ਨਿਰਲੇਪਤਾ ਦਾ ਅਰਥ ਹੈ ਲਗਾਅ ਦੇ ਭਾਵ ਦਾ ਦਿਲੋ-ਦਿਮਾਗ ਤੋਂ ਦੂਰ ਹੋ ਜਾਣਾ। ਆਮ ਤੌਰ ’ਤੇ ਮੋਹ ਅਤੇ ਤਮਾਮ ਬੰਧਨਾਂ ਨਾਲ ਯੁਕਤ ਇਸ ਸੰਸਾਰ ਵਿਚ ਰਹਿ ਕੇ ਆਪਣੇ ਅੰਤਰ-ਮਨ ਵਿਚ ਨਿਰਲੇਪਤਾ ਦਾ ਭਾਵ ਜਗਾਉਣਾ ਇਕ ਔਖੀ ਸਾਧਨਾ ਵਾਂਗ ਹੈ। ਗੀਤਾ ਵਿਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਪ੍ਰਸੰਨਤਾ ਅਤੇ ਦੁੱਖ, ਦੋਵਾਂ ਹੀ ਹਾਲਤਾਂ ਵਿਚ ਇਕਸਮਾਨ ਪ੍ਰਤੀਕਰਮ ਦਿੰਦਾ ਹੈ, ਉਹੀ ਸੱਚਾ ਆਤਮ-ਗਿਆਨੀ ਹੈ। ਨਿਰਲੇਪਤਾ ਦਾ ਅਰਥ ਇਹ ਹਰਗਿਜ਼ ਨਹੀਂ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਭੱਜ ਕੇ ਸੰਸਾਰ ਪ੍ਰਤੀ ਉਦਾਸੀਨ ਹੋ ਜਾਈਏ। ਪਰਮਾਤਮਾ ਨੇ ਸਾਨੂੰ ਇਸ ਸੰਸਾਰ ਵਿਚ ਕੁਝ ਨਿਸ਼ਚਿਤ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਹੀ ਭੇਜਿਆ ਹੈ ਅਤੇ ਉਨ੍ਹਾਂ ਤੋਂ ਦੂਰ ਭੱਜ ਕੇ ਅਸੀਂ ਕਿਤੇ ਨਾ ਕਿਤੇ ਈਸ਼ਵਰ ਦਾ ਹੀ ਅਪਮਾਨ ਕਰਾਂਗੇ। ਨਿਰਲੇਪਤਾ ਦਾ ਅਰਥ ਇਹੀ ਹੈ ਕਿ ਜੀਵਨ ਵਿਚ ਜਿਹੋ ਜਿਹੇ ਵੀ ਹਾਲਾਤ ਬਣ ਜਾਣ, ਸਾਨੂੰ ਆਪਣੇ ਅੰਤਰ-ਮਨ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ। ਹਰੇਕ ਹਾਲਤ ਵਿਚ ਸਾਨੂੰ ਖ਼ੁਦ ਨੂੰ ਪਰੇਸ਼ਾਨ ਤੇ ਦੁਖੀ ਹੋਣ ਤੋਂ ਬਚਾਉਣਾ ਚਾਹੀਦਾ ਹੈ। ਇਹ ਉਦੋਂ ਹੀ ਸੰਭਵ ਹੈ ਜਦ ਅਸੀਂ ਸਿਰਫ਼ ਕਰਮ ਕਰਨ ਵਿਚ ਦਿਲਚਸਪੀ ਰੱਖੀਏ ਅਤੇ ਕਰਮ ਦੇ ਫ਼ਲ ਵੱਲੋਂ ਆਪਣਾ ਧਿਆਨ ਬਿਲਕੁਲ ਹਟਾ ਲਈਏ। ਜਦ ਤਕ ਅਸੀਂ ਕਰਮ ਦੇ ਫ਼ਲ ’ਤੇ ਨਜ਼ਰ ਟਿਕਾਈ ਰੱਖਾਂਗੇ, ਉਦੋਂ ਤਕ ਖ਼ੁਸ਼ੀ ਅਤੇ ਉਦਾਸੀ ਵਾਲੇ ਭਾਵ ਸਾਨੂੰ ਘੇਰੀ ਰੱਖਣਗੇ। ਅਜਿਹੀ ਹਾਲਤ ਵਿਚ ਅਸੀਂ ਮੋਹ-ਮਾਇਆ ਅਤੇ ਵਿਸ਼ਿਆਂ-ਵਿਕਾਰਾਂ ਪ੍ਰਤੀ ਨਿਰਲੇਪ ਨਹੀਂ ਹੋ ਸਕਦੇ। ਸ਼ਖ਼ਸੀਅਤ ਵਿਚ ਨਿਰਲੇਪਤਾ ਦਾ ਰਲੇਵਾਂ ਉਦੋਂ ਹੀ ਸੰਭਵ ਹੈ ਜਦ ਅਸੀਂ ਕਾਮਨਾਵਾਂ ਦੇ ਸਾਗਰ ’ਚੋਂ ਖ਼ੁਦ ਨੂੰ ਬਾਹਰ ਕੱਢ ਕੇ ਆਤਮ-ਸੰਤੁਸ਼ਟੀ ਵਰਗੀ ਢਾਲ ਨਾਲ ਆਪਣੇ ਮਨ ਦੀ ਰਾਖੀ ਨਹੀਂ ਕਰਾਂਗੇ। ਜਦ ਜੀਵਨ ਦੇ ਹਰੇਕ ਹਾਲਾਤ ਵਿਚ ਵੱਖ-ਵੱਖ ਤਰ੍ਹਾਂ ਦੇ ਭਾਵ ਸੰਤੁਲਿਤ ਰੂਪ ਨਾਲ ਸਾਡੇ ਮਨ ਵਿਚ ਮੌਜੂਦ ਰਹਿਣ ਉਦੋਂ ਇਹ ਕਿਹਾ ਜਾ ਸਕਦਾ ਹੈ ਕਿ ਸਾਡੇ ਅੰਦਰ ਨਿਰਲੇਪਤਾ ਦਾ ਭਾਵ ਜਾਗਿ੍ਰਤ ਹੋ ਗਿਆ ਹੈ। ਇਕ ਵਾਰ ਅਜਿਹਾ ਹੋ ਜਾਣ ’ਤੇ ਸ਼ਖ਼ਸੀਅਤ ਪੂਰੀ ਤਰ੍ਹਾਂ ਨਿਖਰ ਜਾਂਦੀ ਹੈ। ਅਸੀਂ ਸੁੱਖ-ਦੁੱਖ, ਲਾਭ-ਹਾਨੀ, ਇੱਜ਼ਤ-ਬੇਇੱਜ਼ਤੀ, ਹਾਰ-ਜਿੱਤ ਅਤੇ ਉੱਥਾਨ-ਪਤਨ ਵਰਗੇ ਵਿਸ਼ਿਆਂ ਤੋਂ ਬਹੁਤ ਉੱਪਰ ਉੱਠ ਜਾਂਦੇ ਹਾਂ। ਦੁਨਿਆਵੀ ਕਸ਼ਟ ਤਾਂ ਸਾਡੇ ਕੋਲੋਂ ਕੋਹਾਂ ਦੂਰ ਚਲੇ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿਚ ਕਹੀਏ ਤਾਂ ਨਿਰਲੇਪਤਾ ਹੀ ਪਰਮ ਆਨੰਦ ਦੀ ਪ੍ਰਾਪਤੀ ਦੀ ਕੁੰਜੀ ਹੈ।

-ਸ਼ਿਸ਼ਿਰ ਸ਼ੁਕਲਾ।

Posted By: Jagjit Singh