-ਰਾਜਨਦੀਪ ਕੌਰ ਮਾਨ।


ਜ਼ਿੰਦਗੀ 'ਚ ਚੰਗੇ-ਬੁਰੇ ਦੌਰ ਆਉਂਦੇ-ਜਾਂਦੇ ਰਹਿੰਦੇ ਹਨ। ਇਨਸਾਨ ਨੂੰ ਹਜ਼ਾਰਾਂ ਮੁਸ਼ਕਲਾਂ, ਮੁਸੀਬਤਾਂ ਦਾ ਸਾਹਮਣਾ ਤਾਉਮਰ ਕਰਨਾ ਹੀ ਪੈਂਦਾ ਹੈ। ਸਾਨੂੰ ਸਭ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਦੋਂ ਸਾਡੇ ਚੰਗੇ ਦਿਨ ਹੁੰਦੇ ਹਨ ਤਾਂ ਬਹੁਤ ਸਾਰੇ ਰਿਸ਼ਤੇਦਾਰ ਅਤੇ ਦੋਸਤ ਸਾਡੇ ਆਸ-ਪਾਸ ਮੰਡਰਾਉਂਦੇ ਰਹਿੰਦੇ ਹਨ।

ਹਰ ਕੋਈ ਸਾਡਾ ਹਾਲ-ਚਾਲ ਪੁੱਛਦਾ ਰਹਿੰਦਾ ਹੈ। ਫੋਨ ਵੀ ਆਉਂਦੇ ਰਹਿੰਦੇ ਹਨ ਪਰ ਜਿਵੇਂ ਹੀ ਸਾਡਾ ਬੁਰਾ ਵਕਤ ਸ਼ੁਰੂ ਹੁੰਦਾ ਹੈ ਤਾਂ ਜ਼ਿਆਦਾਤਰ ਰਿਸ਼ਤੇ-ਨਾਤੇ ਮੂੰਹ ਫੇਰ ਲੈਂਦੇ ਹਨ। ਭਾਵੇਂ ਉਹ ਸਾਡੇ ਬਹੁਤ ਨਜ਼ਦੀਕੀ ਅਤੇ ਖ਼ੂਨ ਦੇ ਰਿਸ਼ਤੇ ਹੀ ਹੋਣ, ਇਕਦਮ ਗ਼ਾਇਬ ਹੋਣ ਲੱਗਦੇ ਹਨ। ਕਈ ਤਾਂ ਤੁਹਾਨੂੰ ਟੁੱਟਦੇ ਦੇਖ ਕੇ ਖ਼ੁਸ਼ ਵੀ ਹੁੰਦੇ ਹਨ ਜਿਵੇਂ ਉਹ ਸਿਰਫ਼ ਇਸ ਦਿਨ ਦੀ ਹੀ ਉਡੀਕ ਕਰ ਰਹੇ ਹੋਣ। ਇਸ ਵਰਤਾਰੇ ਤੋਂ ਇਹ ਗੱਲ ਪਤਾ ਲੱਗ ਜਾਂਦੀ ਹੈ ਕਿ ਉਨ੍ਹਾਂ ਦੇ ਮਨ ਵਿਚ ਤੁਹਾਡੇ ਲਈ ਕਿੰਨੀ ਈਰਖਾ ਸੀ। ਦੇਖਿਆ ਜਾਵੇ ਤਾਂ ਬੁਰੇ ਵਕਤ ਦਾ ਫ਼ਾਇਦਾ ਵੀ ਬਹੁਤ ਹੁੰਦਾ ਹੈ।

