ਇਕ-ਦੂਜੇ ਨੂੰ ਸੁਝਾਅ ਦੇਣਾ ਲੋਕ ਆਪਣਾ ਹੱਕ ਸਮਝਦੇ ਹਨ ਪਰ ਖ਼ੁਦ ਨੂੰ ਸੁਝਾਅ ਦੇਣਾ ਜ਼ਰੂਰੀ ਨਹੀਂ ਸਮਝਦੇ ਜਦਕਿ ਇਨਸਾਨ ਦੀ ਸਫ਼ਲਤਾ ਤੇ ਤਰੱਕੀ ਦਾ ਸੂਚਕ ਸਵੈ-ਸੁਝਾਅ ਹੀ ਹੈ। ਸਵੈ-ਸੁਝਾਅ ਯਾਨੀ ਖ਼ੁਦ ਨੂੰ ਕਿਸੇ ਨਿਸ਼ਚਿਤ ਤੇ ਵਿਸ਼ੇਸ਼ ਗੱਲ ਦਾ ਸੁਝਾਅ ਦੇਣਾ। ਵਿਅਕਤੀ ਜਦੋਂ ਪਰੇਸ਼ਾਨੀ, ਪੀੜ ਤੇ ਤਣਾਅ ਦੇ ਦੌਰ 'ਚੋਂ ਗੁਜ਼ਰ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਉਹ ਆਪਣੀ ਚੇਤਨਾ ਗੁਆ ਦਿੰਦਾ ਹੈ। ਡਾ. ਜੋਸੇਫ਼ ਮਰਫ਼ੀ ਨੇ ਲਿਖਿਆ ਹੈ ਕਿ ਚਿੰਤਾ, ਅਸਫ਼ਲਤਾ ਤੇ ਤਣਾਅ ਸਮੇਂ ਸਵੈ-ਸੁਝਾਅ ਵਿਅਕਤੀ ਨੂੰ ਹਰ ਪਰੇਸ਼ਾਨੀ ਤੋਂ ਉਭਾਰਨ 'ਚ ਸਹਿਯੋਗ ਕਰਦਾ ਹੈ। ਅਜਿਹੇ ਸਮੇਂ ਸਰੀਰ ਢਿੱਲਾ ਛੱਡ ਕੇ ਅੱਖਾਂ ਬੰਦ ਕਰ ਲਓ ਤੇ ਖ਼ੁਦ ਨੂੰ ਕਹੋ ਕਿ ਤੁਸੀਂ ਅਸਫ਼ਲਤਾ ਨੂੰ ਜਲਦ ਹੀ ਸਫ਼ਲਤਾ 'ਚ ਬਦਲ ਦਿਓਗੇ। ਜਦੋਂ ਇਹ ਸਵੈ-ਸੁਝਾਅ ਵਿਅਕਤੀ ਦੇ ਅਵਚੇਤਨ ਮਨ 'ਤੇ ਉੱਕਰ ਜਾਵੇਗਾ ਤਾਂ ਕੁਝ ਹੀ ਸਮੇਂ 'ਚ ਸਫ਼ਲਤਾ ਵਿਅਕਤੀ ਦੀ ਦਾਸੀ ਬਣ ਜਾਵੇਗੀ। ਇਹ ਜ਼ਰੂਰ ਧਿਆਨ ਰੱਖੋ ਕਿ ਸਵੈ-ਸੁਝਾਅ ਹਮੇਸ਼ਾ ਹਾਂਪੱਖੀ ਹੋਣ। ਜੇ ਹਾਂਪੱਖੀ ਸਵੈ-ਸੁਝਾਅ ਨੂੰ ਇਨਸਾਨ ਆਪਣੀ ਜ਼ਿੰਦਗੀ ਦਾ ਇਕ ਅੰਗ ਬਣਾ ਲਵੇ ਤਾਂ ਉਸ ਦੇ ਅਵਚੇਤਨ ਮਨ ਦੀਆਂ ਸ਼ਕਤੀਆਂ ਸੁਝਾਅ ਦੀ ਪ੍ਰਕਿਰਤੀ ਅਨੁਸਾਰ ਕੰਮ ਕਰਨ ਲੱਗਦੀਆਂ ਹਨ।

