ਜੇਐੱਨਐੱਨ, ਨਵੀਂ ਦਿੱਲੀ : ਮਨੁੱਖੀ ਜੀਵਨ 'ਚ ਸੁੱਖ-ਦੁੱਖ, ਸਫ਼ਲਤਾ-ਅਸਫ਼ਲਤਾ ਤੇ ਅਮੀਰੀ-ਗ਼ਰੀਬੀ ਦਾ ਚੱਕਰ ਹਮੇਸ਼ਾ ਚੱਲਦਾ ਰਹਿੰਦਾ ਹੈ। ਹਰੇਕ ਇਨਸਾਨ ਦੀ ਕਾਮਨਾ ਹੁੰਦੀ ਹੈ ਕਿ ਉਸ ਨੂੰ ਇਸ ਜੀਵਨ 'ਚ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇ ਤੇ ਅਖੀਰ 'ਚ ਮੁਕਤੀ ਪ੍ਰਾਪਤ ਹੋਵੇ। ਇਸ ਲਈ ਉਹ ਦੇਵੀ-ਦੇਵਤਿਆਂ ਦੀ ਅਰਾਧਨਾ ਕਰਦਾ ਹੈ। ਦੀਵਾਲੀ ਨੂੰ ਸਨਾਤਨ ਸੰਸਕ੍ਰਿਤੀ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦੇ ਪੰਜ ਦਿਨਾਂ 'ਚ ਧਨ ਸਮੇਤ ਸੁੱਖ-ਖ਼ੁਸ਼ਹਾਲੀ ਦੀ ਕਾਮਨਾ ਲਈ ਵੀ ਉਪਾਸਨਾ ਕੀਤੀ ਜਾਂਦੀ ਹੈ। ਸ਼੍ਰੀਯੰਤਰ ਇਕ ਅਜਿਹਾ ਹੀ ਧਨਦਾਇਕ ਯੰਤਰ ਹੈ ਜਿਸ ਦੀ ਪੂਜਾ ਨਾਲ ਬਹੁਤ ਜ਼ਿਆਦਾ ਧਨ ਦੀ ਪ੍ਰਾਪਤੀ ਹੁੰਦੀ ਹੈ। ਸ਼ਾਸਤਰਾਂ ਅਨੁਸਾਰ ਸ਼੍ਰੀਯੰਤਰ ਦੀ ਅਰਾਧਨਾ ਨਾਲ ਅਕਸ਼ੈ ਲਕਸ਼ਮੀ ਦੀ ਪ੍ਰਾਪਤੀ ਹੁੰਦੀ ਹੈ ਤੇ ਸੁੱਖ-ਸ਼ਾਂਤੀ ਸਮੇਤ ਧਨ ਤੇ ਖ਼ੁਸ਼ਹਾਲੀ ਪ੍ਰਾਪਤ ਹੁੰਦੇ ਹਨ।

ਸ਼੍ਰੀਯੰਤਰ ਦਾ ਨਿਰਮਾਣ ਦੇਵਗੁਰੂ ਬ੍ਰਹਿਸਪਤੀ ਨੇ ਕਰਵਾਇਆ ਸੀ

ਪੌਰਾਣਿਕ ਕਥਾ ਅਨੁਸਾਰ ਇਕ ਵਾਰ ਮਹਾਲਕਸ਼ਮੀ ਨਾਰਾਜ਼ ਹੋ ਕੇ ਬੈਕੁੰਠ ਧਾਮ ਚਲੀ ਗਈ ਜਿਸ ਕਾਰਨ ਧਰਤੀ 'ਤੇ ਸਮੱਸਿਆਵਾਂ ਪੈਦਾ ਹੋ ਗਈਆਂ। ਬ੍ਰਾਹਮਣ ਤੇ ਵਣਿਕ ਬਿਨਾਂ ਲਕਸ਼ਮੀ ਦੇ ਦੀਨ-ਹੀਣ ਤੇ ਲਾਚਾਰ ਹੋ ਗਏ। ਉਦੋਂ ਮਹਾਰਿਸ਼ੀ ਵਸ਼ਿਸ਼ਠ ਨੇ ਨਿਸ਼ਚਾ ਕੀਤਾ ਕਿ ਉਹ ਮਾਤਾ ਲਕਸ਼ਮੀ ਨੂੰ ਪ੍ਰਸੰਨ ਕਰ ਕੇ ਧਰਤੀ 'ਤੇ ਲੈ ਆਉਣਗੇ। ਜਦੋਂ ਮਹਾਰਿਸ਼ੀ ਬੈਕੁੰਠਲੋਕ ਜਾ ਕੇ ਮਾਤਾ ਲਕਸ਼ਮੀ ਨੂੰ ਮਿਲੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਾਤਾ ਨਾਰਾਜ਼ ਹੈ ਤੇ ਧਰਤੀ 'ਤੇ ਆਉਣ ਲਈ ਤਿਆਰ ਨਹੀਂ। ਮਹਾਰਿਸ਼ੀ ਉੱਥੇ ਬੈਠ ਕੇ ਭਗਵਾਨ ਵਿਸ਼ਨੂੰ ਦੀ ਅਰਾਧਨਾ ਕਰਨ ਲੱਗੇ। ਜਦੋਂ ਵਿਸ਼ਨੂੰ ਪ੍ਰਸੰਨ ਹੋ ਕੇ ਪ੍ਰਗਟ ਹੋਏ ਤਾਂ ਵਸ਼ਿਸ਼ਠ ਨੇ ਕਿਹਾ, 'ਅਸੀਂ ਪ੍ਰਿਥਵੀ 'ਤੇ ਬਿਨਾਂ ਲਕਸ਼ਮੀ ਦੇ ਬਹੁਤ ਦੁਖੀ ਹਾਂ, ਸਾਡੇ ਆਸ਼ਰਮ ਉੱਜੜ ਚੁੱਕੇ ਹਨ। ਧਰਤੀ ਦੀ ਖ਼ੁਸ਼ਹਾਲੀ ਲਗਪਗ ਖ਼ਤਮ ਹੋ ਚੁੱਕੀ ਹੈ।' ਮਹਾਰਿਸ਼ੀ ਵਸ਼ਿਸ਼ਠ ਦੀ ਬੇਨਤੀ 'ਤੇ ਭਗਵਾਨ ਵਿਸ਼ਨੂੰ ਵਸ਼ਿਸ਼ਠ ਨੂੰ ਨਾਲ ਲੈ ਕੇ ਮਾਤਾ ਲਕਸ਼ਮੀ ਕੋਲ ਗਏ ਤੇ ਉਨ੍ਹਾਂ ਨੂੰ ਧਰਤੀ 'ਤੇ ਚੱਲਣ ਦੀ ਅਪੀਲ ਕੀਤੀ। ਪਰ ਉਹ ਨਹੀਂ ਮੰਨੀ ਤੇ ਕਿਹਾ, 'ਮੈਂ ਕਿਸੇ ਵੀ ਹਾਲਾਤ 'ਚ ਵਾਪਸ ਜਾਣ ਲਈ ਤਿਆਰ ਨਹੀਂ ਕਿਉਂਕਿ ਧਰਤੀ 'ਤੇ ਸਾਧਨਾ ਤੇ ਸ਼ੁੱਧੀ ਬਿਲਕੁਲ ਨਹੀਂ ਹੈ।'

