ਜੀਵਨ ਨੂੰ ਸਾਰਥਕ ਬਣਾਉਣ ਲਈ ਦੂਰਦਰਸ਼ਿਤਾ ਦਾ ਗਿਆਨ ਹਰੇਕ ਮਨੁੱਖ ਲਈ ਅਤਿ ਜ਼ਰੂਰੀ ਹੈ। ਇਸ ਦਾ ਸ਼ਾਬਦਿਕ ਅਤੇ ਰੂਹਾਨੀ ਅਰਥ ਹੁੰਦਾ ਹੈ-ਦਿੱਵਿਆ ਦ੍ਰਿਸ਼ਟੀ ਦਾ ਖੁੱਲ੍ਹਣਾ ਜਾਂ ਜਾਗਿ੍ਰਤ ਹੋਣਾ। ਇਸ ਤੋਂ ਬਿਨਾਂ ਮਨੁੱਖ ਨੂੰ ਜੀਵਨ ਦੇ ਉਦੇਸ਼ ਦਾ ਪਤਾ ਨਹੀਂ ਲੱਗਦਾ ਹੈ।

ਗੁਰੂ ਦੀਕਸ਼ਾ ਲੈ ਕੇ ਵੀ ਕੋਈ ਵਿਅਕਤੀ ਇਕ ਆਮ ਆਦਮੀ ਦੀ ਹੀ ਤਰ੍ਹਾਂ ਸਾਧਾਰਨ ਤਰੀਕੇ ਨਾਲ ਸੰਸਾਰਕ ਜੀਵਨ ਜਿਊਂਦਾ ਹੈ ਤਾਂ ਇਹ ਉਸ ਦੀ ਅਗਿਆਨਤਾ ਹੈ। ਇਹੀ ਭੁੱਲ ਉਸ ਵਿਅਕਤੀ ਨੂੰ ਜੀਵਨ ਦੇ ਮਕਸਦ ਤੋਂ ਜਾਣੂ ਹੋਣ ਤੋਂ ਭਟਕਾ ਦਿੰਦੀ ਹੈ ਜੋ ਕਿ ਅਤਿ ਨਿੰਦਣਯੋਗ ਗੱਲ ਹੈ। ਗੁਰੂ ਦੀਕਸ਼ਾ ਪ੍ਰਾਪਤ ਕਰਨ ਦਾ ਉਦੇਸ਼ ਹੀ ਹੁੰਦਾ ਹੈ ਅੰਤਰ-ਦ੍ਰਿਸ਼ਟੀ ਨੂੰ ਜਾਗਿ੍ਤ ਕਰਨਾ।

ਰੂਹਾਨੀ ਰਸਤੇ ’ਤੇ ਚੱਲਦੇ ਹੋਏ ਮਹਾਪੁਰਖਾਂ ਦੀ ਕਤਾਰ ਵਿਚ ਖ਼ੁਦ ਨੂੰ ਖੜ੍ਹਾ ਕਰਨਾ। ਇਸੇ ਮਕਸਦ ਦੀ ਪੂਰਤੀ ਲਈ ਪਰਮਾਤਮਾ ਨੇ ਸਾਨੂੰ ਮਨੁੱਖੀ ਅਨਮੋਲ ਤੇ ਦੁਰਲਭ ਸਰੀਰ ਪ੍ਰਦਾਨ ਕੀਤਾ ਹੈ। ਸਿਰਫ਼ ਪੇਟ ਪੂਜਾ, ਕਾਮ ਵਾਸਨਾ ਅਤੇ ਇੱਛਾ-ਕਾਮਨਾ ਦੀ ਦਲਦਲ ਵਿਚ ਡੁੱਬੇ ਰਹਿਣਾ ਮਨੁੱਖ ਦੀ ਦੂਰ-ਦ੍ਰਿਸ਼ਟੀ ਨਹੀਂ ਹੈ ਜੋ ਜੀਵਨ ਦੇ ਪਤਨ ਦਾ ਦੁੱਖਦਾਈ ਮਾਰਗ ਹੈ। ਇਸ ਮਨੁੱਖ ਤਨ ਵਿਚ ਅਨਮੋਲ ਰਤਨਾਂ ਤੋਂ ਵੀ ਕੀਮਤੀ ਚੀਜ਼ਾਂ ਅਤੇ ਕੁਬੇਰ ਦਾ ਭੰਡਾਰ ਭਰਿਆ ਪਿਆ ਹੈ।

