-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।

ਸਾਡੇ ਸਾਰਿਆਂ ਦੇ ਅੰਦਰ ਇਕ ਦਿੱਵਿਆ ਚੰਗਿਆੜੀ ਲੁਕੀ ਹੋਈ ਹੈ। ਅਦੁੱਤੀ ਸੁੰਦਰਤਾ ਦੇ ਮੰਡਲ, ਕਲਪਨਾ ਤੋਂ ਦੂਰ ਦ੍ਰਿਸ਼ ਤੇ ਧੁਨੀਆਂ, ਅਸੀਮ ਵਿਵੇਕ ਅਤੇ ਪੂਰਨ ਤੌਰ 'ਤੇ ਸਰਸ਼ਾਰ ਕਰਦਾ ਪ੍ਰੇਮ ਸਾਨੂੰ ਖਿੱਚ ਪਾਉਂਦੇ ਹਨ। ਦਿੱਵਿਆ ਜੋਤੀ ਨਿਰੰਤਰ ਪ੍ਰਕਾਸ਼ਮਾਨ ਰਹਿੰਦੀ ਹੈ।

ਮਨੁੱਖ ਦੀ ਉਤਪਤੀ ਜਾਣਨ ਲਈ ਵਿਗਿਆਨਕ ਦੂਰਬੀਨਾਂ ਜ਼ਰੀਏ ਸਮੁੱਚੇ ਬ੍ਰਹਿਮੰਡ ਨੂੰ ਦੇਖਣ ਜਾਂ ਪਾਰਟੀਕਲ ਐਕਸੀਲੇਟਰਜ਼ ਦੁਆਰਾ ਪਰਮਾਣੂ ਦਾ ਖੰਡਨ ਕਰ ਕੇ 'ਪਰਮਾਤਮਾ-ਕਣ' ਲੱਭਣ 'ਤੇ ਵਿਸ਼ਾਲ ਧਨ-ਰਾਸ਼ੀ ਖ਼ਰਚ ਕਰਦੇ ਹਨ। ਹੋਰ ਵਿਅਕਤੀ ਵਿਸ਼ਵ ਦੇ ਵੱਖ-ਵੱਖ ਧਰਮਾਂ ਦੇ ਕਰਮ-ਕਾਂਡਾਂ ਦੁਆਰਾ ਪ੍ਰਭੂ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਫਿਰ ਵੀ, ਜ਼ਿਆਦਾਤਰ ਲੋਕਾਂ ਲਈ ਪ੍ਰਭੂ ਇਕ ਰਹੱਸ ਬਣਿਆ ਹੋਇਆ ਹੈ। ਸਾਡੇ ਅੰਦਰ ਇਕ ਜਵਾਲਾ ਮੌਜੂਦ ਹੈ ਜੋ ਸਾਡੇ ਜੀਵਨ ਵਿਚ ਕਾਇਆ-ਕਲਪ ਕਰਨ ਦੀ ਸਮਰੱਥਾ ਰੱਖਦੀ ਹੈ। ਇਕ ਜੋਤੀ ਹੈ ਜੋ ਸਾਨੂੰ ਵਿਵੇਕਸ਼ੀਲ, ਸੁਖੀ, ਨਿਡਰ ਅਤੇ ਅਮਰ ਬਣਾ ਸਕਦੀ ਹੈ। ਇਹ ਜਵਾਲਾ ਸਾਡੇ ਹਿਰਦੇ ਅਤੇ ਮਨ ਨੂੰ ਅਲੋਕਿਤ ਕਰਦੀ ਹੈ ਅਤੇ ਅਜਿਹੇ ਪ੍ਰਸ਼ਨਾਂ ਦੇ ਉੱਤਰ ਦਿਵਾਉਂਦੀ ਹੈ ਜਿਨ੍ਹਾਂ ਨਾਲ ਮਨੁੱਖਤਾ ਯੁਗਾਂ-ਯੁਗਾਂ ਤੋਂ ਜੂਝਦੀ ਆਈ ਹੈ ਜਿਵੇਂ ਕਿ ਅਸੀਂ ਇੱਥੇ ਕਿਉਂ ਆਏ ਹਾਂ? ਅਸੀਂ ਕਿੱਥੋਂ ਆਏ ਹਾਂ? ਮਰਨ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ? ਵਿਗਿਆਨੀਆਂ ਦੀ ਤਰ੍ਹਾਂ ਅਸੀਂ ਇਨ੍ਹਾਂ ਦੇ ਉੱਤਰਾਂ ਨੂੰ ਤਾਰਿਆਂ ਨਾਲ ਭਰੇ ਅੰਬਰ ਵਿਚ ਅਤੇ ਪਰਮਾਣੂ ਦੇ ਅੰਦਰ ਲੱਭਦੇ ਰਹਿੰਦੇ ਹਾਂ। ਪਰ ਇਸ ਗਿਆਨ ਨੂੰ ਪ੍ਰਾਪਤ ਕਰਨ ਲਈ ਸਾਨੂੰ ਕਿਤੇ ਬਾਹਰ ਖੋਜਣ ਦੀ ਜ਼ਰੂਰਤ ਨਹੀਂ ਹੈ, ਇਹ ਜਵਾਲਾ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ। ਜਦ ਅਸੀਂ ਉਸ ਦਹਿਕਦੇ ਅੰਗਿਆਰੇ ਨੂੰ ਖੋਜ ਲੈਂਦੇ ਹਾਂ ਤਾਂ ਅਸੀਂ ਸੁੰਦਰਤਾ, ਅਸੀਮ ਪ੍ਰੇਮ, ਲਾਜਵਾਬ ਖ਼ੁਸ਼ੀਆਂ-ਖੇੜਿਆਂ ਦਾ ਅਹਿਸਾਸ ਕਰਨ ਲੱਗਦੇ ਹਾਂ।