ਜੋ ਲੋਕ ਉੱਪਰੋਂ-ਉੱਪਰੋਂ ਤੁਹਾਡੇ ਆਪਣੇ ਹੋਣ ਦਾ ਦਿਖਾਵਾ ਕਰਦੇ ਰਹਿੰਦੇ ਸਨ, ਤੁਹਾਨੂੰ ਉਨ੍ਹਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਸਮਝਦਾਰ ਵਿਅਕਤੀ ਇਸ ਤਰ੍ਹਾਂ ਦੇ ਲੋਕਾਂ ਕੋਲੋਂ ਹਮੇਸ਼ਾ ਲਈ ਕਿਨਾਰਾ ਕਰ ਲੈਂਦੇ ਹਨ ਪਰ ਕਈ ਭੋਲੇ-ਭਾਲੇ ਵਿਅਕਤੀ ਵਾਰ-ਵਾਰ ਅਜਿਹੇ ਲੋਕਾਂ 'ਤੇ ਯਕੀਨ ਕਰ ਕੇ ਠੱਗੀਆਂ-ਠੋਰੀਆਂ ਦਾ ਸ਼ਿਕਾਰ ਬਣਦੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਮੁਸੀਬਤ ਸਮੇਂ ਫੋਨ ਵੀ ਕੀਤਾ ਜਾਵੇ ਤਾਂ ਉਹ ਫੋਨ ਨਹੀਂ ਚੁੱਕਦੇ ਜਾਂ ਫਿਰ ਕਿਧਰੇ ਦੂਰ ਗਏ ਹੋਣ ਦਾ ਬਹਾਨਾ ਬਣਾ ਦਿੰਦੇ ਹਨ। ਰਿਸ਼ਤਿਆਂ ਦੀ ਕਸਵੱਟੀ 'ਤੇ ਕੋਈ ਵਿਰਲਾ ਹੀ ਖ਼ਰਾ ਉਤਰਦਾ ਹੈ।

ਕਹਿਣ ਨੂੰ ਤਾਂ ਇਨਸਾਨ ਦੇ ਆਲੇ-ਦੁਆਲੇ ਹਜ਼ਾਰਾਂ ਲੋਕ ਰਹਿੰਦੇ ਹਨ ਪਰ ਜੋ ਹਕੀਕੀ ਤੌਰ 'ਤੇ ਉਸ ਦੇ ਆਪਣੇ ਹੁੰਦੇ ਹਨ, ਉਨ੍ਹਾਂ ਬਾਰੇ ਪਤਾ ਔਖੀ ਘੜੀ 'ਚ ਲੱਗਦਾ ਹੈ। ਕਈ ਵਾਰ ਕੋਈ ਬੇਗਾਨਾ ਤੁਹਾਡੀ ਬੇੜੀ ਪਾਰ ਲੰਘਾ ਦਿੰਦਾ ਹੈ। ਉਹ ਤੁਹਾਡੇ ਲਈ ਖ਼ੂਨ ਦੇ ਰਿਸ਼ਤਿਆਂ ਜਾਂ ਰਿਸ਼ਤੇਦਾਰਾਂ ਨਾਲੋਂ ਵੱਧ ਅਹਿਮ ਬਣ ਜਾਂਦਾ ਹੈ। ਜੇ ਤੁਹਾਡੇ ਆਲੇ-ਦੁਆਲੇ ਸਵਾਰਥੀ ਰਿਸ਼ਤਿਆਂ ਦਾ ਘੇਰਾ ਹੈ ਤਾਂ ਫਿਰ ਰੱਬ ਹੀ ਰਾਖਾ ਹੈ। ਸਵਾਰਥੀ ਰਿਸ਼ਤਿਆਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਪੈਸੇ-ਧੇਲੇ ਖ਼ਾਤਰ ਹੀ ਤੁਹਾਡੀ ਯਾਦ ਆਉਂਦੀ ਹੈ। ਅਜਿਹੇ ਲੋਕਾਂ ਦਾ ਇੱਕੋ-ਇਕ ਇਲਾਜ ਹੈ ਕਿ ਉਨ੍ਹਾਂ ਕੋਲੋਂ ਦੂਰ ਹੋ ਜਾਓ। ਉਨ੍ਹਾਂ ਦਾ ਮੂੰਹ ਨਾ ਦੇਖੋ। ਇਸੇ 'ਚ ਤੁਹਾਡੀ ਭਲਾਈ ਹੈ। ਇਹ ਗੱਲ ਤੁਸੀਂ ਜਿੰਨੀ ਜਲਦੀ ਸਮਝ ਜਾਓਗੇ, ਓਨਾ ਹੀ ਚੰਗਾ ਹੈ।

Posted By: Sunil Thapa