ਸਾਧਾਰਨ ਨਜ਼ਰ ਨਾਲ ਵਿਅਕਤੀ ਆਪਣੇ ਜੀਵਨ ਨੂੰ ਲੋਭ, ਮੋਹ, ਸਵਾਰਥ, ਮਾਇਆ, ਵਾਸਨਾ, ਕਾਮਨਾ ਤਕ ਸੀਮਤ ਰੱਖਦਾ ਹੈ ਪਰ ਦਿੱਵਿਆ ਦ੍ਰਿਸ਼ਟੀ ਦੇ ਜਾਗਿ੍ਰਤ ਹੁੰਦੇ ਹੀ ਉਹ ਵਿਅਕਤੀ ਪਰਮਾਰਥ ਦੀ ਗੱਲ ਸੋਚਣ-ਕਰਨ ਲੱਗਦਾ ਹੈ। ਅਜਿਹਾ ਵਿਅਕਤੀ ਸਾਧਾਰਨ, ਤੁੱਛ, ਨਿੰਦਾ, ਵਿਅਰਥ ਜੀਵਨ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਮਹਾਨ ਗੌਰਵ ਦਾ ਅਹੁਦਾ ਪ੍ਰਾਪਤ ਕਰਨ ਵਿਚ ਸਮਰੱਥ ਬਣ ਜਾਂਦਾ ਹੈ।

ਭਵਿੱਖ ਵਿਚ ਵਾਪਰਨ ਵਾਲੀ ਅਨਹੋਣੀ ਘਟਨਾ ਦਾ ਸੱਚ ਨਿਰੀਖਣ ਪਹਿਲਾਂ ਹੀ ਹੋਣਾ ਦਿੱਵਿਆ-ਦ੍ਰਿਸ਼ਟੀ ਦੁਆਰਾ ਹੀ ਸੰਭਵ ਹੋ ਪਾਉਂਦਾ ਹੈ। ਜਿਸ ਨੂੰ ਇਹ ਦਿੱਵਿਆ-ਦ੍ਰਿਸ਼ਟੀ ਪ੍ਰਾਪਤ ਹੈ, ਉਸ ਨੂੰ ਭਵਿੱਖ ਦਾ ਯੁੱਗ ਦੇਖਣ ਵਾਲਾ ਕਿਹਾ ਜਾਂਦਾ ਹੈ।

ਮਨੁੱਖੀ ਤਨ ਵਿਚ ਮੂਲਾਧਾਰ ਚੱਕਰ, ਸਵਾਧਿਸ਼ਠਾਨ ਚੱਕਰ, ਸੂਰੀਆ ਚੱਕਰ, ਅਨਾਹਤ ਚੱਕਰ, ਵਿਸ਼ੁੱਧੀ ਚੱਕਰ, ਆਗਿਆ ਚੱਕਰ ਅਤੇ ਸਹਸਤਰਾਰ ਚੱਕਰ ਹੁੰਦੇ ਹਨ, ਇਨ੍ਹਾਂ ਨੂੰ ਜਾਗਿ੍ਰਤ ਕਰਨ ਲੈਣ ਨਾਲ ਮਨੁੱਖੀ ਜੀਵਨ ਪਰਮਾਤਮਾ ਦੀ ਤਰ੍ਹਾਂ ਸ਼ਕਤੀ ਸੰਪੰਨ ਬਣ ਜਾਂਦਾ ਹੈ। ਇਸੇ ਨਾਲ ਮਨੁੱਖੀ ਜੀਵਨ ਦਾ ਉਦੇਸ਼ ਪੂਰਨ ਹੁੰਦਾ ਹੈ। ਇਸ ਨਾਲ ਹੀ ‘ਮੈਂ’ ਨੂੰ ਜਾਣਨ ਦੇ ਸੱਚ ਦਾ ਸੁਪਨਾ ਸਾਕਾਰ ਹੁੰਦਾ ਹੈ।

-ਮੁਕੇਸ਼ ਰਿਸ਼ੀ।

Posted By: Jagjit Singh