ਜੇਐੱਨਐੱਨ, ਨਵੀਂ ਦਿੱਲੀ : ਦੀਵਾਲੀ ਪੂਰੇ ਦੇਸ਼ ਖ਼ਾਸਕਰ ਉੱਤਰੀ ਭਾਰਤ 'ਚ ਵਧ-ਚੜ੍ਹ ਕੇ ਮਨਾਈ ਜਾਂਦੀ ਹੈ। ਇਸ ਦਿਨ ਘਰ ਸੁਆਦਲੇ ਪਕਵਾਨਾਂ ਨਾਲ ਮਹਿਕ ਉੱਠਦਾ ਹੈ ਤੇ ਖ਼ੁਸ਼ਬੂਦਾਰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਇਸ ਦਿਨ ਮਾਤਾ ਲਕਸ਼ਮੀ ਤੇ ਗਣੇਸ਼ਜੀ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਰਾਹੀਂ ਆਉਣ ਵਾਲੇ ਸਾਲ ਲਈ ਸੁੱਖਾਂ ਮੰਗੀਆਂ ਜਾਂਦੀਆਂ ਹਨ।

ਦੀਵਾਲੀ ਵਾਲੇ ਦਿਨ ਸ਼ੰਖ ਦੀ ਆਵਾਜ਼ ਦਾ ਖ਼ਾਸ ਮਹੱਤਵ ਹੁੰਦਾ ਹੈ। ਮਾਨਤਾ ਹੈ ਕਿ ਇਸ ਦਿਨ ਘਰ 'ਚ ਸ਼ੰਖ ਵਜਾਉਣ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ ਤੇ ਘਰ-ਪਰਿਵਾਰ 'ਚ ਸ਼ਾਂਤੀ ਤੇ ਖ਼ੁਸ਼ਹਾਲੀ ਆਉਂਦੀ ਹੈ। ਸ਼ਾਸਤਰਾਂ ਅਨੁਸਾਰ ਲਕਸ਼ਮੀ ਪੂਜਾ ਮੌਕੇ ਘਰ 'ਚ ਸ਼ੰਖ ਤੇ ਘੰਟੀ ਵਜਾਉਣੀ ਸ਼ੁੱਭ ਹੁੰਦੀ ਹੈ। ਅਜਿਹਾ ਕਰਨ ਨਾਲ ਘਰ ਦੇ ਵਾਤਾਵਰਨ 'ਚ ਮੌਜੂਦ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਬਾਹਰ ਨਿਕਲ ਜਾਂਦੀ ਹੈ ਤੇ ਪਰਿਵਾਰ 'ਚ ਲਕਸ਼ਮੀ ਦੇ ਸਵਾਗਤ ਲਈ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਸ਼ੰਖ ਤੇ ਘੰਟੀ ਦੀ ਆਵਾਜ਼ ਪਰਿਵਾਰ 'ਚ ਸੁੱਖ, ਸ਼ਾਂਤੀ ਤੇ ਖ਼ੁਸ਼ਹਾਲੀ ਲਿਆਉਣ ਲਈ ਸੰਪੂਰਨ ਵਾਤਾਵਰਨ ਸਵੱਛ ਕਰਦੀ ਹੈ।