ਇਹ ਦਾਤ ਮਹਿਜ਼ ਕੁਝ ਕੁ ਲਈ ਨਹੀਂ ਹੈ, ਇਹ ਸਾਰਿਆਂ ਲਈ ਉਪਲਬਧ ਹੈ। ਧਿਆਨ ਅਭਿਆਸ ਦੁਆਰਾ ਅਸੀਂ ਅੰਦਰੂਨੀ ਜੋਤੀ ਨੂੰ ਦੇਖ ਤੇ ਸੁਣ ਸਕਦੇ ਹਾਂ। ਇਸ ਧਾਰਾ ਵਿਚ ਲੀਨ ਹੋਣ 'ਤੇ ਸਾਨੂੰ ਚੇਤਨਤਾ ਦੇ ਆਤਮਿਕ ਮੰਡਲਾਂ ਦਾ ਅਨੁਭਵ ਹੁੰਦਾ ਹੈ। ਧਿਆਨ ਅਭਿਆਸ ਦੀ ਇਸ ਵਿਧੀ ਨੂੰ ਸਾਰੇ ਧਰਮਾਂ, ਦੇਸ਼ਾਂ ਅਤੇ ਸੰਸਕ੍ਰਿਤੀਆਂ ਦੇ ਵਿਅਕਤੀ ਅਪਣਾ ਸਕਦੇ ਹਨ। ਇਸ ਦੇ ਲਈ ਕਿਸੇ ਕਠੋਰ ਆਸਣਾਂ ਦੀ ਜ਼ਰੂਰਤ ਨਹੀਂ ਹੈ। ਇਸ ਆਰਾਮਦੇਹ ਅਵਸਥਾ ਵਿਚ ਬੈਠ ਕੇ ਅਸੀਂ ਆਪਣੀ ਆਤਮਾ ਦੀਆਂ ਸ਼ਾਂਤ ਗਹਿਰਾਈਆਂ ਵਿਚ ਅਦਭੁਤ ਅੰਦਰੂਨੀ ਦ੍ਰਿਸ਼ਾਂ ਦਾ ਅਹਿਸਾਸ ਕਰਦੇ ਹਾਂ।


Posted By: Sunil Thapa