'ਧੁਰ ਕੀ ਬਾਣੀ' ਸਰਵਣ ਕਰ ਕੇ ਰੂਹ ਨੂੰ ਬੇਹੱਦ ਸਕੂਨ ਮਿਲਦਾ ਹੈ। ਗੁਰਬਾਣੀ ਰੂਹਾਨੀਅਤ ਦਾ ਅਜਿਹਾ ਮਹਾਸਾਗਰ ਹੈ ਜਿਸ ਵਿਚ ਟੁੱਭੀਆਂ ਲਾ ਕੇ ਜੀਵਨ ਸਫ਼ਲਾ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਮਨੁੱਖਤਾ ਦੇ ਗੁਰੂ ਹਨ ਅਤੇ ਉਨ੍ਹਾਂ ਦੇ 550ਵੇਂ ਜਨਮ ਦਿਹਾੜੇ 'ਤੇ ਉਨ੍ਹਾਂ ਦੇ ਗੁਰਬਾਣੀ ਸੰਦੇਸ਼ ਨੂੰ ਹਰ ਪ੍ਰਾਣੀ ਮਾਤਰ ਤਕ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਅਤੇ ਹੋਰ ਸਾਰੇ ਵੱਡੇ ਗੁਰਦੁਆਰਿਆਂ 'ਚ ਸਹਿਜ ਪਾਠ ਆਰੰਭ ਕੀਤੇ ਜਾਣ ਅਤੇ ਸਹੀ ਅਰਥਾਂ ਸਹਿਤ ਪੜ੍ਹ ਕੇ ਉਨ੍ਹਾਂ ਦਾ ਭੋਗ ਪਾਇਆ ਜਾਵੇ। ਸੰਨ 1999 ਤੋਂ 2006 ਤਕ 6-7 ਸ਼ਤਾਬਦੀਆਂ ਮਨਾਉਣ ਸਮੇਂ ਰਾਜਨੀਤਕ ਅਤੇ ਧਾਰਮਿਕ ਆਗੂ ਮਹਿਜ਼ ਸਿਆਸੀ ਸ਼ੋਹਰਤਬਾਜ਼ੀ ਲਈ ਘੜਮਸ ਮਚਾਉਂਦੇ ਰਹੇ ਜੋ ਬੇਹੱਦ ਅਫ਼ਸੋਸਨਾਕ ਵਰਤਾਰਾ ਹੈ। ਇਸ ਕਾਰਨ ਸਿੱਖ ਮਤ ਦੇ ਫ਼ਲਸਫ਼ੇ ਅਤੇ ਸ਼ਾਨਾਂਮੱਤੇ ਇਤਿਹਾਸ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਦਾ ਅਸਲ ਮਨੋਰਥ ਕਿਤੇ ਬਹੁਤ ਪਿੱਛੇ ਰਹਿ ਜਾਂਦਾ ਹੈ ਅਤੇ ਕੌਮ ਦਾ ਕਰੋੜਾਂ ਰੁਪਏ ਦਾ ਸਰਮਾਇਆ ਅਜਾਈਂ ਚਲਾ ਜਾਂਦਾ ਹੈ। ਇਸ ਪੱਖੋਂ ਹੁਣ ਤਕ ਸ਼੍ਰੋਮਣੀ ਕਮੇਟੀ ਤੇ ਸਰਕਾਰਾਂ ਪਹਿਲਾਂ ਮਨਾਈਆਂ ਜਾ ਚੁੱਕੀਆਂ ਸ਼ਤਾਬਦੀਆਂ 'ਤੇ ਕਰੋੜਾਂ-ਅਰਬਾਂ ਰੁਪਏ ਖ਼ਰਚ ਚੁੱਕੀਆਂ ਹਨ ਪਰ ਅਧਿਆਤਮਕ, ਨੈਤਿਕ ਤੇ ਬੌਧਿਕ ਤੌਰ 'ਤੇ ਕੌਮ ਜਾਂ ਸਮਾਜ ਦਾ ਕੋਈ ਬਹੁਤਾ ਭਲਾ ਨਹੀਂ ਹੋਇਆ।ਸਗੋਂ ਬਾਦਲ ਸਾਹਿਬ ਵਰਗੇ ਸਾਡੇ ਪੰਥਕ ਆਗੂ ਖ਼ੁਦ ਵੀ ਮੰਨਦੇ ਹਨ ਕਿ ਹਾਲੇ ਤਕ 99 ਫ਼ੀਸਦੀ ਲੋਕਾਂ ਨੂੰ ਗੁਰਬਾਣੀ ਦਾ ਠੀਕ ਗਿਆਨ ਹੀ ਨਹੀਂ ਹੈ। ਸਾਡੇ ਲਈ ਗੁਰਬਾਣੀ ਜਾਗਤ ਜੋਤ ਹੈ ਅਤੇ ਇਸ ਦਾ ਅਰਥਾਂ ਸਮੇਤ ਅਸਲ ਸੰਦੇਸ਼ ਘਰ-ਘਰ ਪਹੁੰਚਣਾ ਚਾਹੀਦਾ ਹੈ। ਅਜੋਕੀ ਦੁਨੀਆ ਬਾਬਾ ਨਾਨਕ ਅਤੇ ਸਿੱਖ ਮਤ ਦੇ ਫ਼ਲਸਫ਼ੇ ਨੂੰ ਜਾਣਨ ਅਤੇ ਸਮਝਣ ਦੀ ਬੜੀ ਇੱਛੁਕ ਹੈ।।ਬੇਸ਼ੱਕ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਅਤੇ ਹੋਰ ਸੰਸਥਾਵਾਂ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿਚ ਕਰੋੜਾਂ ਅਖੰਡ ਪਾਠ ਸਾਹਿਬ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਾਧਾਰਨ ਸਿੱਖ ਤਾਂ ਕੀ ਸਗੋਂ ਪੜ੍ਹੇ -ਲਿਖੇ ਲੋਕ ਵੀ ਕੋਈ ਬਹੁਤ ਲਾਹਾ ਨਹੀਂ ਲੈ ਸਕੇ। ਇਸ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਵੱਡੀਆਂ-ਛੋਟੀਆਂ ਸਿੱਖ ਸੰਸਥਾਵਾਂ ਅਤੇ ਹੋਰਨਾਂ ਸਿੱਖ ਸੰਪਰਦਾਵਾਂ ਨੂੰ ਚਾਹੀਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਅਰਥਾਂ ਸਹਿਤ ਸਹਿਜ ਪਾਠ ਆਰੰਭ ਕੀਤੇ ਜਾਣ ਅਤੇ ਉਨ੍ਹਾਂ ਦਾ ਟੀਵੀ ਚੈਨਲਾਂ, ਸੋਸ਼ਲ ਮੀਡੀਏ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਜਾਵੇ।ਤਾਂ ਜੋ ਗੁਰੂ ਸਾਹਿਬਾਨ ਦਾ ਸੁਨੇਹਾ ਆਮ ਲੋਕਾਈ ਤਕ ਪਹੁੰਚ ਸਕੇ।।

-ਕੁਲਬੀਰ ਸਿੰਘ ਸਿੱਧੂ। ਸੰਪਰਕ : 98140-32009।

Posted By: Sukhdev Singh