ਸ਼ੰਖ ਨੂੰ ਦੱਸਿਆ ਮਹਾਲਕਸ਼ਮੀ ਦਾ ਭਰਾ

ਧਰਮ ਸ਼ਾਸਤਰਾਂ ਅਨੁਸਾਰ ਸ਼ੰਖ ਦੀ ਪੂਜਾ ਖ਼ੁਸ਼ਹਾਲੀ, ਲੰਬੀ ਉਮਰ, ਪ੍ਰਸਿੱਧੀ ਤੇ ਪਾਪਾਂ ਦਾ ਨਾਸ਼ ਕਰਨ ਲਈ ਕੀਤੀ ਜਾਂਦੀ ਹੈ। ਦੇਵੀ ਲਕਸ਼ਮੀ ਨੂੰ ਸ਼ੰਖ ਬੇਹੱਦ ਪਿਆਰਾ ਹੈ। ਵਿਸ਼ਨੂੰ ਪੁਰਾਣ ਅਨੁਸਾਰ ਸ਼ੰਖ ਨੂੰ ਮਹਾਲਕਸ਼ਮੀ ਦਾ ਭਰਾ ਮੰਨਿਆ ਗਿਆ ਹੈ। ਵਿਗਿਆਨਕ ਮਾਨਤਾ ਅਨੁਸਾਰ ਸ਼ੰਖ ਵਜਾਉਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਯਾਦ ਸ਼ਕਤੀ ਵਧਦੀ ਹੈ, ਵਾਣੀ ਦੋਸ਼ ਵੀ ਖ਼ਤਮ ਹੋ ਜਾਂਦਾ ਹੈ ਤੇ ਸਾਹ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਸ਼ੰਖ ਦੀ ਆਵਾਜ਼ ਨੂੰ ਵੀ ਬੇਹੱਦ ਸ਼ੁੱਭ ਮੰਨਿਆ ਗਿਆ ਹੈ। ਇਸ ਦੀ ਆਵਾਜ਼ ਨਾਲ ਮਨ ਤੇ ਦਿਮਾਗ਼ 'ਚ ਸਕਾਰਾਤਮਕ ਵਿਚਾਰਾਂ ਦਾ ਸੰਚਾਰ ਹੁੰਦਾ ਹੈ ਤੇ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ।

ਤਿੰਨ ਤਰ੍ਹਾਂ ਦੇ ਹੁੰਦੇ ਹਨ ਸ਼ੰਖ

ਸ਼ਾਸਤਰਾਂ ਅਨੁਸਾਰ ਸ਼ੰਖ ਤਿੰਨ ਤਰ੍ਹਾਂ ਦੇ ਦੱਸੇ ਗਏ ਹਨ। ਵਾਮਾਵਰਤੀ, ਦੱਖਣਾਵਰਤੀ ਤੇ ਮੱਧਵਰਤੀ। ਵਾਮਾਵਰਤੀ ਸ਼ੰਖ ਮਾਤਾ ਲਕਸਮੀ ਦਾ ਅਤੇ ਦੱਖਣਾਵਰਤੀ ਸ਼ੰਖ ਭਗਵਾਨ ਵਿਸ਼ਨੂੰ ਦਾ ਪ੍ਰਤੀਕ ਮੰਨਿਆ ਗਿਆ ਹੈ। ਦੱਖਣਾਵਰਤੀ ਸ਼ੰਖ ਦੀ ਘਰਾਂ 'ਚ ਖ਼ਾਸ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਦੱਖਣਾਵਰਤੀ ਸ਼ੰਖ ਘਰ 'ਚ ਰੱਖਣ ਤੇ ਉਸ ਦੀ ਰੋਜ਼ਾਨਾ ਪੂਜਾ ਕਰਨ ਨਾਲ ਘਰ 'ਚ ਵਿਪੁਲ ਧਨ ਆਉਂਦਾ ਹੈ। ਸੰਖ ਦੀ ਸਥਾਪਨਾ ਖ਼ਾਸ ਮੌਕਿਆਂ ਜਿਵੇਂ ਦੀਵਾਲੀ, ਧਨਤੇਰਸ, ਪੁਸ਼ਯ ਨਕਸ਼ੱਤਰ, ਦੁਸਹਿਰਾ, ਅਕਸੈ ਤ੍ਰਿਤੀਆ ਆਦਿ 'ਤੇ ਕਰਨੀ ਸ਼ੁੱਭ ਮੰਨਿਆ ਜਾਂਦਾ ਹੈ।

Posted By: Seema Anand