ਮਹਾਰਿਸ਼ੀ ਵਸ਼ਿਸ਼ਠ ਨਿਰਾਸ਼ ਹੋ ਕੇ ਧਰਤੀ 'ਤੇ ਪਰਤ ਆਏ ਤੇ ਮਾਤਾ ਲਕਸ਼ਮੀ ਦੇ ਫ਼ੈਸਲੇ ਨੂੰ ਸਹੀ ਦੱਸਿਆ। ਇਸ ਸਮੱਸਿਆ ਤੋਂ ਸਾਰੇ ਚਿੰਤਤ ਸਨ ਤੇ ਹੱਲ ਕੱਢਣ 'ਚ ਜੁਟ ਗਏ। ਉਸ ਵੇਲੇ ਦੇਵਗੁਰੂ ਬ੍ਰਹਿਸਪਤੀ ਨੇ ਕਿਹਾ ਕਿ ਹੁਣ ਸਿਰਫ਼ ਇੱਕੋ ਉਪਾਅ ਬਚਿਆ ਹੈ, 'ਸ਼੍ਰੀਯੰਤਰ ਸਾਧਨਾ'। ਉਨ੍ਹਾਂ ਕਿਹਾ ਕਿ ਜੇਕਰ ਸਿੱਧ 'ਸ਼੍ਰੀ ਯੰਤਰ' ਬਣਾ ਕੇ ਵਿਧੀਪੂਰਵਕ ਸਥਾਪਿਤ ਕੀਤਾ ਜਾਵੇ ਤਾਂ ਯਕੀਨੀ ਮਾਤਾ ਲਕਸ਼ਮੀ ਨੂੰ ਧਰਤੀ 'ਤੇ ਆਉਣਾ ਪਵੇਗਾ।

ਦੇਵਗੁਰੂ ਬ੍ਰਹਿਸਪਤੀ ਦੇ ਨਿਰਦੇਸ਼ 'ਤੇ ਰਿਸ਼ੀਆਂ ਨੇ ਧਾਤੂ 'ਤੇ ਸ਼੍ਰੀਯੰਤਰ ਦਾ ਨਿਰਮਾਣ ਕੀਤਾ ਤੇ ਮੰਤਰ ਉਚਾਰਨ ਨਾਲ ਸਿੱਧ ਕਰ ਕੇ ਉਸ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ। ਧਨਤੇਰਸ ਨੂੰ ਸ਼੍ਰੀਯੰਤਰ ਦੀ ਸਥਾਪਨਾ ਕਰ ਕੇ ਵਿਧੀ-ਵਿਧਾਨ ਨਾਲ ਉਸ ਦਾ ਪੂਜਨ ਕੀਤਾ ਗਿਆ। ਪੂਜਨ ਸਮਾਪਤ ਹੋਣ ਤੋਂ ਕੁਝ ਸਮਾਂ ਪਹਿਲਾਂ ਦੇਵੀ ਲਕਸ਼ਮੀ ਖ਼ੁਦ ਉੱਥੇ ਮੌਜੂਦ ਹੋਈ ਤੇ ਬੋਲੀ ਕਿ ਮੈਂ ਧਰਤੀ 'ਤੇ ਕਿਸੇ ਵੀ ਸੂਰਤ 'ਚ ਆਉਣ ਲਈ ਤਿਆਰ ਨਹੀਂ ਸੀ ਪਰ ਬ੍ਰਹਿਸਪਤੀ ਦੇ ਇਸ ਕਾਰਜ ਕਾਰਨ ਮੈਨੂੰ ਆਉਣਾ ਹੀ ਪਿਆ। ਸ਼੍ਰੀਯੰਤਰ ਮੇਰਾ ਆਧਾਰ ਹੈ ਤੇ ਇਸੇ ਵਿਚ ਮੇਰੀ ਵੱਸਦੀ ਹੈ।

Posted By: Seema Anand