ਸਾਡੇ ਸਾਰਿਆਂ ਦੇ ਅੰਦਰ ਇਕ ਦਿੱਵਿਆ ਚੰਗਿਆੜੀ ਲੁਕੀ ਹੋਈ ਹੈ। ਦਿੱਵਿਆ ਜੋਤੀ ਨਿਰੰਤਰ ਪ੍ਰਕਾਸ਼ਮਾਨ ਰਹਿੰਦੀ ਹੈ। ਅਸੀਂ ਇਸ ਦੀ ਖੋਜ ਦੂਰ-ਦੁਰਾਡੇ ਕਰਦੇ ਹਾਂ ਪਰ ਇਸ ਦੇ ਰਹੱਸ ਸਾਡੇ ਅੰਦਰ ਲੁਕੇ ਹੋਏ ਹੁੰਦੇ ਹਨ। ਵਿਗਿਆਨਕ ਦੂਰਬੀਨਾਂ ਜ਼ਰੀਏ ਸਮੁੱਚੇ ਬ੍ਰਹਿਮੰਡ ਨੂੰ ਨਿਹਾਰਨ ’ਤੇ ਜਾਂ ਪਾਰਟੀਕਲ ਐਕਸੀਲੀਰੇਟਰਜ਼ ਦੁਆਰਾ ਪਰਮਾਣੂ ਦਾ ਖੰਡਨ ਕਰ ਕੇ ‘ਪਰਮਾਤਮਾ ਕਣ’ ਲੱਭਣ ’ਤੇ ਵਿਸ਼ਾਲ ਧਨਰਾਸ਼ੀ ਖਰਚ ਕਰਦੇ ਹਨ। ਹੋਰ ਵਿਅਕਤੀ ਵਿਸ਼ਵ ਦੇ ਵੱਖ-ਵੱਖ ਧਰਮਾਂ ਦੇ ਕਰਮਕਾਂਡਾਂ ਦੁਆਰਾ ਪ੍ਰਭੂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਵੀ, ਜ਼ਿਆਦਾਤਰ ਲੋਕਾਂ ਲਈ ਪ੍ਰਭੂ ਇਕ ਰਹੱਸ ਬਣਿਆ ਹੋਇਆ ਹੈ। ਸਾਡੇ ਅੰਦਰ ਇਕ ਜਵਾਲਾ ਮੌਜੂਦ ਹੈ ਜੋ ਸਾਡੇ ਜੀਵਨ ਵਿਚ ਕਾਇਆਕਲਪ ਕਰ ਸਕਣ ਦੀ ਸਮਰੱਥਾ ਰੱਖਦੀ ਹੈ। ਇਕ ਜੋਤੀ ਹੈ ਜੋ ਸਾਨੂੰ ਵਿਵੇਕੀ, ਸੁਖੀ, ਪੂਰਨ ਪ੍ਰੇਮ ਵਾਲੇ, ਨਿਰਭੈ ਅਤੇ ਅਮਰ ਬਣਾ ਸਕਦੀ ਹੈ। ਇਹ ਜਵਾਲਾ ਸਾਡੇ ਹਿਰਦੇ ਅਤੇ ਮਨ ਨੂੰ ਆਲੋਕਿਤ ਕਰਦੀ ਹੈ ਅਤੇ ਅਜਿਹੇ ਪ੍ਰਸ਼ਨਾਂ ਦੇ ਉੱਤਰ ਦਿਵਾਉਂਦੀ ਹੈ ਜਿਨ੍ਹਾਂ ਨਾਲ ਮਨੁੱਖਤਾ ਯੁਗਾਂ-ਯੁਗਾਂ ਤੋਂ ਜੂਝਦੀ ਆਈ ਹੈ ਜਿਵੇਂ ਕਿ ਅਸੀਂ ਇੱਥੇ ਕਿਉਂ ਆਏ ਹਾਂ? ਅਸੀਂ ਕਿੱਥੋਂ ਆਏ ਹਾਂ? ਮਰਨ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ? ਸਾਇੰਸਦਾਨਾਂ ਦੀ ਤਰ੍ਹਾਂ ਅਸੀਂ ਇਨ੍ਹਾਂ ਦੇ ਉੱਤਰਾਂ ਨੂੰ ਤਾਰਿਆਂ ਨਾਲ ਭਰੇ ਅਸਮਾਨ ਵਿਚ ਅਤੇ ਪਰਮਾਣੂ ਦੇ ਅੰਦਰ ਲੱਭਦੇ ਰਹਿੰਦੇ ਹਾਂ। ਅਸੀਂ ਇਨ੍ਹਾਂ ਦੇ ਉੱਤਰਾਂ ਨੂੰ ਹੋਰ ਥਾਵਾਂ ’ਤੇ ਵੀ ਲੱਭਦੇ ਰਹਿੰਦੇ ਹਾਂ। ਇਸ ਗਿਆਨ ਨੂੰ ਪ੍ਰਾਪਤ ਕਰਨ ਲਈ ਸਾਨੂੰ ਕਿਤੇ ਬਾਹਰ ਲੱਭਣ ਦੀ ਲੋੜ ਨਹੀਂ ਹੈ, ਇਹ ਜਵਾਲਾ ਸਾਡੇ ਅੰਦਰ ਮੌਜੂਦ ਹੈ। ਜਦ ਅਸੀਂ ਉਸ ਅੰਗਾਰੇ ਨੂੰ ਲੱਭ ਲੈਂਦੇ ਹਾਂ ਤਾਂ ਅਸੀਂ ਅੰਦਰ ਦੇ ਹੈਰਾਨਕੁੰਨ ਤੱਥਾਂ ਨੂੰ ਦੇਖਣ ਵਾਲੇ ਬਣ ਜਾਂਦੇ ਹਾਂ ਤੇ ਸੁੰਦਰਤਾ, ਅਸੀਮ ਪ੍ਰੇਮ ਤੇ ਅਥਾਹ ਖ਼ੁਸ਼ੀਆਂ-ਖੇੜੇ ਮਹਿਸੂਸ ਕਰਨ ਲੱਗਦੇ ਹਾਂ। ਇਹ ਦਾਤ ਸਿਰਫ਼ ਕੁਝ ਕੁ ਲੋਕਾਂ ਨੂੰ ਨਹੀਂ ਸਗੋਂ ਸਾਰਿਆਂ ਲਈ ਉਪਲਬਧ ਹੈ। ਧਿਆਨ-ਅਭਿਆਸ ਨੂੰ ਸਾਰੇ ਧਰਮਾਂ, ਦੇਸ਼ਾਂ ਅਤੇ ਸੱਭਿਆਚਾਰਾਂ ਦੇ ਵਿਅਕਤੀ ਅਪਣਾ ਸਕਦੇ ਹਨ। ਇਸ ਦੇ ਲਈ ਕਠੋਰ ਆਸਣਾਂ ਦੀ ਲੋੜ ਨਹੀਂ ਹੈ। ਇਸ ਨੂੰ ਆਰਾਮਦੇਹ ਅਵਸਥਾ ’ਚ ਬੈਠ ਕੇ ਆਪਣੀ ਆਤਮਾ ਦੀਆਂ ਸ਼ਾਂਤ ਗਹਿਰਾਈਆਂ ’ਚ ਅਦਭੁਤ ਜੋਤ ਸਰੂਪ ਅੰਦਰੂਨੀ ਦ੍ਰਿਸ਼ਾਂ ਦਾ ਅਨੁਭਵ ਕਰ ਸਕਦੇ ਹਾਂ। ਧਿਆਨ-ਅਭਿਆਸ ਦੁਆਰਾ ਅਸੀਂ ਉਸ ਸਰੋਤ ’ਚ ਲੀਨ ਹੋ ਸਕਦੇ ਹਾਂ ਤੇ ਅਸੀਮ ਚੇਤਨਤਾ, ਸ਼ਾਂਤੀ ਤੇ ਅਥਾਹ ਸੁੱਖ ਦਾ ਅਹਿਸਾਸ ਕਰ ਸਕਦੇ ਹਾਂ।

-ਸੰਤ ਰਾਜਿੰਦਰ ਸਿੰਘ ਜੀ

Posted By: Susheel Khanna