ਇਸ ਵਕਤ ਕੋਰੋਨਾ ਵਾਇਰਸ ਕਾਰਨ ਸਾਰਾ ਸੰਸਾਰ ਔਖੇ ਸਮੇਂ 'ਚੋਂ ਗੁਜ਼ਰ ਰਿਹਾ ਹੈ। ਉਂਜ ਲੋਕ ਪਹਿਲਾਂ ਵੀ ਤਰ੍ਹਾਂ-ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦੇ ਰੂਪ ਵਿਚ ਇਸ ਤਰ੍ਹਾਂ ਦੇ ਔਖੇ ਦੌਰ ਦੇਖ ਚੁੱਕੇ ਹਨ। ਫ਼ਰਕ ਸਿਰਫ਼ ਇਹ ਸੀ ਕਿ ਉਹ ਆਫ਼ਤਾਂ ਸੀਮਤ ਦਾਇਰੇ ਵਿਚ ਥੋੜ੍ਹੇ ਸਥਾਨਾਂ 'ਤੇ ਤਬਾਹੀ ਮਚਾਉਂਦੀਆਂ ਸਨ ਮਸਲਨ ਸੋਕੇ, ਹੜ੍ਹ, ਭੂਚਾਲ, ਮੀਂਹ, ਝੱਖੜ ਆਦਿ। ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਇਸ ਨੇ ਆਪਣੇ ਪੈਰ ਜ਼ਿਆਦਾਤਰ ਦੇਸ਼ਾਂ ਵਿਚ ਪਸਾਰ ਲਏ ਹਨ ਅਤੇ ਇਹ ਵੱਡੇ ਪੱਧਰ 'ਤੇ ਤਬਾਹੀ ਮਚਾ ਰਿਹਾ ਹੈ। ਵੱਡੇ-ਵੱਡੇ ਖੱਬੀ ਖ਼ਾਨ ਮੁਲਕ ਵੀ ਕੋਰੋਨਾ ਅੱਗੇ ਬੇਵੱਸ ਨਜ਼ਰ ਆ ਰਹੇ ਹਨ। ਮਨੁੱਖ ਦੀ ਫਿਤਰਤ ਹੀ ਸਵਾਰਥੀ ਹੈ। ਮੁਨਾਫ਼ੇ ਦੀ ਦੌੜ 'ਚ ਉਸ ਵੱਲੋਂ ਭੋਪਾਲ ਗੈਸ ਕਾਂਡ ਵਰਗੇ ਕਾਰੇ ਕਰਵਾ ਦਿੱਤੇ ਜਾਂਦੇ ਹਨ। ਚੌਧਰ ਕਾਇਮ ਰੱਖਣ ਲਈ ਹੀਰੋਸ਼ੀਮਾ ਤੇ ਨਾਗਾਸਾਕੀ 'ਤੇ ਐਟਮ ਬੰਬ ਸੁੱਟ ਕੇ ਲੱਖਾਂ ਲੋਕ ਮਰਵਾ ਦਿੱਤੇ ਗਏ ਸਨ। ਇਨ੍ਹਾਂ ਤ੍ਰਾਸਦੀਆਂ ਦੇ ਬਾਵਜੂਦ ਧਰਤੀ 'ਤੇ ਮਨੁੱਖੀ ਜੀਵਨ ਬਾਦਸਤੂਰ ਚੱਲਦਾ ਰਿਹਾ ਹੈ। ਹਕੀਕਤ ਇਹ ਵੀ ਹੈ ਕਿ ਕੁਦਰਤ ਧਰਤੀ 'ਤੇ ਸਮਤੋਲ ਬਣਾਈ ਰੱਖਣ ਲਈ ਕਦੇ ਆਪ ਅੱਗੇ ਆਉਂਦੀ ਹੈ ਅਤੇ ਕਦੇ ਮਨੁੱਖ ਤੋਂ ਗ਼ਲਤੀਆਂ ਕਰਵਾਉਂਦੀ ਹੈ। ਕੋਰੋਨਾ ਵਾਇਰਸ ਵੀ ਮਨੁੱਖੀ ਗ਼ਲਤੀ ਦਾ ਨਤੀਜਾ ਹੈ। ਇਸ ਪ੍ਰਤੀ ਅਣਗਹਿਲੀ ਮੌਤ ਨੂੰ ਮਾਸੀ ਆਖਣ ਵਾਂਗ ਹੈ। ਇਸ ਦੇ ਟਾਕਰੇ ਲਈ ਸਭ ਨੂੰ ਚੌਕਸੀ ਵਰਤਣੀ ਚਾਹੀਦੀ ਹੈ। ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਂਜ ਮਨੁੱਖ ਨੇ ਅੱਤ ਚੁੱਕੀ ਹੋਈ ਸੀ। ਧਰਤੀ 'ਤੇ ਮਨੁੱਖ ਨਹੀਂ ਸਗੋਂ ਹਿੰਦੂ, ਸਿੱਖ, ਈਸਾਈ ਤੇ ਮੁਸਲਮਾਨ ਰਹਿੰਦੇ ਸਨ ਜਾਂ ਫਿਰ ਸਿਆਸੀ ਪਾਰਟੀਆਂ ਵਾਲੇ। ਇਨਸਾਨੀਅਤ ਤਾਂ ਜਿਵੇਂ ਗਾਇਬ ਹੀ ਹੋ ਗਈ ਸੀ। ਹੁਣ ਕੋਰੋਨਾ ਕਾਰਨ ਮੌਤ ਸਿਰ 'ਤੇ ਮੰਡਰਾਉਂਦੀ ਦੇਖ ਕੇ ਮਨੁੱਖਤਾ ਦੀ ਗੱਲ ਹੋਣ ਲੱਗੀ ਹੈ। ਕੁਝ ਨੇਕ ਤੇ ਸਮਝਦਾਰ ਲੋਕ ਵੀ ਹਨ ਜਿਹੜੇ ਇਹ ਚਾਹੁੰਦੇ ਹਨ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਕੁਦਰਤ ਦੇ ਦਿੱਤੇ ਅਨਮੋਲ ਖ਼ਜ਼ਾਨੇ 'ਤੇ ਸਭ ਦਾ ਬਰਾਬਰ ਅਧਿਕਾਰ ਹੋਵੇ। ਹੁਣ ਸੰਕਟ ਦੀ ਘੜੀ ਵਿਚ ਮੁਨਾਫ਼ਾਖੋਰਾਂ, ਮਿਲਾਵਟਖੋਰਾਂ ਅਤੇ ਧਨ-ਕੁਬੇਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਜੋ ਧਨ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਇਕੱਠਾ ਕਰ ਰਹੇ ਹਨ ਕਿਤੇ ਤੁਹਾਡੇ 'ਤੇ ਉਲਟਾ ਅਸਰ ਨਾ ਕਰ ਜਾਵੇ। ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਔਖੀ ਘੜੀ ਵਿਚ ਇਨਸਾਨੀਅਤ ਦਾ ਪੱਲਾ ਹਰਗਿਜ਼ ਨਾ ਛੱਡੋ। ਜਿੰਨਾ ਹੋ ਸਕੇ, ਹੋਰਾਂ ਦੇ ਕੰਮ ਆਓ।

-ਸੁਖਮਿੰਦਰ ਬਾਗ਼ੀ।

ਸੰਪਰਕ : 94173-94805

Posted By: Jagjit Singh