀ ਨੂੰ ਹੌਲੀ-ਹੌਲੀ ਸੁਲਝਾਉਣ ਦਾ ਵੱਲ ਸਿੱਖ ਲੈਣ ਤਾਂ ਆਪਣੀ ਜਾਨ ਦੇਣ ਅਤੇ ਹੋਰਾਂ ਦੀ ਜਾਨ ਲੈਣ ਦੀ ਨੌਬਤ ਹੀ ਨਾ ਆਵੇ। ਸੋ, ਕਾਮਯਾਬੀ ਲਈ ਜ਼ਰੂਰੀ ਹੈ ਕਿ ਹਾਰ ਤੋਂ ਨਿਰਾਸ਼ ਹੋਣ ਦੀ ਥਾਂ ਉਸ ਤੋਂ ਸਬਕ ਸਿੱਖ ਕੇ ਜ਼ੋਰਦਾਰ ਹੰਭਲੇ ਮਾਰੇ ਜਾਣ।

-ਨਰਿੰਦਰ ਭੱਪਰ ਝਬੇਲਵਾਲੀ। (96462-08088)

Posted By: Jagjit Singh