ਅਸੀਂ ਸੁਣਦੇ ਆ ਰਹੇ ਹਾਂ ਕਿ ਜਦ ਵੀ ਨਾਂਹ-ਪੱਖੀ ਊਰਜਾ ਵਧੇਗੀ, ਉਦੋਂ ਇਸ ਨੂੰ ਖ਼ਤਮ ਕਰਨ ਲਈ ਰੱਬ ਅੱਗੇ ਸ਼ਕਤੀ ਲਈ ਬੇਨਤੀ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਵਿਚ ਇਸ ਦੀ ਪ੍ਰਸੰਗਿਕਤਾ ਵੱਧ ਹੈ। ਵਿਸ਼ਵ ਭਰ ਵਿਚ ਭ੍ਰਿਸ਼ਟਾਚਾਰ, ਅਨਿਆਂ, ਭੈਣਾਂ ਨਾਲ ਅੱਤਿਆਚਾਰ-ਦੁਰਾਚਾਰ ਆਦਿ ਹੋ ਰਿਹਾ ਹੈ, ਪਰਿਵਾਰ ਟੁੱਟ ਰਹੇ ਹਨ। ਨਾਂਹ-ਪੱਖੀ ਸੋਚ ਸਿਖ਼ਰ 'ਤੇ ਹੈ। ਜਦ ਵੀ ਬੁਰਾਈਆਂ-ਚੰਗਿਆਈਆਂ 'ਤੇ ਭਾਰੂ ਪੈਣ ਲੱਗਦੀਆਂ ਹਨ, ਉਦੋਂ ਦੈਵੀ ਸ਼ਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਬੁਰੀਆਂ ਸ਼ਕਤੀਆਂ ਦਾ ਅੰਤ ਕਰਨ ਲਈ। ਪ੍ਰਸ਼ਨ ਹੈ, ਦੈਵੀ ਸ਼ਕਤੀਆਂ ਕੀ ਹਨ ਅਤੇ ਉਨ੍ਹਾਂ ਨੂੰ ਬੇਨਤੀ ਕਿੱਦਾਂ ਕਰੀਏ? ਕਹਾਣੀਆਂ ਵਿਚ ਅਸੀਂ ਸੁਣਦੇ ਹਾਂ ਕਿ ਦੇਵਤਿਆਂ ਨੇ ਦਾਨਵਾਂ ਤੋਂ ਪਾਰ ਪਾਉਣ ਲਈ ਪਰਮ ਪਿਤਾ ਪਰਮਾਤਮਾ ਤੋਂ ਦਿੱਵਿਆ ਸ਼ਕਤੀਆਂ ਦੀ ਮੰਗ ਕੀਤੀ। ਸਵਾਲ ਇਹ ਹੈ ਕਿ ਦਾਨਵ ਅਤੇ ਦੇਵਤਾ ਵਿਅਕਤੀ ਵਿਸ਼ੇਸ਼ ਹਨ ਜਾਂ ਗੁਣਾਂ ਅਤੇ ਔਗੁਣਾਂ ਦੇ ਪ੍ਰਤੀਕ? ਜੇਕਰ ਇਕ ਕਲਾਕਾਰ ਨੂੰ ਕਿਹਾ ਜਾਵੇ ਕਿ ਉਹ ਕਰੋਧ 'ਤੇ ਜਿੱਤ ਹਾਸਲ ਕਰਨ ਦਾ ਚਿੱਤਰ ਬਣਾਏ ਤਾਂ ਉਸ ਨੂੰ ਕਰੋਧ ਦਾ ਇਕ ਪ੍ਰਤੀਕ ਬਣਾਉਣਾ ਪਵੇਗਾ, ਭਾਵੇਂ ਹੀ ਉਹ ਕਾਲਪਨਿਕ ਹੋਵੇ। ਉਸ ਵਿਕਾਰ ਜਾਂ ਨਾਂਹ-ਪੱਖੀ ਸ਼ਕਤੀ ਨੂੰ ਦਾਨਵੀ ਆਕ੍ਰਿਤੀ ਦੇਣੀ ਹੋਵੇਗੀ, ਦੂਜੇ ਪਾਸੇ ਹਾਂ-ਪੱਖੀ ਗੁਣਾਂ ਨੂੰ ਦੇਵਤਿਆਂ ਦੇ ਰੂਪ ਵਿਚ ਦਿਖਾਉਣਾ ਪਵੇਗਾ। ਚੰਗਿਆਈ ਦੀ ਦੇਵੀ ਨੂੰ ਬੁਰਾਈ ਰੂਪੀ ਦਾਨਵ 'ਤੇ ਜੇਤੂ ਦਿਖਾਉਣਾ ਹੋਵੇਗਾ। ਦੈਵੀ ਅਤੇ ਦਾਨਵ ਰੂਪੀ ਗੁਣ ਜਾਂ ਔਗੁਣ ਸਾਡੇ ਅੰਦਰ ਸੰਸਕਾਰ ਦੇ ਰੂਪ ਵਿਚ ਹਨ। ਦੇਵਤਿਆਂ ਦੇ ਸੰਸਕਾਰ ਪਵਿੱਤਰਤਾ, ਸ਼ਾਂਤੀ, ਪ੍ਰੇਮ, ਸੁੱਖ, ਆਨੰਦ ਆਦਿ ਸਾਡੇ ਅੰਦਰ ਹਨ ਅਤੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਆਦਿ ਦਾਨਵਾਂ ਦੇ ਬੁਰੇ ਸੰਸਕਾਰ ਵੀ ਸਾਡੇ ਅੰਦਰ ਹਨ। ਆਪਣੇ ਦੈਵੀ ਸੰਸਕਾਰਾਂ ਨੂੰ ਦਾਨਵੀ ਸੰਸਕਾਰਾਂ 'ਤੇ ਜਿੱਤ ਦਿਵਾਉਣ ਲਈ ਸ਼ਕਤੀਆਂ ਲਈ ਕਿੱਥੇ ਬੇਨਤੀ ਕਰਨੀ ਪਵੇਗੀ? ਆਪਣੇ ਅੰਦਰ ਹੀ ਨਾ! ਅਰਥਾਤ ਇਹ ਸਾਰੀ ਲੜਾਈ ਅੰਦਰ ਹੀ ਹੋ ਰਹੀ ਹੈ। ਜੇਕਰ ਅਸੀਂ ਕਿਸੇ ਨੂੰ ਕਰੋਧ ਨਾ ਕਰਨ ਲਈ ਕਹਿੰਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਦੇਵਤਿਆਂ ਨੇ ਵੀ ਤਾਂ ਕਰੋਧ ਕੀਤਾ ਸੀ। ਇਸ ਗੱਲ ਨੂੰ ਪੱਲੇ ਬੰਨ੍ਹ ਲਓ ਕਿ ਦੇਵਤਿਆਂ ਨੇ ਵੀ ਆਪਣੇ ਅੰਦਰ ਦੇ ਦਾਨਵਾਂ ਨੂੰ ਸਮਾਪਤ ਕੀਤਾ। ਉਨ੍ਹਾਂ ਨੇ ਆਪਣੇ ਅੰਦਰ ਦੇ ਦੈਵੀ ਸੰਸਕਾਰਾਂ ਨੂੰ ਜਗਾਇਆ। ਦਾਨਵੀ ਸ਼ਕਤੀਆਂ ਨੂੰ ਹਰਾਇਆ। ਤਾਂ ਹੀ ਤਾਂ ਉਹ ਦੇਵਤਾ ਕਹਾਏ।

-ਬ੍ਰਹਮਾਕੁਮਾਰੀ ਸ਼ਿਵਾਨੀ।

Posted By: Jagjit Singh