ਅਸਫ਼ਲਤਾ ਉਦੋਂ ਹੀ ਮਿਲਦੀ ਹੈ, ਜਦੋਂ ਇਨਸਾਨ ਇਹ ਸੋਚਦਾ ਹੈ ਕਿ ਪਤਾ ਨਹੀਂ ਉਹ ਕੰਮ ਕਰ ਸਕੇਗਾ ਜਾਂ ਨਹੀਂ ਜਾਂ ਕਿਤੇ ਇਹ ਫੇਲ੍ਹ ਤਾਂ ਨਹੀਂ ਹੋ ਜਾਵੇਗਾ। ਇਨ੍ਹਾਂ ਗੱਲਾਂ ਨੂੰ ਮਨ 'ਚ ਸੋਚਣ ਤੋਂ ਪਹਿਲਾਂ ਵਿਅਕਤੀ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਅਣਚਾਹੇ ਹੀ ਅਜਿਹਾ ਕਰ ਕੇ ਉਹ ਆਪਣੇ ਅਵਚੇਤਨ ਮਨ 'ਚ ਨਾਂਹਪੱਖੀ ਸਵੈ-ਸੁਝਾਅ ਦਾ ਬੀਜ ਬੋ ਦਿੰਦਾ ਹੈ, ਜਿਸ ਦਾ ਨਤੀਜਾ ਉਸ ਨੂੰ ਅਸਫ਼ਲਤਾ ਦੇ ਰੂਪ 'ਚ ਮਿਲਦਾ ਹੈ। ਲਿਹਾਜ਼ਾ ਆਪਣੇ ਅਵਚੇਤਨ ਮਨ 'ਚ ਹਮੇਸ਼ਾ ਹਾਂਪੱਖੀ ਤੇ ਚੰਗੀਆਂ ਭਾਵਨਾਵਾਂ ਦਾ ਵਿਕਾਸ ਕਰੋ। ਵੈਸੇ ਵੀ ਰਿਚਰਡ ਹੂਕਰ ਕਹਿੰਦੇ ਹਨ ਕਿ ਇਨਸਾਨ ਉਦੋਂ ਟੁੱਟਦਾ ਹੈ, ਜਦੋਂ ਉਹ ਖ਼ੁਦ ਤੋਂ ਹਾਰ ਜਾਂਦਾ ਹੈ। ਇਸ ਲਈ ਹਮੇਸ਼ਾ ਆਪਣੀ ਹਿੰਮਤ ਬਣਾਈ ਰੱਖੋ। ਕਈ ਵਾਰ ਅਸੀਂ ਸਾਰੇ ਦੂਜੇ ਲੋਕਾਂ ਨੂੰ ਬੜੀ ਬੇਸਬਰੀ ਨਾਲ ਸੁਝਾਅ ਦੇਣ ਨੂੰ ਤਿਆਰ ਰਹਿੰਦੇ ਹਾਂ ਪਰ ਆਪਣਾ ਕੰਮ ਕਰਦੇ ਸਮੇਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਤਾਂ ਹਮੇਸ਼ਾ ਸਹੀ ਹਾਂ। ਇਹੋ ਭਾਵਨਾ ਗ਼ਲ਼ਤੀ ਕਰਵਾਉਂਦੀ ਹੈ। ਇਸੇ ਭਾਵਨਾ ਨੂੰ ਸਵੈ-ਸੁਝਾਅ 'ਚ ਤਬਦੀਲ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਕੋਈ ਵੀ ਕੰਮ ਕਰੀਏ, ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰੀਏ ਤਾਂ ਜ਼ਰੂਰੀ ਹੈ ਕਿ ਦੂਜਿਆਂ ਦੇ ਸੁਝਾਆਂ ਨੂੰ ਜਾਣਨ ਤੇ ਸੁਣਨ ਨਾਲ ਆਪਣੇ ਸਵੈ-ਸੁਝਾਅ ਦਾ ਵੀ ਮੁਲਾਂਕਣ ਕਰੀਏ। ਸਵੈ-ਸੁਝਾਅ ਦੇ ਕੇ ਇਨਸਾਨ ਨਾ ਸਿਰਫ਼ ਸਮੱਸਿਆ ਦਾ ਹੱਲ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਸਗੋਂ ਉਹ ਕੰਮ ਨੂੰ ਵੀ ਸਫ਼ਲਤਾਪੂਰਵਕ ਪੂਰਾ ਕਰ ਸਕਦਾ ਹੈ।

ਰੇਨੂੰ ਸੈਣੀ

Posted By: Jagjit Singh