Diwali 2021 Date : ਹਿੰਦੂ ਧਰਮ 'ਚ ਦੀਵਾਲੀ ਦਾ ਤਿਉਹਾਰ ਹਰ ਸਾਲ ਖਾਸ ਹੁੰਦਾ ਹੈ ਪਰ ਜੋਤਿਸ਼ ਦੀ ਨਜ਼ਰ ਤੋਂ ਵੀ ਇਹ ਦੀਵਾਲੀ ਖਾਸ ਹੋਣ ਵਾਲੀ ਹੈ। ਇਸ ਸਾਲ ਦੀਵਾਲੀ ਦਾ ਤਿਉਹਾਰ 4 ਨਵੰਬਰ ਨੂੰ ਵੀਰਵਾਰ ਵਾਲੇ ਦਿਨ ਮਨਾਇਆ ਜਾਵੇਗਾ। ਇਸ ਦਿਨ ਚਾਰ ਗ੍ਰਹਿ ਇੱਕੋ ਰਾਸ਼ੀ ਵਿਚ ਹੋਣਗੇ। ਇਸ ਕਾਰਨ ਸ਼ੁੱਭ ਯੋਗ ਬਣ ਰਿਹਾ ਹੈ ਜੋ ਤਕਰੀਬਨ ਹਰ ਰਾਸ਼ੀ ਦੇ ਲੋਕਾਂ ਨੂੰ ਫਾਇਦਾ ਪਹੁੰਚਾਏਗਾ। ਦੀਵਾਲੀ ਦੇ ਤਿਉਹਾਰ 'ਤੇ ਧਨ ਦੀ ਦੇਵੀ ਤੇ ਗਣਪਤੀ ਬੱਪਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸ਼ੁੱਭ ਯੋਗ 'ਚ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਦੇਵੀ ਬਹੁਤ ਪ੍ਰਸੰਨ ਹੋਵੇਗੀ ਤੇ ਆਪਣੇ ਭਗਤਾਂ 'ਤੇ ਦਿਲ ਖੋਲ੍ਹ ਕੇ ਕਿਰਪਾ ਬਰਸਾਏਗੀ।

ਦੀਵਾਲੀ ਦਾ ਪੁਰਬ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 4 ਨਵੰਬਰ ਨੂੰ ਹੈ ਤੇ ਇਸੇ ਦਿਨ ਸੂਰਜ, ਬੁੱਧ, ਮੰਗਲ ਤੇ ਚੰਦਰਮਾ ਤੁਲਾ ਰਾਸ਼ੀ 'ਚ ਗੋਚਰ ਕਰਨਗੇ। ਚਾਰ ਗ੍ਰਹਿਆਂ ਦੀ ਇਸ ਯੁਤੀ ਨਾਲ ਦੀਵਾਲੀ ਵਾਲੇ ਦਿਨ ਸ਼ੁੱਭ ਯੋਗ ਬਣ ਰਿਹਾ ਹੈ।

ਕੀ ਹਨ ਜੋਤਿਸ਼ੀ ਸਮੀਕਰਨ

ਦੀਵਾਲੀ ਵਾਲੇ ਦਿਨ ਸੂਰਜ, ਬੁੱਧ, ਮੰਗਲ ਤੇ ਚੰਦਰਮਾ ਤੁਲਾ ਰਾਸ਼ੀ 'ਚ ਗੋਚਰ ਕਰਨਗੇ। ਤੁਲਾ ਰਾਸ਼ੀ ਦੇ ਸਵਾਮੀ ਸ਼ੁੱਕਰ ਹਨ ਤੇ ਲਕਸ਼ਮੀ ਜੀ ਦੀ ਪੂਜਾ ਲਈ ਸ਼ੁੱਕਰਵਾਰ ਦਾ ਦਿਨ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਲਕਸ਼ਮੀ ਜੀ ਦੀ ਪੂਜਾ ਨਾਲ ਸ਼ੁੱਕਰ ਗ੍ਰਹਿ ਦੇ ਸ਼ੁੱਭ ਨਤੀਜੇ ਹੋਰ ਵਧ ਜਾਂਦੇ ਹਨ। ਜੋਤਿਸ਼ ਅਨੁਸਾਰ ਸ਼ੁੱਕਰ ਗ੍ਰਹਿ ਚੰਗੀ ਜ਼ਿੰਦਗੀ, ਸੁੱਖ-ਸਹੂਲਤਾਂ ਆਦਿ ਦਾ ਕਾਰਕ ਹੁੰਦਾ ਹੈ ਜਦਕਿ ਸੂਰਜ ਗ੍ਰਹਿਆਂ ਦੇ ਰਾਜਾ, ਮੰਗਲ ਨੂੰ ਗ੍ਰਹਿਆਂ ਦੇ ਸੈਨਾਪਤੀ ਤੇ ਬੁੱਧ ਗ੍ਰਹਿਆਂ ਦੇ ਰਾਜਕੁਮਾਰ ਮੰਨੇ ਜਾਂਦੇ ਹਨ। ਉੱਥੇ ਹੀ ਚੰਦਰਮਾ ਮਨ ਦਾ ਕਾਰਕ ਹੁੰਦਾ ਹੈ। ਇਸ ਤੋਂ ਇਲਾਵਾ ਸੂਰਜ ਪਿਤਾ ਤਾਂ ਚੰਦਰਮਾ ਨੂੰ ਮਾਤਾ ਮੰਨਿਆ ਗਿਆ ਹੈ। ਅਜਿਹੇ ਵਿਚ ਜਦੋਂ ਇਹ ਸਾਰੇ ਸ਼ੁੱਭ ਗ੍ਰਹਿ ਇਕੱਠੇ ਇੱਕੋ ਰਾਸ਼ੀ ਵਿਚ ਰਹਿੰਦੇ ਹਨ ਤਾਂ ਸਾਰੇ ਲੋਕਾਂ ਲਈ ਬਹੁਤ ਹੀ ਸ਼ੁੱਭ ਨਤੀਜੇ ਦਿੰਦੇ ਹਨ।

Posted By: Seema Anand